




Total views : 161406






Total views : 161406ਥਾਣਾ ਮੁਖੀ ਆਪੋ ਆਪਣੇ ਹਲਕੇ ਵਿੱਚ ਅੱਗ ਨੂੰ ਰੋਕਣ ਲਈ ਗਸ਼ਤ ਕਰਨ ਲੱਗੇ
ਅੰਮ੍ਰਿਤਸਰ, 18 ਸਤੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਡਿਪਟੀ ਕਮਿਸ਼ਨਰ ਅੰਮਿ੍ਤਸਰ ਮੈਡਮ ਸ਼ਾਕਸ਼ੀ ਸਾਹਨੀ ਨੇ ਜਿਲੇ ਵਿਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਵਾਤਾਵਰਣ ਅਤੇ ਮਿੱਟੀ ਦੀ ਸੰਭਾਲ ਲਈ ਇਸ ਗੈਰ ਕੁਦਰਤੀ ਵਰਤਾਰੇ ਨੂੰ ਸਖਤੀ ਨਾਲ ਨੱਥ ਪਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਲੇ ਦੇ ਐਸ ਡੀ ਐਮਜ਼ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਉਨ੍ਹਾਂ ਕਿਹਾ ਕਿ ਹਰੇਕ ਐਸ ਡੀ ਐਮ ਆਪਣੇ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਟੀਮ ਦਾ ਆਗੂ ਬਣ ਕੇ ਕੰਮ ਕਰੇ। ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਪੱਧਰ ਉਤੇ ਨੋਡਲ ਅਫਸਰ ਲੱਗ ਚੁੱਕੇ ਹਨ ਅਤੇ ਉਪਗ੍ਰਹਿ ਤੋਂ ਵੀ ਅੱਗ ਲੱਗਣ ਦੀ ਸੂਚਨਾ ਮਿਲ ਰਹੀ ਹੈ, ਸੋ ਜਿਸ ਵੀ ਖੇਤ ਵਿੱਚ ਪਰਾਲੀ ਸਾੜਨ ਦੀ ਸੂਚਨਾ ਮਿਲੇ, ਸਬੰਧਤ ਨੋਡਲ ਅਧਿਕਾਰੀ ਮੌਕੇ ਉਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰੇ ਅਤੇ ਸਬੰਧਤ ਕਿਸਾਨ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਮਾਲ ਵਿਭਾਗ ਦੇ ਹੋਰ ਅਧਿਕਾਰੀ, ਖੇਤੀਬਾੜੀ ਵਿਭਾਗਾਂ ਨੂੰ ਵੀ ਇਸ ਕੰਮ ਲਈ ਦਿਨ ਰਾਤ ਸਰਗਰਮ ਰਹਿਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅੱਗ ਦੇ ਕੇਸਾਂ ਉਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕੀਤੀ ਜਾ ਰਹੀ ਕੁਦਰਤ ਦੀ ਬਰਬਾਦੀ ਆਉਣ ਵਾਲੇ ਵੱਡੇ ਸੰਕਟ ਦਾ ਸੰਕੇਤ ਹਨ, ਜਿਸਨੂੰ ਰੋਕਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਜ੍ਹਿਲ੍ਹਾਂ ਮਾਲ ਅਧਿਕਾਰੀ ਸ: ਨਵਕਿਰਤ ਸਿੰਘ ਨੂੰ ਕਿਹਾ ਕਿ ਜ਼ਿੰਨ੍ਹਾਂ ਥਾਵਾਂ ਤੇ ਕਿਸਾਨਾਂ ਵਲੋ ਅੱਗ ਲਗਾਈ ਜਾਂਦੀ ਹੈ ਦਾ ਲਾਲ ਇੰਦਰਾਜ ਦਰ਼ਜ ਕੀਤਾ ਜਾਵੇ ਅਤੇ ਉਨਾ ਵਿਰੁੱਧ ਐਫ ਆਈ ਆਰ ਵੀ ਦਰ਼ਜ ਕਰਵਾਈ ਜਾਵੇ ਅਤੇ ਜੁਰਮਾਨੇ ਵੀ ਲਗਾਏ ਜਾਣ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਅਧੀਨ ਪੈਦੇ ਇਲਾਕਿਆਂ ਵਿਚ ਲਗਾਤਾਰ ਪਟਰੋਲਿੰਗ ਕਰਨ ਅਤੇ ਜਿੰਨ੍ਹਾਂ ਪਿੰਡਾਂ ਵਿਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ ਹਨ ਉਨ੍ਹਾਂ ਪਿੰਡਾਂ ਦੇ ਨੰਬਰਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਸਰਕਾਰੀ ਸੇਵਾ ਵਿੱਚ ਲੱਗੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਜੇਕਰ ਉਹਨਾਂ ਦੇ ਖੇਤਾਂ ਵਿੱਚ ਅੱਗ ਲੱਗੀ ਤਾਂ ਇਸ ਲਈ ਉਹਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
ਐਕਸੀਅਨ ਪ੍ਰਦੂਸ਼ਣ ਬੋਰਡ ਸ਼੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਵਿਚ 9 ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੂਚਨਾ ਮਿਲੀ ਸੀ, ਜਿਸ ਦੀ ਸੂਚਨਾ ਮਿਲਣ ਤੇ ਤੁਰੰਤ ਘਟਨਾਵਾਂ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਗਿਆ ਅਤੇ 6 ਥਾਵਾਂ ਤੇ ਅੱਗ ਲੱਗਣ ਦੀ ਕੋਈ ਵੀ ਘਟਨਾ ਸਾਮਣੇ ਨਹੀ ਆਈ। ਉਨ੍ਹਾਂ ਦੱਸਿਆ ਕਿ 3 ਕੇਸਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ,ਜਿੰਨ੍ਹਾਂ ਵਿਚੋ ਇਕ ਕੇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਬੰਧਤ ਕਿਸਾਨ ਨੂੰ 2500 ਰੁ ਜੁਰਮਾਨਾ ਲਗਾਇਆ ਗਿਆ ਹੈ ਅਤੇ ਬਾਕੀ ਕੇਸਾਂ ਤੇ ਕਾਰਵਾਈ ਚੱਲ ਰਹੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਪਰਾਲੀ ਸਾੜਨ ਦੀ ਥਾਂ ਸੰਭਾਲਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡ ਪਿੰਡ ਅਜਿਹੀ ਮਸ਼ੀਨਰੀ ਦਾ ਪ੍ਬੰਧ ਕੀਤਾ ਹੈ, ਜੋ ਕਿ ਪਰਾਲੀ ਨੂੰ ਸਾੜਨ ਬਗੈਰ ਅਗਲੀ ਫਸਲ ਲਈ ਖੇਤ ਤਿਆਰ ਕਰ ਸਕਦੀ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਕਿਸਾਨ ਨੂੰ ਅਜਿਹੀ ਮਸ਼ੀਨਰੀ ਲੈਣ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰ ਸਕਦਾ ਹੈ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਮੈਡਮ ਜੋਤੀ ਬਾਲਾ, ਐਸ ਡੀ ਐਮ ਅੰਮ੍ਰਿਤਸਰ -1 ਸ: ਮਨਕੰਵਲ ਸਿੰਘ ਚਾਹਲ, ਐਸ ਡੀ ਐਮ ਅੰਮ੍ਰਿਤਸਰ-2 ਸ਼੍ਰੀ ਲਾਲ ਵਿਸ਼ਵਾਸ, ਐਸ ਡੀ ਐਮ ਲੋਪੋਕੇ ਮੈਡਮ ਅਮਨਦੀਪ ਕੌਰ,ਜ਼ਿਲਾ ਮੰਡੀ ਅਫਸਰ ਸ: ਅਮਨਦੀਪ ਸਿੰਘ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।
—
ਕੈਪਸ਼ਨ: ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।







