ਐਸ.ਡੀ.ਐਮ ਖੁਦ ਅੱਗ ਲੱਗਣ ਵਾਲੇ ਖੇਤਾਂ ਤੱਕ ਪਹੁੰਚਣ-ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
035629
Total views : 131883

ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨਾ ਪਾਉਣ ਦੀਆਂ ਹਦਾਇਤਾਂ

ਅੱਗ ਲਗਾਉਣ ਵਾਲੇ 3 ਕਿਸਾਨਾਂ ਨੂੰ 7500 ਰੁਪਏ ਕੀਤਾ ਜੁਰਮਾਨਾ
ਅੰਮਿ੍ਤਸਰ, 19 ਸਤੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਤੇ ਇਸ ਦੇ ਨਿਪਟਾਰੇ ਦੇ ਮੱਦੇਨਜ਼ਰ ਪਿੰਡ ਦੇ ਪੰਚਾਂ, ਸਰਪੰਚਾਂ, ਨੰਬਰਦਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਲਿਆ ਜਾਵੇ। ਉਕਤ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੇ ਮੱਦੇਨਜ਼ਰ ਐਸ ਡੀ ਐਮਜ਼ ਤੋਂ ਲੈ ਕੇ ਕਲਾਸਟਰ ਪੱਧਰ ਦੇ ਅਫ਼ਸਰਾਂ ਨੂੰ ਕਰਦੇ ਕਿਹਾ ਕਿ ਐਸ ਡੀ ਐਮਜ ਸਮੇਤ ਸਾਰੇ ਅਧਿਕਾਰੀ ਛੁੱਟੀਆਂ ਦੇ ਬਾਵਜੂਦ ਖੇਤਾਂ ਵਿੱਚ ਸਰਗਰਮ ਰਹਿਣ ਅਤੇ ਇਸ ਮੌਕੇ ਅੱਗ ਬੁਝਾਊ ਗੱਡੀਆਂ ਸਮੇਤ ਸਾਰਾ ਅਮਲਾ ਨਾਲ ਹੋਵੇ। ਇਸ ਤੋਂ ਇਲਾਵਾ ਹਰੇਕ ਟੀਮ ਨਾਲ ਪੁਲਿਸ ਦੇ ਮੈਂਬਰ ਵੀ ਹੋਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿੱਚ 15 ਥਾਂਵਾਂ ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ ਅਤੇ ਸਬੰਧਤ ਐਸ:ਡੀ:ਐਮ ਵੱਲੋਂ ਇੰਨਾਂ ਦਾ ਨਰੀਖਣ ਕੀਤਾ ਗਿਆ ਜਿਸ ਵਿੱਚੋਂ ਤਿੰਨ ਥਾਂਵਾਂ ਤੇ ਅੱਗ ਲੱਗੀ ਪਾਈ ਗਈ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ 7500 ਰੁਪਏ ਜੁਰਮਾਨਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ -2 ਵਿੱਚ ਇਕ ਕਿਸਾਨ ਨੂੰ 2500 ਰੁਪਏ ਅਤੇ ਸਬ ਡਵੀਜਨ ਮਜੀਠਾ ਵਿਖੇ ਦੋ ਕਿਸਾਨਾਂ ਨੂੰ 5000 ਰੁਪਏ ਜੁਰਮਾਨੇ ਵਜੋਂ ਪਾਏ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਸਬ ਡਵੀਜਨ ਅੰਮ੍ਰਿਤਸਰ -1, ਲੋਪੋਕੇ, ਅਜਨਾਲਾ ਵਿਖੇ 1-1 ਥਾਂ ਤੇ, ਸਬ ਡਵੀਜਨ ਅੰਮ੍ਰਿਤਸਰ -2 ਵਿਖੇ 8 ਥਾਂਵਾ ਤੇ ਅਤੇ ਮਜੀਠਾ ਵਿਖੇ 4 ਥਾਂਵਾਂ ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੇ ਤੁਰੰਤ ਸਾਡੀਆਂ ਟੀਮਾਂ ਵੱਲੋਂ ਜਾ ਕੇ ਚੈਕਿੰਗ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਮੈਡਮ ਸਾਹਨੀ ਨੇ ਕਲੱਸਟਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਰਾਲੀ ਪ੍ਰਬੰਧਨ ਸਬੰਧੀ ਲਗਾਤਾਰ ਫੀਲਡ ਵਿੱਚ ਰਹਿ ਕੇ ਪਰਾਲੀ ਸਾੜਨ ਦੇ ਕਾਰਨ ਹੋਣ ਵਾਲੇ ਦੁਰਪ੍ਰਭਾਵਾਂ ਬਾਰੇ ਜਾਣੂ ਵੀ ਕਰਵਾਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਪਰਾਲੀ ਦੇ ਨਾਲ-ਨਾਲ ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਗਾਉਣ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਸਮਾਰਟ ਸੀਡਰ, ਜ਼ੀਰੋ ਟਿੱਲ ਡਰਿੱਲ, ਸਰਫੇਸ ਸੀਡਰ, ਸੁਪਰ ਸੀਡਰ, ਕਟੌਪ ਰੀਪਰ ਟਰੈਕਟਰ ਮਾਊਂਟਿਡ, ਸ਼ਰੱਬ ਮਾਸਟਰ/ਰੋਟਰੀ ਸ਼ੈਲਟਰ, ਰਿਵਰਸੀਬਲ ਐਮ.ਬੀ. ਪਲੌਅ, ਕਟੌਪ ਰੀਪਰ ਸੈਲਫ-ਪ੍ਰੋਪੈਲਡ, ਰੀਪਰ-ਕਮ-ਬਾਇੰਡਰ, ਸਟਰਾਅ ਰੇਕ ਅਤੇ ਬੇਲਰ ਆਦਿ ਦੀ ਵਰਤੋਂ ਕਰਦਿਆਂ ਪਰਾਲੀ ਦਾ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਣ ਕਾਰਨ ਜੈਵਿਕ ਖਾਦ ਸੜ ਕੇ ਖਤਮ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਧਰਤੀ ਵਿਚਲੇ ਸੂਖਮ ਜੀਵ ਵੀ ਮਰ ਜਾਂਦੇ ਹਨ, ਜਿਸ ਨਾਲ ਫਸਲਾਂ ਦਾ ਝਾੜ ਘਟ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਰਾਲੀ ਦੇ ਸਾੜਣ ਕਰਕੇ ਪੈਦਾ ਹੋਏ ਧੂੰਏ ਕਾਰਨ ਸੜਕਾਂ ਤੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
——
ਕੈਪਸ਼ਨ ਫਾਈਲ ਫੋਟੋ ਡਿਪਟੀ ਕਮਿਸ਼ਨਰ ਮੈਡਮ ਸਾਕਸੀ ਸਾਹਨੀ।