




Total views : 149009







ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡਾਂ ਵਿੱਚ ਕੰਮ ਕਰਵਾਉਣ ਦੀ ਕੀਤੀ ਅਪੀਲ
ਅੰਮ੍ਰਿਤਸਰ 18 ਮਾਰਚ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਹਲਕੇ ਵਿੱਚ ਪੰਚਾਇਤਾਂ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਕਰਵਾਏ ਜਾ ਰਹੇ ਕੰਮਾਂ ਨੂੰ ਮੌਕੇ ਉੱਤੇ ਜਾ ਕੇ ਵੇਖਿਆ ਅਤੇ ਅਗਲੇ ਦੋ ਸਾਲਾਂ ਲਈ ਕਰਵਾਏ ਜਾਣ ਵਾਲੇ ਕੰਮਾਂ ਦੀ ਚਰਚਾ ਪੰਚਾਇਤਾਂ ਨਾਲ ਕੀਤੀ।
ਕੈਬਨਿਟ ਮੰਤਰੀ ਨੇ ਅੱਜ ਪਿੰਡ ਘੁੱਕੇਵਾਲੀ, ਸੈਂਸਰਾ ਪੱਤੀ ਦਾਊਕੇ, ਸੈਂਸਰਾ ਕਲਾਂ, ਸੈਂਸਰਾ ਪੱਤੀ ਰਾਮਪੁਰਾ, ਕੋਟਲੀ ਸੱਕਿਆਂਵਾਲੀ, ਲਸ਼ਕਰੀ ਨੰਗਲ, ਝੰਡੇਰ ਦਾ ਦੌਰਾ ਕੀਤਾ ਅਤੇ ਇਹਨਾਂ ਪੰਚਾਇਤਾਂ ਵੱਲੋਂ ਪਿੰਡਾਂ ਵਿੱਚ ਹੁਣ ਤੱਕ ਕਰਵਾਏ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਉਹ ਹਲਕੇ ਦੇ ਹਰੇਕ ਪਿੰਡ ਵਿੱਚ ਜਾ ਕੇ ਪੰਚਾਇਤਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਨੂੰ ਵੇਖਣਗੇ।
ਸ ਧਾਲੀਵਾਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਅਜਨਾਲਾ ਹਲਕੇ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਸੀ ਲਈ, ਜਿਸ ਕਾਰਨ ਹਲਕਾ ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਪਛੜ ਗਿਆ ਸੀ ਅਤੇ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਇਸ ਹਲਕੇ ਵਿੱਚ ਕੰਮ ਹੋਣ ਲੱਗੇ ਹਨ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਪਿੰਡਾਂ ਵਿੱਚ ਕੰਮ ਹੋ ਰਹੇ ਹਨ, ਜਿਸ ਸਦਕਾ ਹੁਣ ਪਿੰਡਾਂ ਦਾ ਮੁਹਾਂਦਰਾ ਬਣਨ ਲੱਗਾ ਹੈ । ਉਹਨਾਂ ਆਸ ਪ੍ਰਗਟਾਈ ਕਿ ਪਿੰਡਾਂ ਦੀਆਂ ਪੰਚਾਇਤਾਂ ਅਗਲੇ ਦੋ ਸਾਲ ਵੀ ਇਸ ਰਫਤਾਰ ਵਿੱਚ ਕੰਮ ਕਰਦੀਆਂ ਰਹਿਣਗੀਆਂ। ਉਹਨਾਂ ਨੇ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਆਪਣੀ ਯੋਜਨਾਬੰਦੀ ਅਨੁਸਾਰ ਕੰਮ ਕਰਦੇ ਰਹੋ, ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਪੰਚਾਇਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਮੁੱਚੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਕਰਵਾਉਣ।






