




Total views : 161400






Total views : 161400ਹੁਣ ਇੱਕੋ ਸਮੇਂ 700 ਨਸ਼ੇ ਦੇ ਰੋਗੀਆਂ ਦਾ ਇਲਾਜ ਹੋਵੇਗਾ ਸੰਭਵ
ਨਸ਼ੇ ਦੀਆਂ ਰੋਗੀ ਮਹਿਲਾਵਾਂ ਲਈ ਵੀ ਦਸ ਬਿਸਤਰਿਆਂ ਦਾ ਇਲਾਜ ਕੇਂਦਰ ਬਣਾਇਆ
ਇਲਾਜ ਲਈ ਕਿਸੇ ਪੈਸੇ ਅਤੇ ਪਰਿਵਾਰਿਕ ਮੈਂਬਰ ਦੇ ਨਾਲ ਇਲਾਜ ਕੇਂਦਰ ਵਿੱਚ ਰਹਿਣ ਦੀ ਲੋੜ ਨਹੀਂ
ਅੰਮ੍ਰਿਤਸਰ, 1 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿੱਚੋਂ ਨਸ਼ੇ ਦੇ ਖਾਤਮੇ ਲਈ ਜੋ ਵਿਆਪਕ ਪੱਧਰ ਉੱਤੇ ਮੁਹਿੰਮ ਚਲਾਈ ਗਈ ਹੈ, ਉਸ ਦੇ ਚਲਦੇ ਪੁਲਿਸ ਵੱਲੋਂ ਕੀਤੇ ਗਈ ਸਖਤੀ ਕਾਰਨ ਨਸ਼ਾ ਛੱਡਣ ਵਾਲੇ ਰੋਗੀਆਂ ਦੀ ਗਿਣਤੀ ਵੀ ਵਧ ਰਹੀ ਹੈ, ਜਿਸ ਨੂੰ ਵੇਖਦੇ ਹੋਏ ਜਿਲਾ ਪ੍ਰਸ਼ਾਸਨ ਨੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅਤੇ ਇਸ ਦੇ ਨਾਲ ਲੱਗਦੇ ਮੁੜ ਵਸੇਬਾ ਕੇਂਦਰ ਦੀ ਸਮਰੱਥਾ ਵਿੱਚ ਵਾਧਾ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਜਿਨਾਂ ਨੇ ਅੱਜ ਇਸ ਕੇਂਦਰ ਦਾ ਦੌਰਾ ਕੀਤਾ, ਨੇ ਦੱਸਿਆ ਕਿ ਹੁਣ ਅਸੀਂ 700 ਨਸ਼ੇ ਦੇ ਰੋਗੀਆਂ ਦਾ ਇਲਾਜ ਇੱਕੋ ਸਮੇਂ ਕਰ ਸਕਾਂਗੇ । ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਹੁਣ ਨਸ਼ਾ ਛੱਡਣ ਵਾਲੇ ਰੋਗੀ ਦੇ ਨਾਲ ਇਲਾਜ ਦੌਰਾਨ ਕਿਸੇ ਵੀ ਪਰਿਵਾਰਿਕ ਮੈਂਬਰ ਦਾ ਰਹਿਣਾ ਜਰੂਰੀ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਡਾਕਟਰ ਅਤੇ ਉਹਨਾਂ ਦਾ ਅਮਲਾ ਖੁਦ ਮਰੀਜ਼ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰੇਗਾ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮਹਿਲਾ ਰੋਗੀਆਂ ਦੇ ਇਲਾਜ ਲਈ ਸੁੱਖ ਆਸਰਾ ਨਾਂ ਦਾ ਇਲਾਜ ਕੇਂਦਰ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਦੀ 10 ਬੈਡ ਦੀ ਸਮਰੱਥਾ ਹੈ।
ਉਹਨਾਂ ਕਿਹਾ ਕਿ ਅਸੀਂ 15 ਦਿਨ ਦੇ ਇਲਾਜ ਤੋਂ ਬਾਅਦ ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਮੁੜ ਵਸੇਬਾ ਕੇਂਦਰ ਵਿੱਚ ਭੇਜਾਂਗੇ, ਜਿਸ ਨੂੰ ਕਿ ਪੂਰੀ ਤਰ੍ਹਾਂ ਵਾਤਾਨਕੂਲ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਇੱਥੇ ਇੱਕ ਮਹੀਨੇ ਵਿੱਚ ਉਕਤ ਵਿਅਕਤੀ ਨੂੰ ਕਿੱਤਾ ਮੁਖੀ ਸਿੱਖਿਆ ਦਿੱਤੀ ਜਾਵੇਗੀ, ਜਿਸ ਵਿੱਚ ਸ਼ੈਫ, ਪਲੰਬਰ, ਬਿਜਲੀ ਮਕੈਨਿਕ, ਕੰਪਿਊਟਰ ਰਿਪੇਅਰ ਆਦਿ ਦੇ ਕੋਰਸ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਹਨਾਂ ਟ੍ਰੇਨਿੰਗ ਦਾ ਬਕਾਇਦਾ ਪ੍ਰੋਫੈਸ਼ਨਲ ਸਰਟੀਫਿਕੇਟ ਦਿੱਤਾ ਜਾਵੇਗਾ, ਜਿਸ ਦੇ ਅਧਾਰ ਉੱਤੇ ਉਕਤ ਵਿਅਕਤੀ ਨੂੰ ਅਸੀਂ ਪੈਰਾਂ ਸਿਰ ਖੜੇ ਕਰਨ ਲਈ ਨੌਕਰੀ ਵੀ ਦਵਾਵਾਂਗੇ ਅਤੇ ਜੇਕਰ ਲੋੜ ਪਈ ਤਾਂ ਉਸ ਨੂੰ ਸਵੈ ਕਿੱਤਾ ਸ਼ੁਰੂ ਕਰਨ ਲਈ ਵੀ ਸਾਥ ਦਿਆਂਗੇ। ਉਹਨਾਂ ਦੱਸਿਆ ਕਿ ਇਸ ਮੁੜ ਵਸੇਬਾ ਕੇਂਦਰ ਵਿੱਚ ਨਸ਼ੇ ਨੂੰ ਮੁਕੰਮਲ ਤੌਰ ਤੇ ਛੱਡਣ ਲਈ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਰੈਅ, ਯੋਗਾ, ਮਿਊਜ਼ਿਕ ਥਰੈਪੀ, ਦੀ ਸਹਾਇਤਾ ਵੀ ਲਈ ਜਾਂਦੀ ਹੈ।
ਉਹਨਾਂ ਦੱਸਿਆ ਕਿ ਉਕਤ ਇਲਾਜ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਸਾਡੇ ਟੋਲ ਫਰੀ ਨੰਬਰ 18001376754 ਉੱਤੇ ਫੋਨ ਕੀਤਾ ਜਾ ਸਕਦਾ ਹੈ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਹਾਡੇ ਪਰਿਵਾਰ, ਆਂਢ ਗੁਆਂਢ, ਦਫਤਰ ਜਾਂ ਸੁਸਾਇਟੀ ਵਿੱਚ ਕੋਈ ਵੀ ਵਿਅਕਤੀ ਜੋ ਨਸ਼ਾ ਕਰਦਾ ਹੈ, ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਸਾਡਾ ਸਾਥ ਲਵੋ ਅਤੇ ਉਸ ਨੂੰ ਨਸ਼ਾ ਛੁਡਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਵਾਓ।
ਇਸ ਮੌਕੇ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ, ਜ਼ਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ, ਸਿਵਿਲ ਸਰਜਨ ਡਾਕਟਰ ਕਿਰਨਪ੍ਰੀਤ ਕੌਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ।







