




Total views : 151686







ਕਿਸਾਨਾਂ ਦੀ ਮਦਦ ਲਈ ਬਣਾਇਆ ਜਾਵੇਗਾ ਕਾਲ ਸੈਟਰ
ਅੰਮ੍ਰਿਤਸਰ 17 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਆਉਣ ਵਾਲੇ ਝੋਨੇ ਦੇ ਸੀਜਨ ਪਰਾਲੀ ਦੀ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਜ਼ਿਲੇ੍ ਵਿਚ ਪਰਾਲੀ ਦੀ ਅੱਗ ਨੂੰ ਰੋਕਣ ਲਈ ਪਰਾਲੀ ਪ੍ਰੋਟੈਕਸ਼ਨ ਫੋਰਸ ਗਠਿਤ ਕੀਤੀ ਜਾਵੇਗੀ ਜੋ ਹਰੇਕ ਪਿੰਡ ਪੱਧਰ ਤੱਕ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੰਮ ਕਰੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਡਮ ਸਾਹਨੀ ਨੇ ਕਿਹਾ ਕਿ ਸ਼ੀਜਨ ਦੋਰਾਨ ਪਰਾਲੀ ਨੂੰ ਸਾੜਨ ਤੋ ਰੋਕਣ ਲਈ ਸਾਡੇ ਵਲੋ ਕੀਤੀਆਂ ਕੋਸ਼ਿਸਾਂ ਤਾਂ ਹੀ ਕਾਮਯਾਬ ਹੋ ਸਕਦੀਆਂ ਹਨ ਜੇਕਰ ਪਰਾਲੀ ਨੂੰ ਵਰਤੋ ਵਿਚ ਲਿਆਉਣ ਵਾਲੀਆਂ ਇਕਾਈਆਂ ਇਸ ਦੀ ਸਹੀ ਵਰਤੋ ਕਰਨ। ਡਿਪਟੀ ਕਮਿਸ਼ਂਨਰ ਨੇ ਕਿਹਾ ਕਿ ਸਾਡੀ ਕੋਸ਼ਿਸ ਹੈ ਕਿ ਆਉਣ ਵਾਲੇ ਝੋਨੇ ਦੇ ਸ਼ੀਜਨ ਦੋਰਾਨ ਪਰਾਲੀ ਨੂੰ ਸਟੋਰ ਕਰਨ ਵਾਲੇ ਵੱਧ ਤੋ ਵੱਧ ਸਥਾਨ ਮੁਹੱਈਆ ਕਰਵਾਏ ਜਾਣ। ਉਨ੍ਹਾਂ ਮੁੱਖ ਖੇਤੀਬਾੜੀ ਅਧਿਕਾਰੀ ਨੂੰ ਕਿਹਾ ਕਿ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਕਾਲ ਸੈਟਰ ਸਥਾਪਤ ਕੀਤਾ ਜਾਵੇ,ਜਿਸ ਸੈਟਰ ਤੋ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਮਸ਼ੀਨਾਂ ਦੀ ਜਾਣਕਾਰੀ ਮੁਹੱਈਆ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਰੇਕ ਪਿੰਡ ਪੱਧਰ ਤੇ ਕੈਪ ਲਗਾਏ ਜਾਣ ਅਤੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸ਼ਾਨਾਂ ਤੋ ਜਾਣੂ ਕਰਵਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਹਰ ਪਿੰਡ ਪੱਧਰ ਤੱਕ ਕਿਸਾਨਾਂ ਨਾਲ ਮੀਟਿੰਗ ਕਰਨ ਅਤੇ ਸਮਝਾਉਣ ਕਿ ਅੱਗ ਲੱਗਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਦੀਆਂ ਹਨ ਅਤੇ ਧਰਤੀ ਦੇ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ,ਜਿਸ ਨਾਲ ਫ਼ਸਲ ਦੇ ਝਾੜ ਨੂੰ ਵੀ ਕਾਫੀ ਫਰਕ ਪੈਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੰਬਰਦਾਰਾਂ ਨੂੰ ਵੀ ਸਹੁੰ ਚੁਕਾਈ ਜਾ ਰਹੀ ਹੈ ਕਿ ਉਹ ਜਿਵੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ,ਉਸੇ ਤਰਾਂ ਹੀ ਹਰੇਕ ਪਿੰਡ ਪੱਧਰ ਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵੀ ਜਾਗਰੂਕ ਕਰਨ।
ਮੀਟਿੰਗ ਦੋਰਾਨ ਮੁੱਖ ਖੇਤੀਬਾੜੀ ਅਧਿਕਾਰੀ ਸ:ਬਲਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨਾਂ ਨੂੰ 4316 ਮਸ਼ੀਨਾਂ ਜਿਸ ਵਿਚ ਸੁਪਰ ਸੀਡਰ,ਹੈਪੀ ਸੀਡਰ, ਸਮਾਰਟ ਸੀਡਰ, ਮਲਚਰ,ਬੇਲਰ ਅਤੇ ਉਲਟਾਵੇ ਹੱਲ ਮੁਹੱਈਆ ਕਰਵਾਏ ਗਏ ਹਨ ਅਤੇ ਇਸ ਤੋ ਇਲਾਵਾ ਹੋਰ ਵੀ ਮਸ਼ੀਨਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਹਰੇਕ ਬਲਾਕ ਪੱਧਰ ਤੇ 2 ਸੁਪਰ ਸੀਡਰ ਅਤੇ 17 ਜੀਰੋ ਟਿਲ ਡਰਿਲ ਮਸ਼ੀਨਾਂ ਵੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਜ਼ਿਲੇ੍ ਵਿਚ 187 ਕਿਸਾਨ ਜਾਗਰੂਕਤਾ ਕੈਪ ਵੀ ਲਗਾਏ ਜਾਣਗੇ ਜਿਥੇ ਕਿਸਾਨਾਂ ਨੂੰ ਪਰਾਲੀ ਦੀ ਅੱਗ ਤੋ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ, ਐਸ.ਡੀ.ਐਮ-1 ਸ: ਗੁਰਸਿਮਰਨ ਸਿੰਘ, ਐਸ.ਡੀ.ਐਮ-2 ਸ: ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ ਅਜਨਾਲਾ ਸ: ਰਵਿੰਦਰ ਸਿੰਘ ਅਰੋੜਾ, ਐਸ.ਡੀ.ਐਮ ਬਾਬਾ ਬਕਾਲਾ ਸ: ਅਮਨਦੀਪ ਸਿੰਘ, ਐਸ.ਡੀ.ਐਮ ਲੋਪੋਕੇ ਸ਼੍ਰੀ ਸੰਜੀਵ ਕੁਮਾਰ, ਐਕਸੀਅਨ ਪ੍ਰਦੂਸ਼ਨ ਬੋਰਡ ਸ਼੍ਰੀ ਸੁਖਦੇਵ ਸਿੰਘ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ: ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਪਰਾਲੀ ਦੀ ਅੱਗ ਦੀਆਂ ਘਟਨਾਵਾਂ ਨੂੰ ਲੈ ਕੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।






