ਜਿਲ੍ਹਾ ਪ੍ਰਸਾਸ਼ਨ ਲੰਗ ਕੇਅਰ ਫਾਉਂਡੇਸ਼ਨ ਦੇ ਸਹਿਯੋਗ ਨਾਲ ਲੋਕਾਂ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਕਰੇਗਾ ਜਾਗਰੂਕ-ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
045006
Total views : 151666

ਅੰਮ੍ਰਿਤਸਰ, 23 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਜਿਲ੍ਹਾ ਪ੍ਰਸਾਸ਼ਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਪੈਦਾ ਹੋਏ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਲੰਗ ਕੇਅਰ ਫਾਉਂਡੇਸ਼ਨ ਦੇ ਸਹਿਯੋਗ ਨਾਲ ਹਰੇਕ ਬਲਾਕ ਦੇ ਦੋ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਲੰਗ ਕੇਅਰ ਫਾਉਂਡੇਸ਼ਨ ਦੇ ਮੈਂਬਰਾਂ, ਖੇਤੀਬਾੜੀ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਅਗਸਤ ਮਹੀਨੇ ਤੋਂ ਲੈ ਕੇ ਨਵੰਬਰ 2025 ਤੱਕ ਚੱਲੇਗੀ ਜਿਸ ਦੌਰਾਨ ਲੋਕਾਂ ਨੂੰ ਹਵਾ ਪ੍ਰਦੂਸ਼ਣ ਦੇ ਸਿਹਤ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਦੀ ਅੱਗ ਨਾਲ ਹਵਾ ਪ੍ਰਦੂਸ਼ਣ ਖਤਰਨਾਕ ਸਥਿਤੀ ਵਿੱਚ ਪਹੁੰਚ ਜਾਂਦਾ ਹੈ ਜਿਸ ਨਾਲ ਕਈ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕਾਲਜਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਨਾਲ ਲੈ ਕੇ ਪਿੰਡ ਪੱਧਰ ਤੱਕ ਲੋਕਾਂ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੰਗ ਕੇਅਰ ਫਾਉਂਡੇਸ਼ਨ ਅਤੇ ਡਾਕਟਰਜ ਫਾਰ ਕਲੀਨ ਏਅਰ ਐਂਡ ਕਲਾਈਮੇਟ ਐਕਸ਼ਨ ਟੀਮ ਵੀ ਇਨ੍ਹਾਂ ਨਾਲ ਸਹਿਯੋਗ ਕਰੇਗੀ ਅਤੇ ਪਿੰਡ ਪੱਧਰ ਤੱਕ ਜਾਗਰੂਕਤਾ ਸੈਸ਼ਨ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਇਸ ਦਾ ਪ੍ਰਦੂਸ਼ਣ ਸਭ ਤੋਂ ਪਹਿਲਾਂ ਤੁਹਾਡੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਫਿਰ ਆਮ ਲੋਕਾਂ ਤੇ ਇਸ ਦੇ ਮਾੜੇ ਪ੍ਰਭਾਵ ਪੈਂਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ ਜਿਸ ਨਾਲ ਫਸਲਾਂ ਦਾ ਉਪਜਾਊ ਸ਼ਕਤੀ ਵੀ ਘਟਣ ਨਾਲ ਝਾੜ ਵੀ ਘੱਟ ਹੁੰਦਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਖੇਤੀਬਾੜੀ ਅਧਿਕਾਰੀ ਸ੍ਰ ਸੁਖਚੈਨ ਸਿੰਘ, ਲੰਗ ਕੇਅਰ ਫਾਉਡੇਸ਼ਨ ਤੋਂ ਡਾਕਟਰ ਕਰਮਿਨ ਉਪਲ, ਸਟੇਟ ਪ੍ਰਾਜੈਕਟ ਕੁਆਰਡੀਨੇਟਰ ਲੰਗ ਫਾਉਡੇਸ਼ਨ ਦੀ ਡਾਕਟਰ ਸੋਨਾਲੀ ਵੋਹਰਾ ਵੀ ਹਾਜਰ ਸਨ।