




Total views : 151664







ਸ਼ਰਧਾਲੂਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾਵੇ ਤਿਆਰੀ – ਟੌਂਗ
ਅੰਮ੍ਰਿਤਸਰ 24 ਜੁਲਾਈ- (ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਬਾਬਾ ਬਕਾਲਾ ਸਾਹਿਬ ਦੀ ਇਤਹਾਸਕ ਧਰਤੀ ਵਿਖੇ ਹਰ ਸਾਲ ਦੀ ਤਰਾਂ ਰੱਖੜ ਪੁੰਨਿਆ ਦੇ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅਧਿਕਾਰਆਂ ਨਾਲ ਮੀਟਿੰਗ ਕੀਤੀ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਵਿਸ਼ੇਸ਼ ਤੌਰ ਤੇ ਪੁੱਜੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੱਖੜ ਪੁੰਨਿਆਂ ਦਾ ਮੇਲਾ 8 ਤੋਂ 10 ਅਗਸਤ ਤੱਕ ਬਾਬਾ ਬਕਾਲਾ ਸਾਹਿਬ ਵਿਖੇ ਹੋ ਰਿਹਾ ਹੈ ਅਤੇ ਇਸ ਮੌਕੇ ਰਾਜ ਪੱਧਰੀ ਸਮਾਗਮ 9 ਅਗਸਤ ਨੂੰ ਸਰਕਾਰੀ ਆਈ ਟੀ ਆਈ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਸ ਭਗਵੰਤ ਮਾਨ ਵਿਸੇਸ ਤੌਰ ਉਤੇ ਸ਼ਿਰਕਤ ਕਰਨਗੇ। ਉਨ੍ਹਾਂ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਸਾਹਿਬਾਨ ਵੀ ਸਮਾਗਮ ਵਿੱਚ ਹਾਜ਼ਰ ਹੋਣਗੇ। ਉਨਾਂ ਸਾਰੇ ਪ੍ਰਬੰਧ ਸਮੇਂ ਸਿਰ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਇਸ ਵਾਰ ਪ੍ਰਬੰਧ ਸੰਗਤ ਦੀ ਸੰਭਾਵੀ ਆਮਦ ਨੂੰ ਮੁੱਖ ਰੱਖਕੇ ਕੀਤੇ ਜਾਣ। ਉਨਾਂ ਇਸ ਮੌਕੇ ਮੇਲੇ ਲਈ ਆਉਣ ਵਾਲੀਆਂ ਸਾਰੀਆਂ ਸੰਪਰਕ ਸੜਕਾਂ ਦੀ ਮੁਰੰਮਤ ਕਰਨ, ਸੜਕਾਂ ਦੁਆਲਿਆਂ ਘਾਹ-ਬੂਟੀ ਵੱਢਣ, ਗਲੀਆਂ ਤੇ ਸੜਕਾਂ ਦੀ ਸਫਾਈ, ਵੱਖ-ਵੱਖ ਸੜਕਾਂ ‘ਤੇ ਵੱਡੀਆਂ ਪਾਰਕਿੰਗ ਬਨਾਉਣ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ, ਡਾਕਟਰੀ ਸਹਾਇਤਾ ਲਈ ਟੀਮਾਂ ਤਾਇਨਾਤ ਕਰਨ, ਮੱਛਰ ਮਾਰ ਦਵਾਈ ਦੀ ਸਪਰੇਅ ਕਰਵਾਉਣ, ਨਿਰੰਤਰ ਬਿਜਲੀ ਸਪਲਾਈ ਚਾਲੂ ਰੱਖਣ ਅਤੇ ਮੇਲੇ ਮੌਕੇ ਵਹੀਕਲਾਂ ਦੀ ਆਵਾਜਾਈ ਨਿਯਮਤ ਕਰਨ ਵਰਗੇ ਜ਼ਰੂਰੀ ਕੰਮਾਂ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨਾਂ ਕਿਹਾ ਕਿ ਮੇਲੇ ਮੌਕੇ ਸੰਗਤ ਨੂੰ ਕਿਸੇ ਤਰਾਂ ਦੀ ਮੁਸ਼ਿਕਲ ਨਹੀਂ ਆਉਣ ਦਿੱਤੀ ਜਾਵੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਸ ਦਲਬੀਰ ਸਿੰਘ ਟੋਂਗ਼ ਨੇ ਕਿਹਾ ਕਿ ਰੱਖੜ ਪੁੰਨਿਆ ਦੇ ਇਸ ਪਵਿੱਤਰ ਮੇਲੇ ਮੌਕੇ ਦੁਨੀਆਂ ਭਰ ਤੋਂ ਸ਼ਰਧਾਲੂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਕ ਹੋਣ ਲਈ ਪਹੁੰਚਦੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਇਨਾਂ ਸ਼ਰਧਾਲੂਆਂ ਦੀਆਂ ਲੋੜਾਂ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਿੱਚ ਕੋਈ ਰੁਕਾਵਟ ਨਾ ਆਵੇ, ਉਨਾਂ ਦੇ ਵਾਹਨ ਗੁਰਦੁਅਰਾ ਸਾਹਿਬ ਤੋਂ ਜ਼ਿਆਦਾ ਦੂਰੀ ਨਾ ਹੋਣ ਅਤੇ ਮੇਲੇ ਵਿੱਚ ਰਾਤ ਲਈ ਰੌਸ਼ਨੀਆਂ ਦਾ ਪੂਰਾ ਪ੍ਰਬੰਧ ਹੋਵੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ: ਕੰਗ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਐਸ.ਪੀ. ਹਰਪ੍ਰੀਤ ਸਿੰਘ ਸੰਧੂ, ਡੀ.ਐਸ..ਪੀ. ਸ: ਬਲਰਾਜ ਸਿੰਘ, ਡੀ.ਐਸ.ਪੀ. ਸ੍ਰੀ ਧਰਮਿੰਦਰ ਕਲਿਆਣ, ਐਮ.ਡੀ.ਐਮ. ਬਾਬਾ ਬਾਕਾਲਾ ਸਾਹਿਬ ਸ: ਅਮਨਪ੍ਰੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਉਪਰੰਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਮੈਨੇਜਰ ਸ: ਗੁਰਪ੍ਰੀਤ ਸਿੰਘ ਵਲੋਂ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਕੈਪਸ਼ਨ
ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਰੱਖੜ ਪੁੰਨਿਆਂ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। ਨਾਲ ਹਨ ਵਿਧਾਇਕ ਸ: ਦਲਬੀਰ ਸਿੰਘ ਟੌਂਗ
==–






