Flash News

ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਅੰਮ੍ਰਿਤਸਰ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਹੋਣਗੇ ਵੱਡੇ ਸਮਾਗਮ – ਹਰਜੋਤ ਬੈਂਸ

ਖ਼ਬਰ ਸ਼ੇਅਰ ਕਰੋ
048254
Total views : 162098

ਨਗਰ ਕੀਰਤਨ‌ ਦਾ ਹਰ ਪਿੰਡ ਅਤੇ ਸ਼ਹਿਰ ਵਿੱਚ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ -ਈਟੀਓ
ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਫਲਸਫੇ ਨਾਲ ਜੋੜਨ ਲਈ ਕੀਤੇ ਜਾਣਗੇ ਉਪਰਾਲੇ- ਸੌਂਦ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈਟੀਓ, ਤਰੁਣਪ੍ਰੀਤ ਸਿੰਘ ਸੌਂਦ, ਦੀਪਕ ਬਾਲੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ-
ਅੰਮ੍ਰਿਤਸਰ , 10 ਅਕਤੂਬਰ-(ਡਾ. ਮਨਜੀਤ ਸਿੰਘ)- ਨੋਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਯਾਦਗਾਰੀ ਸਮਾਗਮ ਕਰਕੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਅੱਜ ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਲਈ ਪੰਜਾਬ ਦੇ ਕੈਬਨਿਟ ਮੰਤਰੀ ਸ ਹਰਜੋਤ ਸਿੰਘ ਬੈਂਸ, ਸ. ਹਰਭਜਨ ਸਿੰਘ ਈਟੀਓ, ਸ. ਤਰੁਣਪ੍ਰੀਤ ਸਿੰਘ ਸੌਂਦ ਅਤੇ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਦੀ ਰੂਪ-ਰੇਖਾ ਬਾਰੇ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਵਿਧਾਇਕਾਂ ਅਤੇ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਕਿਹਾ ਕਿ ਵਾਹਿਗੁਰੂ ਨੇ ਜੋ ਵੀ ਸੇਵਾ ਸਾਨੂੰ ਸੌਂਪੀ ਹੈ ਅਸੀਂ ਉਸ ਨੂੰ ਸੰਗਤ, ਵੱਖ-ਵੱਖ ਮਹਾਂਪੁਰਖਾਂ ਅਤੇ ਸੰਪਰਦਾਵਾਂ ਦੇ ਸਹਿਯੋਗ ਨਾਲ ਨਿਭਾਵਾਂਗੇ।
ਸ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਨੇ ਚਰਨ ਪਾਏ ਹਨ, ਉੱਥੇ ਵਿਸ਼ੇਸ਼ ਸਮਾਗਮ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣਗੇ। ਉਹਨਾਂ ਦਾ ਦੱਸਿਆ ਗੁਰੂ ਸਾਹਿਬ ਦੇ ਜਨਮ ਸਥਾਨ ਅੰਮ੍ਰਿਤਸਰ ਅਤੇ ਬਾਬਾ ਬਕਾਲਾ ਸਾਹਿਬ ਜਿੱਥੇ ਕਿ ਗੁਰੂ ਸਾਹਿਬ ਨੇ ਲੰਮਾ ਸਮਾਂ ਭਗਤੀ ਕੀਤੀ, ਵਿਖੇ ਕੀਰਤਨ ਦਰਬਾਰ, ਲਾਈਟ ਐਂਡ ਸਾਊਂਡ ਸ਼ੋਅ ਅਤੇ ਹੋਰ ਸਮਾਗਮ ਕੀਤੇ ਜਾਣਗੇ। ਉਹਨਾਂ ਦੱਸਿਆ ਕਿ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੋਣ ਵਾਲਾ ਨਗਰ ਕੀਰਤਨ ਰਾਤ ਅੰਮ੍ਰਿਤਸਰ ਵਿੱਚ ਠਹਿਰਾਅ ਕਰੇਗਾ ਅਤੇ ਇੱਥੋਂ ਸਵੇਰੇ ਚੱਲ ਕੇ ਤਰਨਤਾਰਨ ਤੋਂ ਹੁੰਦਾ ਜਲੰਧਰ ਵਿਖੇ ਠਹਿਰੇਗਾ। ਉਹਨਾਂ ਕਿਹਾ ਕਿ ਇਸ ਨਗਰ ਕੀਰਤਨ ਦੀ ਸਮੁੱਚੀ ਜਿੰਮੇਵਾਰੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਨਿਭਾਉਣਗੇ ਅਤੇ ਅਸੀਂ ਨਗਰ ਕੀਰਤਨ ਦੇ ਰਸਤਿਆਂ ਦੀ ਸੇਵਾ ਅਤੇ ਸੰਗਤ ਦੇ ਠਹਿਰਾਓ ਦੇ ਪ੍ਰਬੰਧ ਇੱਕ ਸੇਵਾਦਾਰ ਵਜੋਂ ਕਰਾਂਗੇ।
ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈਟੀਓ ਨੇ ਵਿਭਾਗ ਦੇ ਅਧਿਕਾਰੀਆਂ ਨੇ ਹਦਾਇਤ ਕੀਤੀ ਕਿ ਉਹ ਨਗਰ ਕੀਰਤਨ ਤੋਂ ਇਲਾਵਾ ਉਹ ਰਸਤੇ ਜਿੰਨਾ ਦੀ ਵਰਤੋਂ ਸੰਗਤ ਵੱਲੋਂ ਕੀਤੀ ਜਾਣੀ ਹੈ, ਦੀ ਮੁਕੰਮਲ ਤਿਆਰੀ ਅਤੇ ਸਾਫ ਸਫਾਈ ਯਕੀਨੀ ਬਣਾਉਣ। ਉਹਨਾਂ ਦੱਸਿਆ ਕਿ ਮਹਿਤਾ ਚੌਂਕ ਤੋਂ ਨਗਰ ਕੀਰਤਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰੇਗਾ ਅਤੇ ਇੱਥੋਂ ਬਾਬਾ ਬਕਾਲਾ ਸਾਹਿਬ ਜੰਡਿਆਲਾ ਗੁਰੂ ਹੁੰਦਾ ਹੋਇਆ ਅੰਮ੍ਰਿਤਸਰ ਪਹੁੰਚੇਗਾ ਅਤੇ ਇੱਥੋਂ ਸਵੇਰੇ ਝਬਾਲ ਦੇ ਰਸਤੇ ਤਰਨਤਾਰਨ ਪਹੁੰਚੇਗਾ। ਕੈਬਨਿਟ ਮੰਤਰੀ ਸ੍ਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਮਾਗਮਾਂ ਲਈ ਹਰੇਕ ਸੰਸਥਾ, ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਨਾਮ ਲੇਵਾ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਸਿੱਧਾ ਪੱਤਰ ਭੇਜੇ ਜਾਣਗੇ। ਉਹਨਾਂ ਕਿਹਾ ਕਿ ਜਿਸ ਵੀ ਰਸਤੇ ਵਿੱਚੋਂ ਨਗਰ ਕੀਰਤਨ ਆਵੇਗਾ, ਸ਼ਰਧਾ ਦੇ ਨਾਲ ਜਿੱਥੇ ਸੰਗਤ ਦੀ ਸੇਵਾ ਕੀਤੀ ਜਾਵੇਗੀ ਉੱਥੇ ਗੁਰੂ ਸਾਹਿਬ ਦਾ ਸਵਾਗਤ ਫੁੱਲਾਂ ਨਾਲ ਕੀਤਾ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ: ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਮਾਗਮ ਲਈ ਹਰੇਕ ਸੰਸਥਾ, ਗੁਰੂਦੁਆਰਾ ਪ੍ਰਬੰਧਕ ਕਮੇਟੀਆਂ, ਦੇਸ਼ ਵਿਦੇਸ਼ ਦੀਆਂ ਮਹਾਨ ਸ਼ਖਸ਼ੀਅਤਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ ਅਤੇ ਦਿੱਲੀ ਗੁਰਦੁਆਰਾ ਸੀਸਗੰਜ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮਗਰੋਂ 17 ਨਵੰਬਰ ਤੋਂ ਨਗਰ ਕੀਰਤਨ ਸ੍ਰੀ ਨਗਰ ਤੋਂ ਆਰੰਭ ਹੋ ਕੇ ਅਨੰਦਪੁਰ ਸਾਹਿਬ ਪਹੁੰਚੇਗਾ ਅਤੇ ਇਸੇ ਹੀ ਤਰ੍ਹਾਂ ਦੋ ਨਗਰ ਕੀਰਤਨ ਮਾਲਵੇ ਦੀ ਧਰਤੀ ਤੋਂ ਤੇ ਇੱਕ ਨਗਰ ਕੀਰਤਨ ਮਾਝੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜਣਗੇ, ਜਿੱਥੇ ਕਿ ਬਹੁਤ ਵੱਡੇ ਪ੍ਰੋਗਰਾਮ ਉਲੀਕੇ ਗਏ ਹਨ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਬਾਰੇ ਬੋਲਦੇ ਸ ਸੌਂਦ ਨੇ ਦੱਸਿਆ ਕਿ ਵਿਰਾਸਤ -ਏ -ਖਾਲਸਾ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸ਼ਾਨੀ ਸ਼ਹਾਦਤ ਨੂੰ ਦਰਸਾਉਦੀ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਸਮਾਗਮਾਂ ਮੌਕੇ ਸਰਵ ਧਰਮ ਸੰਮੇਲਨ ਕਰਵਾਏ ਜਾਣਗੇ, ਜਿਸ ਵਿੱਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਰੱਖਣ ਵਾਲੇ ਬੁੱਧੀਜੀਵੀ ਵਿਚਾਰ ਚਰਚਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ 24 ਨਵੰਬਰ ਨੂੰ ਇੱਕ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਬੁਲਾਇਆ ਜਾਵੇਗਾ।
ਕੈਬਿਨਟ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਮੌਕੇ ਨਿਹੰਗ ਸਿੰਘਾਂ ਵੱਲੋਂ ਮੁਹੱਲਾ ਖਾਲਸਾ ਪ੍ਰਦਰਸ਼ਨੀ ਕੀਤੀ ਜਾਵੇਗੀ। ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਿਤ ਕਵੀ ਦਰਬਾਰ, ਢਾਡੀ, ਕਵੀਸ਼ਰੀ ਪ੍ਰੋਗਰਾਮ ਆਯੋਜਿਤ ਹੋਣਗੇ। ਇਸੇ ਦਿਨ ਪੰਜ ਪਿਆਰਾ ਪਾਰਕ ਵਿਚ “ਲਾਈਟ ਐਂਡ ਸਾਊਡ ਤੇ ਡਰੋਨ ਸ਼ੋਅ” ਰੋਸ਼ਨੀ ਅਤੇ ਅਵਾਜ ਦੇ ਪ੍ਰੋਗਰਾਮ ਕਰਵਾਏ ਜਾਣਗੇ। ਇਹ ਸ਼ੋ ਪੰਜਾਬ ਦੇ ਹਰੇਕ ਜਿਲ੍ਹੇ ਵਿੱਚ ਕਰਵਾਇਆ ਜਾਵੇਗਾ।
ਕੈਬਨਿਟ ਮੰਤਰੀ ਸ.ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ 25 ਨਵੰਬਰ ਨੂੰ ਸ਼ਾਮ 7 ਵਜੇ ਮਿਸ਼ਾਲ ਏ ਸ਼ਹਾਦਤ ਦੀ ਰੋਸ਼ਨੀ ਵਿੱਚ ਸੂਬੇ ਭਰ ਦੀਆਂ ਸਰਕਾਰੀ ਇਮਾਰਤਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਕਰਦੇ ਹੋਏ ਰੁਸ਼ਨਾਇਆ ਜਾਵੇਗਾ, ਇਸ ਦੇ ਲਈ ਸਮੁੱਚੀ ਸੰਗਤ ਨੂੰ ਵੀ ਬੇਨਤੀ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਦੀਪਕ ਬਾਲੀ ਨੇ ਸਾਰੇ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਲਈ ਇੱਕ ਸੇਵਾਦਾਰ ਵਜੋਂ ਕੰਮ ਕਰਨ ਦਾ ਸੱਦਾ ਦਿੰਦੇ ਕਿਹਾ ਕਿ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਨੌਜਵਾਨ ਪੀੜੀ ਤੱਕ ਪਹੁੰਚਾਉਣ ਲਈ ਇਹਨਾਂ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ। ਇਸ ਮੌਕੇ ਮੰਤਰੀ ਸਾਹਿਬਾਨ ਨੇ ਸਮਾਗਮ ਲਈ ਤਿਆਰ ਕੀਤਾ ਗਿਆ ਲੋਗੋ ਵੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ।
ਉਨ੍ਹਾਂ ਦੇ ਨਾਲ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸ੍ਰੀ ਸੰਜੀਵ ਤਿਵਾੜੀ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚ ਕਰਵਾਇਆ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਮੰਤਰੀ ਸਾਹਿਬਾਨ ਨਾਲ ਸਾਂਝੀ ਕੀਤੀ। ਹੋਰਨਾਂ ਤੋਂ ਇਲਾਵਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਮੇਅਰ ਸ ਜਤਿੰਦਰ ਸਿੰਘ ਮੋਤੀ ਭਾਟੀਆ, ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ, ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ, ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਦੀਪ ਕੌਰ ਅਤੇ ਸ਼੍ਰੀਮਤੀ ਪਰਮਜੀਤ ਕੌਰ, ਪਾਰਟੀ ਆਗੂ ਸ੍ਰੀ ਜਸਕਰਨ ਸਿੰਘ ਬਦੇਸ਼ਾ, ਸ੍ਰੀ ਪ੍ਰਭਬੀਰ ਸਿੰਘ ਬਰਾੜ, ਗੁਰਪ੍ਰਤਾਪ ਸਿੰਘ ਸੰਧੂ ਅਤੇ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।
ਕੈਪਸ਼ਨ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਸਬੰਧੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਕੈਬਨਿਟ ਮੰਤਰੀ ਸ ਹਰਜੋਤ ਸਿੰਘ ਬੈਂਸ, ਸ. ਹਰਭਜਨ ਸਿੰਘ ਈਟੀਓ, ਸ. ਤਰੁਣਪ੍ਰੀਤ ਸਿੰਘ ਸੌਂਦ ਅਤੇ ਸ੍ਰੀ ਦੀਪਕ ਬਾਲੀ
==–