




Total views : 161922






Total views : 161922ਸਕੂਲਾਂ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਲਗਾਏ ਜਾਣ ਕੈਂਪ-
ਸਾਲ 2025 ਦੌਰਾਨ ਸਿਹਤ ਵਿਭਾਗ ਨੇ 1 ਕਰੋੜ ਰੁਪਏ ਤੋਂ ਵਧ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ-
ਅੰਮ੍ਰਿਤਸਰ , 7 ਜਨਵਰੀ-(ਡਾ. ਮਨਜੀਤ ਸਿੰਘ)- ਅੱਜ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਅਤੇ ਪੁਲਿਸ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ “ਨੈਸ਼ਨਲ ਕੋਆਰਡੀਨੇਸ਼ਨ ਸੈਂਟਰ ਫਾਰ ਡਰੱਗ ਲਾਅ ਇਨਫੋਰਸਮੈਂਟ” ਫਰੇਮਵਰਕ ਨੂੰ ਲਾਗੂ ਕਰਨ ਅਤੇ ਜ਼ਿਲ੍ਹੇ ਵਿੱਚ ਨਸ਼ਿਆਂ ‘ਤੇ ਨਿਯੰਤਰਣ ਵਧਾਉਣ ਲਈ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ, ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋਕਾਂ ਤੋਂ ਸਹਿਯੋਗ ਲੈਣ ਸਬੰਧੀ ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਕੂਲਾਂ, ਕਾਲਜਾਂ, ਇੱਟਾਂ ਦੇ ਭੱਠਿਆਂ, ਫੈਕਟਰੀਆਂ ਵਿੱਚ ਵਧੇਰੇ ਕੈਂਪ ਲਗਾਏ ਜਾਣ ਅਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਨਸ਼ਾ ਕਰ ਰਹੇ ਵਿਅਕਤੀਆਂ ਨੂੰ ਨਸ਼ਾ ਛੁਡਾਓ ਕੇਂਦਰਾਂ ਵਿੱਚ ਲਿਆਂਦਾ ਜਾਵੇ, ਜਿਥੇ ਉਨ੍ਹਾਂ ਦਾ ਸਰਕਾਰ ਵੱਲੋਂ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਲੜਾਈ ਵਿੱਚ ਕਾਨੂੰਨ-ਵਿਵਸਥਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਦੇ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨਸ਼ਾ ਵਪਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਅਤੇ ਨਸ਼ਿਆਂ ਦੀ ਪਕੜ ਵਿੱਚ ਆਏ ਲੋਕਾਂ ਦੀ ਪੁਨਰਵਾਸ ਲਈ ਵਚਨਬੱਧ ਹੈ, ਪਰ ਇਸ ਲਈ ਪੁਲਿਸ ਦੇ ਨਾਲ ਨਾਲ ਲੋਕਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੈ। ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਸਕੂਲਾਂ ਵਿੱਚ ਲਗਾਤਾਰ ਜਾਗਰੂਕਤਾ ਫੈਲਾਉਣ ਅਤੇ ਰੋਜ਼ਾਨਾ ਈ ਪ੍ਰਾਥਨਾ ਸਭਾ ਵੇਲੇ ਬੱਚਿਆਂ ਨੂੰ ਨਸ਼ੇ ਦੀਆਂ ਅਲਾਮਤਾਂ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕਰਨ।
ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਨੇ ਦੱਸਿਆ ਕਿ ਸਾਲ 2025 ਦੌਰਾਨ 920 ਕੈਮਿਸ਼ਟ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਅਤੇ 533 ਸੈਂਪਲ ਲਏ ਗਏ ਸਨ। ਉਨਾਂ ਦੱਸਿਆ ਕਿ ਇਸ ਦੌਰਾਨ 164 ਦੁਕਾਨਾਂ ਦੇ ਲਾਇਸੰਸ ਸਸਪੈਂਡ ਕੀਤੇ ਗਏ ਅਤੇ 11 ਦੁਕਾਨਾਂ ਦੇ ਲਾਇਸੰਸਾਂ ਨੂੰ ਕੈਂਸਲ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਸ ਦੌਰਾਨ 1 ਕਰੋੜ ਤੋਂ ਵੱਧ ਰਾਸ਼ੀ ਦੇ ਨਸ਼ੇ ਦੇ ਸਾਮਾਨ ਨੂੰ ਜ਼ਬਤ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਡੀ.ਐਸ.ਪੀ. ਦਿਹਾਤੀ ਸ੍ਰੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਸਾਲ 2025 ਦੌਰਾਨ ਐਨ.ਡੀ.ਪੀ.ਐਸ. ਐਕਟ ਦੇ 1280 ਮਾਮਲੇ ਦਰਜ਼ ਕਰਕੇ 2069 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਮੇਂ ਦੌਰਾਨ 331.415 ਕਿਲੋ ਹੈਰੋਇਨ , 11.695 ਕਿਲੋ ਅਫੀਮ, 1 ਕਿਲੋ ਚੂਰਾ ਪੋਸ਼ਤ, 9.576 ਕਿਲੋ ਆਈਸ ਡਰੱਗ, 215862 ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਅਤੇ 68.36 ਲੱਖ ਦੀ ਡਰੱਗ ਮਨੀ ਫੜ੍ਹੀ ਗਈ ਹੈ। ਉਨਾਂ ਦੱਸਿਆ ਕਿ ਦਿਹਾਤੀ ਪੁਲਿਸ ਵਲੋਂ ਲਗਾਤਾਰ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਹੋਰ ਵੱਖ ਵੱਖ ਏਜੰਸੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਲਗਾਤਾਰ ਨਸ਼ੇ ਦੇ ਵਪਾਰੀਆਂ ਵਿਰੁੱਧ ਕਾਰਵਾਈ ਕਰ ਰਹੇ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ਾ ਫੜਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਬਾਰਡਰ ਸਿਕਿਉਰਟੀ ਫੋਰਸ ਦੇ ਅਧਿਕਾਰੀਆਂ ਨੇ ਸਰਹੱਦ ਉੱਤੇ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਨਸ਼ਿਆਂ ਦੀ ਤਸਕਰੀ ਬਾਰੇ ਦੱਸਿਆ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਬੀਐਸਐਫ ਨਸ਼ਿਆਂ ਦੀ ਬਰਾਮਦਗੀ ਲਈ ਦਿਨ ਰਾਤ ਇੱਕ ਕੰਮ ਕਰ ਰਹੀ ਹੈ ਅਤੇ ਇਸਦੇ ਨਤੀਜੇ ਵੀ ਬਹੁਤ ਵਧੀਆ ਆ ਰਹੇ ਹਨ ।ਉਨ੍ਹਾਂ ਦੱਸਿਆ ਕਿ ਸਰਹੱਦੋਂ ਪਾਰ ਲਗਾਤਾਰ ਨਵੀਂ ਤਕਨੀਕ ਦੇ ਹਲਕੇ ਡਰੋਨ ਆ ਰਹੇ ਹਨ ਪ੍ਰੰਤੂ ਬੀ:ਐਸ:ਐਫ ਜਵਾਨਾਂ ਦੀ ਚੌਕਸੀ ਸਦਕਾ ਇਨ੍ਹਾਂ ਡਰੋਨਾਂ ਨੂੰ ਫੜਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਬੀ:ਐਸ:ਐਫ ਅਧਿਕਾਰੀਆਂ ਨੂੰ ਕਿਹਾ ਕਿ ਉਹ ਡਰੋਨਾਂ ਦੇ ਨਾਲ ਨਾਲ ਉਨ੍ਹਾਂ ਅਪਰਾਧੀਆਂ ਨੂੰ ਵੀ ਫੜਣ ਜੋ ਸਰਹੱਦੋਂ ਪਾਰ ਡਰੋਨਾ ਰਾਹੀਂ ਨਸ਼ਾ ਮੰਗਵਾ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਲਾਅ ਐਂਡ ਆਰਡਰ ਸ੍ਰੀ ਆਲਮ ਵਿਜੈ ਸਿੰਘ, ਐਸ:ਡੀ:ਐਮ ਅਜਨਾਲਾ ਸ: ਰਵਿੰਦਰ ਸਿੰਘ ਅਰੋੜਾ, ਐਸ:ਡੀ:ਐਮ ਅੰਮ੍ਰਿਤਸਰ 1 ਸ: ਅਮਨਪ੍ਰੀਤ ਸਿੰਘ, ਐਸ.ਡੀ.ਐਮ. ਮਜੀਠਾ ਸ੍ਰੀ ਪ੍ਰੀਤਇੰਦਰ ਸਿੰਘ, ਏਡੀਸੀਪੀ ਮੈਡਮ ਪਰਮਿੰਦਰ ਕੌਰ, ਸੁਪਰਡੈਂਟ ਕਸਮਟ ਸ੍ਰੀ ਪਵਨ ਕੁਮਾਰ, ਏਡੀਸੀਪੀ-3 ਜਸਰੂਪ ਕੌਰ ਬਾਠ, ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਬਿੰਦਰ ਸਿੰਘ, ਡਿਪਟੀ ਕਮਾਂਡੈਂਟ ਬੀਐਸਐਫ ਅਲੋਕ ਕੁਮਾਰ, ਡਰਗ ਇੰਸਪੈਕਟਰ ਬਬਲੀਨ ਕੌਰ ਤੋਂ ਇਲਾਵਾ ਹੋਰ ਵੱਖ –ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨਸ਼ੇ ਦੇ ਰੋਕਥਾਮ ਸਬੰਧੀ ਮੀਟਿੰਗ ਕਰਦੇ ਹੋਏ
==–







