ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਲਗਾਏ ਜਾਣਗੇ 15 ਵਿਸ਼ੇਸ਼ ਕੈਂਪ- ਡਿਪਟੀ ਕਮਿਸ਼ਨਰ ਅੰਮ੍ਰਿਤਸਰ

ਖ਼ਬਰ ਸ਼ੇਅਰ ਕਰੋ
052335
Total views : 169439

ਦਿਵਿਆਂਗਜਨਾਂ ਦੇ UDID ਕਾਰਡ, EWS ਸਕੂਲ ਦਾਖਲਾ, ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਤੇ ਆਧਾਰ ਸੇਵਾਵਾਂ ਦਾ ਮਿਲੇਗਾ ਲਾਭ-

ਅੰਮ੍ਰਿਤਸਰ, 29 ਸਤੰਬਰ-(ਡਾ. ਮਨਜੀਤ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ 24 ਦਸੰਬਰ 2026 ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦੌਰਾਨ ਦਿਵਿਆਂਗਜਨਾਂ ਦੇ UDID ਕਾਰਡ ਲਈ ਅਸੈਸਮੈਂਟ, ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਦੇ ਬੱਚਿਆਂ ਲਈ ਸਕੂਲ ਦਾਖਲਾ ਮੁਹਿੰਮ, ਲੋੜਵੰਦ ਬੱਚਿਆਂ ਲਈ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਅਤੇ ਬੱਚਿਆਂ ਦੇ ਆਧਾਰ ਕਾਰਡ ਲਈ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਸਬੰਧੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਲਗਾਏ ਜਾਣਗੇ, ਜਿਨ੍ਹਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ।

ਉਨ੍ਹਾਂ ਦੱਸਿਆ ਕਿ ਕੈਂਪਾਂ ਦਾ ਸ਼ਡਿਊਲ ਇਸ ਪ੍ਰਕਾਰ ਹੈ: 1 ਅਕਤੂਬਰ ਨੂੰ ਸਰਕਾਰੀ ਹਾਈ ਸਕੂਲ, ਮਾਹਲ; 9 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਤੇਵਾਲ; 16 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਾਹਲੀ ਸਾਹਿਬ; 23 ਅਕਤੂਬਰ ਨੂੰ ਸਰਕਾਰੀ ਮਿਡਲ ਸਕੂਲ, ਨਵਾਂ ਪਿੰਡ; 30 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਰਪਾਲ; 6 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਈਆ; 13 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ/ਸਰਕਾਰੀ ਹਾਈ ਸਕੂਲ, ਸਠਿਆਲਾ; 20 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗਤਪੁਰਾ; 27 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਮਿਆਰੀ; 4 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਵਿੰਡਾ ਦੇਵੀ; 11 ਦਸੰਬਰ ਨੂੰ ਸਰਕਾਰੀ ਹਾਈ ਸਕੂਲ, ਸ਼ਾਮ ਨਗਰ; 18 ਦਸੰਬਰ ਨੂੰ ਸਰਕਾਰੀ ਮੈਰੀਟੋਰੀਅਸ ਸਕੂਲ, ਛੇਹਰਟਾ ਅਤੇ 24 ਦਸੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਮਕਬੂਲਪੁਰਾ ਵਿਖੇ ਕੈਂਪ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਤ ਵਿਭਾਗਾਂ ਨੂੰ ਕੈਂਪਾਂ ਦੌਰਾਨ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੈਂਪਾਂ ਵਿੱਚ ਜਾਗਰੂਕਤਾ ਗਤੀਵਿਧੀਆਂ, ਸਾਈਨ ਬੋਰਡ, ਬੈਠਣ, ਪੀਣ ਵਾਲੇ ਪਾਣੀ, ਸਫ਼ਾਈ, ਕੰਪਿਊਟਰ ਸਿਸਟਮ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੇੜਲੇ ਨਿਰਧਾਰਤ ਕੈਂਪ ਵਿੱਚ ਪਹੁੰਚ ਕੇ ਸਬੰਧਤ ਭਲਾਈ ਸਕੀਮਾਂ ਅਤੇ ਆਧਾਰ ਸੇਵਾਵਾਂ ਦਾ ਲਾਭ ਲੈਣ ਅਤੇ ਲੋੜੀਂਦੇ ਦਸਤਾਵੇਜ਼ ਆਪਣੇ ਨਾਲ ਲੈ ਕੇ ਆਉਣ।