




Total views : 161406






Total views : 161406ਨੌਜਵਾਨ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਤਵੱਜੋਂ ਦੇਣ: ਵਧੀਕ ਡਿਪਟੀ ਕਮਿਸ਼ਨਰ
ਯੰਗ ਸਪੋਰਟਸ ਕਲੱਬ, ਖੱਸਣ ਅਤੇ ਯੂਥ ਸਪੋਰਟਸ ਕਲੱਬ, ਭੁਲੱਥ ਦੀਆਂ ਟੀਮਾਂ ਵਿਚਾਲੇ ਹੋਇਆ ਮੈਚ
ਭੁਲੱਥ, 11 ਜਨਵਰੀ — ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਿਆਂ ਦੇ ਰੁਝਾਨ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਦੀ ’ਡਰੱਗ ਫ੍ਰੀ ਪੰਜਾਬ’ ਮੁਹਿੰਮ ਤਹਿਤ ਸਬ-ਡਵੀਜਨਾਂ ਵਿਚ ਕਰਵਾਏ ਜਾ ਰਹੇ ਸ਼ੋਅ ਮੈਚਾਂ ਦੀ ਲੜੀ ਹੇਠ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੋ-ਖੋ ਦੇ ਮੈਚ ਕਰਵਾਏ ਗਏ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ. ਸੰਜੀਵ ਸ਼ਰਮਾ, ਐਸ.ਡੀ.ਐਮ. ਲਾਲ ਵਿਸ਼ਵਾਸ਼ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਸਿਮਰਨ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਖੇਡ ਨਕਸ਼ੇ ’ਤੇ ਵਿਲੱਖਣ ਛਾਪ ਛੱਡੀ ਹੈ ਅਤੇ ਨੌਜਵਾਨ ਖਿਡਾਰੀਆਂ ਦੀ ਲਾਮਿਸਾਲ ਖੇਡ ਪ੍ਰਤਿਭਾ ਸਦਕਾ ਭਵਿੱਖ ਵਿਚ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਵਧੀਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਨੌਜਵਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਉਹ ਆਪੋ-ਆਪਣੇ ਇਲਾਕਿਆਂ ਵਿਚ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਨ ਤਾਂ ਜੋ ਪੜਾਈ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ ਨਾਲ ਵੀ ਜੋੜਿਆ ਜਾ ਸਕੇ।
ਸ਼ੋਅ ਮੈਚ ਵਿਚ ਯੰਗ ਸਪੋਰਟਸ ਕਲੱਬ, ਖੱਸਣ ਅਤੇ ਯੂਥ ਸਪੋਰਟਸ ਕਲੱਬ, ਭੁਲੱਥ ਦੀਆਂ ਖੋ-ਖੋ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਵਧੀਆ ਮੁਕਾਬਲਾ ਖੇਡਿਆ ਗਿਆ ਜਿਸ ਵਿਚ ਯੰਗ ਸਪੋਰਟਸ ਕਲੱਬ ਜੇਤੂ ਰਿਹਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਸ਼ਿਆਂ ਦੀ ਰੋਕਥਾਮ ਅਤੇ ਇਸ ਸਮਾਜਿਕ ਬੁਰਾਈ ਦੇ ਮੁਕੰਮਲ ਖਾਤਮੇ ਲਈ ਵੱਖ-ਵੱਖ ਸਮੇਂ ’ਤੇ ਉਪਰਾਲੇ ਕਰਦਾ ਰਹਿੰਦਾ ਹੈ ਜਿਸ ਵਿਚ ਵੱਖ-ਵੱਖ ਸੰਸਥਾਵਾਂ ਨੂੰ ਵੀ ਆਪਣੀ ਬਣਦੀ ਭੂਮਿਕਾ ਅਦਾ ਕਰਕੇ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਾਂਝ ਪਾਉਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਸਮਾਜਿਕ, ਧਾਰਮਿਕ ਅਤੇ ਲੋਕਾਂ ਦੀ ਅਗਵਾਈ ਕਰਨ ਵਾਲੀਆਂ ਹੋਰਨਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਠੱਲ ਪਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਇਸ ਅਲਾਮਤ ਦਾ ਸਫਾਇਆ ਕੀਤਾ ਜਾ ਸਕੇ।
ਜ਼ਿਲ੍ਹਾ ਖੇਡ ਅਫਸਰ ਲਵਜੀਤ ਸਿੰਘ ਨੇ ਦੱਸਿਆ ਕਿ ਸ਼ੋਅ ਮੈਚਾਂ ਦੀ ਲੜੀ ਵਿਚ ਫਗਵਾੜਾ, ਕਪੂਰਥਲਾ ਤੋਂ ਬਾਅਦ ਅੱਜ ਭੁਲੱਥ ਵਿਖੇ ਮੈਚ ਕਰਵਾਇਆ ਗਿਆ ਅਤੇ 11 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ, ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਟਾਈਲ ਕਬੱਡੀ ਦਾ ਸ਼ੋਅ ਮੈਚ ਹੋਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜ ਕੇ ਨਸ਼ਿਆਂ ਵਿਰੁੱਧ ਸੰਦੇਸ਼ ਦੇਣ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਨਾ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।
ਇਸ ਮੌਕੇ ਡੀ.ਐਮ. ਸਪੋਰਟਸ ਸੁਖਵਿੰਦਰ ਸਿੰਘ, ਖੋ-ਖੋ ਕੋਚ ਬੀਰ ਸਿੰਘ ਸਿੱਧੂ, ਦਿਨੇਸ਼ ਸ਼ਰਮਾ, ਲੈਕਚਰਾਰ ਵੀਰ ਕੌਰ ਤੋਂ ਇਲ਼ਾਵਾ ਭਾਰੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ।
ਕੈਪਸ਼ਨ- ਵਧੀਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਭੁਲੱਥ ਵਿਖੇ ਕਰਵਾਏ ਗਏ ਖੋ-ਖੋ ਦੇ ਸ਼ੋਅ ਮੈਚ ਦੌਰਾਨ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ।
Government of Punjab
#Showmatch
#bholath
#Kapurthala
#KhoKho







