Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

16 ਫਰਵਰੀ ਨੂੰ ਕੀਤਾ ਜਾਵੇਗਾ ਭਾਰਤ ਬੰਦ – ਕਿਸਾਨ ਮੋਰਚੇ ਨੇ ਕੀਤਾ ਐਲਾਨ 

ਖ਼ਬਰ ਸ਼ੇਅਰ ਕਰੋ
050934
Total views : 167439

31 ਜਨਵਰੀ ਨੂੰ ਸਮਾਜ ਦੇ ਹਰੇਕ ਵਰਗ ਅਤੇ ਜਥੇਬੰਦੀਆਂ ਦਾ ਸਹਿਯੋਗ ਲੈਣ ਲਈ ਲੁਧਿਆਣਾ ਵਿਖੇ ਸੱਦੀ ਮੀਟਿੰਗ

ਕਿਸਾਨਾਂ ਦੀ ਵਿਆਪਕ ਲਾਮਬੰਦੀ ਲਈ 9 ਫਰਵਰੀ ਨੂੰ ਤਹਿਸੀਲ ਪੱਧਰ ਤੇ ਕੀਤੇ ਜਾਣਗੇ ਰੋਸ ਪ੍ਰਦਰਸ਼ਨ

ਪੰਜਾਬ ਨਾਲ ਸੰਬੰਧਤ ਮੰਗਾਂ ਲਈ ਸੰਘਰਸ਼ ਉਲੀਕਣ ਖਾਤਰ 18 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਅਗਲੀ ਮੀਟਿੰਗ

ਲੁਧਿਆਣਾ, 28 ਜਨਵਰੀ – ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਤਾਲਮੇਲ ਵਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਖਾਤਰ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੰਜਾਬ ਚੈਪਟਰ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਰਬ ਸ਼੍ਰੀ ਬਲਵੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ ਅਤੇ ਜੰਗਵੀਰ ਸਿੰਘ ਚੌਹਾਨ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਧਰਮ ਪਤਨੀ ਬੀਬੀ ਹਰਜੀਤਇੰਦਰ ਕੌਰ ਅਤੇ ਕਿਸਾਨ ਆਗੂ ਭੁਪਿੰਦਰ ਸਿੰਘ ਦੇ ਅਕਾਲ ਚਲਾਣੇ ਉੱਪਰ ਸ਼ੋਕ ਮਤਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਮੀਟਿੰਗ ਨੇ ਸਰਬ ਸੰਮਤੀ ਨਾਲ ਫੈਸਲਾ ਕਰਕੇ 16 ਫਰਵਰੀ ਦੇ ਬੰਦ ਨੂੰ ਸਫਲ ਬਣਾਉਣ ਖਾਤਰ ਵੱਖ-ਵੱਖ ਪ੍ਰੋਗਰਾਮ ਉਲੀਕਦਿਆਂ ਕਿਸਾਨ ਆਗੂਆਂ ਦੀਆਂ ਜ਼ਿੰਮੇਵਾਰੀਆਂ ਲਾਈਆਂ। ਸਮਾਜ ਦੇ ਸਾਰੇ ਵਰਗਾਂ ਅਤੇ ਜਥੇਬੰਦੀਆਂ ਨਾਲ ਤਾਲਮੇਲ ਕਰਨ ਤੇ ਸਹਿਯੋਗ ਲੈਣ ਲਈ ਕਿਸਾਨ ਤੇ ਟਰੇਡ ਜਥੇਬੰਦੀਆਂ ਨੇ ਮਿਲ ਕੇ 31 ਜਨਵਰੀ ਨੂੰ ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ ਦਿਨੇ 11 ਵਜੇ ਇੱਕ ਵੱਡੀ ਮੀਟਿੰਗ ਸੱਦੀ ਹੈ। ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਆੜਤੀ ਐਸੋਸੀਏਸ਼ਨਾਂ, ਟਰਾਂਸਪੋਰਟ ਨਾਲ ਜੁੜੀਆਂ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ, ਨੌਜਵਾਨ, ਔਰਤ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ ਹੈ। ਤਾਲਮੇਲ ਨੂੰ ਹੋਰ ਵਿਆਪਕ ਬਣਾਉਣ ਲਈ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਅੱਗੇ ਜਿਲਾ ਪੱਧਰ ਤੇ 2 ਫਰਵਰੀ ਅਤੇ ਤਹਿਸੀਲ ਪੱਧਰ ਤੇ 5 ਫਰਵਰੀ ਨੂੰ ਕੀਤੀਆਂ ਜਾਣਗੀਆਂ। ਮੋਰਚੇ ਨੇ 16 ਫਰਵਰੀ ਲਈ ਸਮਰਥਨ ਲੈਣ ਖਾਤਰ ਸੂਬੇ ਭਰ ਵਿੱਚ ਵੱਖ-ਵੱਖ ਵਪਾਰ ਮੰਡਲਾਂ ਤੱਕ ਪਹੁੰਚ ਕਰਨ ਦਾ ਵੀ ਫੈਸਲਾ ਕੀਤਾ ਹੈ।

ਕਿਸਾਨਾਂ ਦੀ ਪਿੰਡ ਪੱਧਰ ਤੱਕ ਵਿਸ਼ਾਲ ਲਾਮਬੰਦੀ ਖਾਤਰ 9 ਫਰਵਰੀ ਨੂੰ ਤਹਿਸੀਲ ਪੱਧਰ ਤੇ ਰੋਸ ਮਾਰਚ ਕਰਨ ਦਾ ਫੈਸਲਾ ਵੀ ਕੀਤਾ ਗਿਆ। 32 ਕਿਸਾਨ ਜਥੇਬੰਦੀਆਂ ਨੇ ਬੰਦ ਨੂੰ ਸਫਲ ਕਰਨ ਲਈ 16 ਫਰਵਰੀ ਵਾਲੇ ਦਿਨ ਨੂੰ ਜਿਲਾ ਤੇ ਤਹਿਸੀਲ ਕੇਂਦਰਾਂ ਪ੍ਰਮੁੱਖ ਸੜਕਾਂ ਅਤੇ ਚੌਕਾਂ’ ਤੇ ਵੱਡੇ ਇਕੱਠ ਕਰਕੇ ਜਾਮ ਕਰਨ ਦਾ ਫੈਸਲਾ ਵੀ ਕੀਤਾ। ਇਸ ਮੌਕੇ ਬਰਾਤਾਂ, ਮਰੀਜ਼ਾਂ ਅਤੇ ਮਰਗਤ ਨਾਲ ਸਬੰਧਤ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਨੂੰ ਛੋਟ ਦੇਣ ਦਾ ਫੈਸਲਾ ਕਰਦੇ ਹੋਏ ਜਲਦੀ ਹੀ ਇਸ ਸਬੰਧੀ ਦਿਸ਼ਾ ਨਿਰਦੇਸ਼ ਦਿੰਦਾ ਇੱਕ ਪੱਤਰ ਹਰੇਕ ਇਕਾਈ ਪੱਧਰ ਤੱਕ ਜਾਰੀ ਕੀਤਾ ਜਾਵੇਗਾ।

ਮੀਟਿੰਗ ਵਿੱਚ ਫਰਾਂਸ ਜਰਮਨੀ ਅਤੇ ਪੋਲੈਂਡ ਸਮੇਤ ਯੂਰਪ ਦੇ ਵੱਖ ਵੱਖ ਦੇਸ਼ਾਂ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਦੁਨੀਆ ਭਰ’ ਚ ਖੇਤੀ ਖੇਤਰ ਉੱਪਰ ਕਾਰਪੋਰੇਟ ਦੇ ਹਮਲੇ ਵਿਰੁੱਧ ਕਿਸਾਨੀ ਸੰਘਰਸ਼ਾਂ ਦੇ ਉਭਾਰ ਨੂੰ ਜੀ ਆਇਆ ਕਿਹਾ ਗਿਆ।

ਮੀਟਿੰਗ ਵਿੱਚ ਖੇਤੀ ਸੰਦਾਂ ਦੇ ਵਿੱਚ ਹੋਏ ਘਪਲੇ ਦੇ ਮਾਮਲੇ ਸਬੰਧੀ ਛੋਟੇ ਮੁਲਾਜ਼ਮਾਂ ਤੇ ਕਾਰਵਾਈ ਦੀ ਨੀਤੀ ਨੂੰ ਮਾਮਲੇ ਤੋਂ ਧਿਆਨ ਭਟਕਾਉਣ ਦੇ ਤੁੱਲ ਦੱਸਦਿਆਂ ਇਸ ਘਪਲੇ ਦੇ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ ਨਿਰਪੱਖ ਜਾਂਚ ਪੜਤਾਲ ਦੀ ਮੰਗ ਵੀ ਕੀਤੀ ਗਈ।

ਮੀਟਿੰਗ ਨੇ ਸਰਬ ਸੰਮਤੀ ਨਾਲ ਹੀ ਫੈਸਲਾ ਕਰਕੇ ਐਲਾਨ ਕੀਤਾ ਕਿ ਪੰਜਾਬ ਦੇ ਪਾਣੀਆਂ ਅਤੇ ਵਾਤਾਵਰਨ ਨਾਲ ਸੰਬੰਧਿਤ ਮੁੱਦਿਆਂ, ਕਰਜ਼ਾ ਮੁਕਤੀ, ਸੰਘੀ ਢਾਂਚੇ ਉੱਪਰ ਹੋ ਰਹੇ ਹਮਲਿਆਂ ਕਾਰਨ ਸੂਬੇ ਦੇ ਅਧਿਕਾਰਾਂ ਤੇ ਵੱਜ ਰਹੀ ਸੱਟ ਅਤੇ ਐਮ.ਐਸ.ਪੀ ਦੇ ਸਵਾਲ ਤੇ ਭਵਿੱਖੀ ਸੰਘਰਸ਼ ਦੀ ਅਗਲੀ ਰਣਨੀਤੀ ਘੜਨ ਲਈ 18 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ।

ਇੱਕ ਮਤਾ ਪਾ ਕੇ ਸੁਪਰੀਮ ਕੋਰਟ ਦੇ ਵਕੀਲ ਸ੍ਰੀ ਭਾਨੂੰ ਪ੍ਰਤਾਪ ਸਿੰਘ ਵਲੋਂ ਪਾਰਦਰਸ਼ੀ ਚੋਣਾਂ ਲਈ ਈ.ਵੀ.ਐਮ ਦੀ ਥਾਂ ਬੈਲਟ ਪੇਪਰਾਂ ਰਾਹੀ ਚੋਣਾਂ ਕਰਵਾਉਣ ਲਈ ਛੇੜੀ ਗਈ ਮੁਹਿੰਮ ਦਾ ਸਮਰਥਨ ਕੀਤਾ ਗਿਆ।

ਮੀਟਿੰਗ ਵਿੱਚ ਡਾ. ਦਰਸ਼ਨਪਾਲ, ਪਰਮਿੰਦਰ ਸਿੰਘ ਪਾਲ ਮਾਜਰਾ, ਬਲਦੇਵ ਸਿੰਘ ਨਿਹਾਲਗ੍ਹੜ, ਬੂਟਾ ਸਿੰਘ ਬੁਰਜਗਿੱਲ, ਵੀਰਪਾਲ ਸਿੰਘ ਢਿੱਲੋ, ਡਾ.ਸਤਨਾਮ ਸਿੰਘ ਅਜਨਾਲਾ, ਦਵਿੰਦਰ ਸਿੰਘ, ਮਨਜੀਤ ਸਿੰਘ ਧਨੇਰ, ਬਿੰਦਰ ਸਿੰਘ ਗੋਲੇਵਾਲਾ, ਨਛੱਤਰ ਸਿੰਘ ਜੈਤੋ, ਸੁੱਖਗਿੱਲ ਮੋਗਾ, ਰੁਲਦੂ ਸਿੰਘ ਮਾਨਸਾ, ਵੀਰ ਸਿੰਘ ਬੜਵਾ, ਰੂਪਬਸੰਤ ਸਿੰਘ, ਹਰਜਿੰਦਰ ਸਿੰਘ ਟਾਂਡਾ, ਹਰਜੀਤ ਸਿੰਘ ਰਵੀ, ਹਰਬੰਸ ਸਿੰਘ ਸੰਘਾ, ਪ੍ਰੇਮ ਸਿੰਘ ਭੰਗੂ, ਹਰਦੇਵ ਸਿੰਘ ਸੰਧੂ, ਕੰਵਲਪ੍ਰੀਤ ਸਿੰਘ ਪੰਨੂ, ਕਿਰਨਜੀਤ ਸੇਖੋਂ, ਬੋਘ ਸਿੰਘ ਮਾਨਸਾ, ਰਾਜਵਿੰਦਰ ਕੌਰ ਰਾਜੂ, ਅਵਤਾਰ ਸਿੰਘ ਮੇਹਲੋ, ਮੁਕੇਸ਼ ਚੰਦਰ, ਬਲਦੇਵ ਸਿੰਘ ਲਤਾਲਾ, ਅਵਤਾਰ ਸਿੰਘ ਮਹਿਮਾ, ਗੁਰਨਾਮ ਸਿੰਘ ਭੀਖੀ ਅਤੇ ਰਾਮਿੰਦਰ ਸਿੰਘ ਪਟਿਆਲਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।