Total views : 131857
ਕਿਹਾ ਅਕਲ ਨਾਲ ਵਸੀਲੇ ਪੈਦਾ ਹੋ ਸਕਦੇ ਹਨ ਪਰ ਵਸੀਲਿਆਂ ਨਾਲ ਅਕਲ ਪੈਦਾ ਨਹੀਂ ਹੋ ਸਕਦੀ
40 ਲੱਖ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਲਾਇਬ੍ਰੇਰੀ ਦਾ ਕੀਤਾ ਉਦਘਾਟਨ
ਫ਼ਰੀਦਕੋਟ 02 ਫ਼ਰਵਰੀ — ਪੜ੍ਹਾਈ ਤੇ ਅਕਲ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਪੜ੍ਹਾਈ ਕਰਨ ਨਾਲ ਅਕਲ ਆ ਜਾਂਦੀ ਹੈ ਅਤੇ ਅਕਲ ਨਾਲ ਵਸੀਲੇ ਪੈਦਾ ਕੀਤੇ ਜਾਂਦੇ ਹਨ ਪਰ ਵਸੀਲਿਆਂ ਨਾਲ ਅਕਲ ਪੈਂਦਾ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਐਮ.ਐਲ.ਏ. ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਕੋਟਕਪੂਰਾ ਰੋਡ ਤੇ ਸਥਿਤ ਸੱਭਿਆਚਾਰਕ ਕੇਂਦਰ ਵਿੱਚ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਇਸ ਲਾਇਬ੍ਰੇਰੀ ਦੀ ਉਸਾਰੀ ਕੀਤੀ ਗਈ ਹੈ ਜਿਸ ਵਿੱਚ 35 ਹਜ਼ਾਰ ਦੇ ਕਰੀਬ ਕਿਤਾਬਾਂ ਹਨ ਅਤੇ 20 ਕੰਪਿਊਟਰ ਜੋ ਕਿ ਜਲਦ ਹੀ ਫਰੀ ਇੰਟਰਨੈਂਟ ਦੀ ਸਹੂਲਤ ਨਾਲ ਲੈਸ ਹੋਣਗੇ। ਇਸ ਸਮੇਂ 4 ਹਜ਼ਾਰ ਦੇ ਕਰੀਬ ਲਾਇਬ੍ਰੇਰੀ ਦੇ ਮੈਂਬਰ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਵੀ ਉਚੇਚੇ ਤੌਰ ਤੇ ਹਾਜ਼ਰ ਸਨ।
ਸਪੀਕਰ ਸੰਧਵਾਂ ਨੇ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਪੜ੍ਹਾਈ ਸ਼ੇਰਨੀ ਦਾ ਦੁੱਧ ਪੀਣ ਦੇ ਬਰਾਬਰ ਹੈ ਜੋ ਜਿਨ੍ਹਾਂ ਪੀਂਦਾ ਹੈ ਉਨਾਂ ਹੀ ਦਹਾੜਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਡਾ.ਭੀਮ ਰਾਓ ਅੰਬੇਡਕਰ ਤੋਂ ਪ੍ਰੇਰਨਾ ਲੈਣ ਲਈ ਕਿਹਾ, ਜਿਨ੍ਹਾਂ ਨੇ 32 ਡਿਗਰੀਆਂ ਹਾਸਲ ਕੀਤੀਆਂ ਸਨ। ਅੱਜ ਤੋਂ 110 ਸਾਲ ਪਹਿਲਾਂ ਉਨ੍ਹਾਂ ਨੇ ਕੋਲੰਬੀਆ ਅਤੇ ਲੰਡਨ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਸੀ ਤੇ ਆਪਣੇ ਸਮੇਂ ਦੇ ਭਾਰਤ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀ ਸਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸੇ ਤਹਿਤ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸੂਬੇ ਭਰ ਵਿਚ ਲਾਇਬ੍ਰੇਰੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਐਮ.ਐਲ.ਏ. ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਲਾਇਬ੍ਰੇਰੀ ਵਿੱਚ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਆਯੋਜਿਤ ਕੀਤੇ ਜਾਂਦੇ ਇਮਤਿਹਾਨ ਜਿਵੇਂ ਕਿ ਯੂ.ਪੀ.ਐਸ.ਸੀ(ਆਈ.ਏ.ਐਸ, ਆਈ.ਪੀ.ਐਸ,ਪੀ.ਸੀ.ਐਸ) ਦੇ ਲਈ ਵੀ ਇਸ ਲਾਇਬਰੇਰੀ ਵਿੱਚ ਤਿਆਰੀ ਕਰਵਾਈ ਜਾਵੇਗੀ। ਇਸ ਸਬੰਧੀ ਅਧਿਆਪਕ ਵੀ ਨਿਯੁਕਤ ਕੀਤੇ ਜਾਣਗੇ ਅਤੇ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਨੌਜਵਾਨਾਂ ਤੇ ਬੱਚਿਆਂ ਨੂੰ ਕਿਹਾ ਕਿ ਪੜ੍ਹਾਈ ਕਰਨ ਵੇਲੇ ਉਨ੍ਹਾਂ ਦਾ ਕਮਰਾ ਹਮੇਸ਼ਾ ਅਲੱਗ ਹੋਣਾ ਚਾਹੀਦਾ ਹੈ ਜੇਕਰ ਕਮਰਾ ਅਲੱਗ ਨਾ ਵੀ ਹੋਵੇ ਤਾਂ ਘਰ ਵਿੱਚ ਇੱਕ ਅਲੱਗ ਮੇਜ਼ ਤੇ ਕੁਰਸੀ ਲਗਾਉਣੀ ਚਾਹੀਦੀ ਹੈ ਜਿਸ ਤੇ ਲੋੜ ਦਾ ਸਾਜ਼ੋ ਸਮਾਨ ਕਾਪੀਆਂ, ਕਿਤਾਬਾਂ ਰੱਖੀਆਂ ਹੋਣ।
ਸ. ਸੇਖੋਂ ਨੇ ਕਿਹਾ ਕਿ ਸਾਡਾ ਮੰਤਵ ਬੱਚਿਆਂ ਤੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਣਾ ਹੈ ਤਾਂ ਕਿ ਉਹ ਚੰਗੇ ਇਨਸਾਨ ਬਣ ਸਕਣ ਜੋ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਹੀ ਸੇਧ ਦੇਣ ਲਈ ਲਾਇਬਰੇਰੀਆਂ ਦੀ ਅਹਿਮ ਲੋੜ ਹੈ।
ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਕਿਤਾਬਾਂ ਦਾ ਉਹ ਬੇਸ਼ਕੀਮਤੀ ਖਜ਼ਾਨਾ ਹਨ ਜਿਸ ਵਿਚੋਂ ਪੜ੍ਹੀਆਂ ਚੰਗੀਆਂ ਕਿਤਾਬਾਂ ਮਨੁੱਖ ਦਾ ਜੀਵਨ ਬਦਲ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਵਿਚ ਕੋਈ ਵੀ ਪੜਾਈ ਕਰਨ ਵਾਲਾ ਬੱਚਾ ਪੜ੍ਹਾਈ ਦੀਆਂ ਕਿਤਾਬਾਂ ਲੈ ਸਕਦਾ ਹੈ ਅਤੇ ਉੱਥੇ ਬੈਠਕੇ ਪੜ੍ਹ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਸ੍ਰੀ ਰਾਜ਼ੇਸ਼ ਕੁਮਾਰ, ਡਿਪਟੀ ਡੀ.ਈ.ਓ. ਸ੍ਰੀ ਪ੍ਰਦੀਪ ਦਿਉੜਾ, ਕੰਵਰਜੀਤ ਸਿੰਘ ਓਪ ਜ਼ਿਲ੍ਹਾ ਭਾਸ਼ਾ ਅਫ਼ਸਰ, ਅਮਨਦੀਪ ਸਿੰਘ ਸੰਧੂ ਅਤੇ ਮਨਿੰਦਰ ਸਿੰਘ ਹਾਜ਼ਰ ਸਨ।