Total views : 131858
ਜੈਤੋਂ/ ਅੰਮ੍ਰਿਤਸਰ, 19 ਫਰਵਰੀ -( ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਸ਼੍ਰੋਮਣੀ ਕਮੇਟੀ ਵੱਲੋਂ ਜੈਤੋ ਮੋਰਚੇ ਦੇ ਇਤਿਹਾਸ ਨੂੰ ਤਸਵੀਰਾਂ ਰਾਹੀਂ ਰੂਪਮਾਨ ਕਰਦੀ ਸਚਿੱਤਰ ਪੁਸਤਕ ਵੀ ਅੱਜ ਸ਼ਤਾਬਦੀ ਸਮਾਗਮਾਂ ਦੇ ਪਹਿਲੇ ਦਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਕੀਤੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਸਿੱਖ ਇਤਿਹਾਸ ਅੰਦਰ ਜੈਤੋ ਦੇ ਮੋਰਚੇ ਦਾ ਵੱਡਾ ਮਹੱਤਵ ਹੈ, ਜਿਸ ਨੂੰ ਅਗਲੀ ਪੀੜ੍ਹੀ ਤੱਕ ਲਿਜਾਣ ਲਈ ਸਚਿੱਤਰ ਪੁਸਤਕ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਤਿਹਾਸਕਾਰ ਸ. ਹਰਵਿੰਦਰ ਸਿੰਘ ਖਾਲਸਾ ਨੇ ਇਸ ਪੁਸਤਕ ਵਿਚ ਉਸ ਸਮੇਂ ਦੀਆਂ ਕਈ ਅਹਿਮ ਤਸਵੀਰਾਂ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਜੈਤੋ ਦੇ ਮੋਰਚੇ ਦੇ ਸਾਰੇ ਜਥਿਆਂ ਅਤੇ ਸ਼ਹੀਦਾਂ ਦੇ ਵੇਰਵੇ ਦਰਜ ਕੀਤੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਪੁਸਤਕ ਜੈਤੋ ਮੋਰਚੇ ਦੇ 100 ਸਾਲਾ ਸਮਾਗਮਾਂ ਦੀ ਵਿਸ਼ੇਸ਼ ਗਵਾਹੀ ਵਜੋਂ ਸੰਗਤਾਂ ਵਿਚ ਆਪਣਾ ਸਥਾਨ ਗ੍ਰਹਿਣ ਕਰੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਚਿੱਤਰ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ, ਜਿਸ ਵਿਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨਾਲ ਸਬੰਧਤ ਵੱਖ-ਵੱਖ ਤਸਵੀਰਾਂ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਲਗਾਈਆਂ ਗਈਆਂ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼ਤਾਬਦੀ ਦੇ ਅੱਜ ਸ਼ੁਰੂ ਹੋਏ ਸਮਾਗਮ 21 ਫ਼ਰਵਰੀ ਤੱਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ 20 ਫ਼ਰਵਰੀ ਦੇ ਸਮਾਗਮ ਵਿਚ ਵੱਖ-ਵੱਖ ਗੁਰਮਤਿ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਕਵਿਤਾ, ਕਵੀਸ਼ਰੀ, ਢਾਡੀ ਕਲਾ ਅਤੇ ਭਾਸ਼ਣ ਰਾਹੀਂ ਇਤਿਹਾਸ ਸਾਂਝਾ ਕਰਨਗੇ। ਇਸ ਦੇ ਨਾਲ ਹੀ ਵਿਸ਼ਾਲ ਅੰਮ੍ਰਿਤ ਸੰਚਾਰ ਸਮਾਗਮ ਵੀ ਹੋਵੇਗਾ, ਜਿਸ ਵਿਚ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਗਤਕੇ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਦਾ ਮੁੱਖ ਸਮਾਗਮ 21 ਫ਼ਰਵਰੀ ਨੂੰ ਵਿਸ਼ਾਲ ਪੱਧਰ ‘’ਤੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਪੰਥ ਦੀ ਪ੍ਰਮੁੱਖ ਹਸਤੀਆਂ ਅਤੇ ਰਾਗੀ, ਢਾਡੀ ਜਥੇ ਪੁੱਜਣਗੇ। ਮੁੱਖ ਸਮਾਗਮ ਦੌਰਾਨ ਜੈਤੋ ਮੋਰਚੇ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਸਾਰੇ ਪਰਿਵਾਰਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ, ਪਰ ਫਿਰ ਵੀ ਜੇਕਰ ਕੋਈ ਪਰਿਵਾਰ ਰਹਿ ਗਿਆ ਹੋਵੇ ਤਾਂ ਉਹ ਵੀ ਪੁੱਜਣ ਦੀ ਖੇਚਲ ਕਰੇ, ਤਾਂ ਜੋ ਸਭ ਨੂੰ ਸਨਮਾਨ ਦਿੱਤਾ ਜਾ ਸਕੇ।