Total views : 131897
ਬਿਜਲੀ ਕੱਟਾਂ ਤੋਂ ਮਿਲੇ ਨਿਜ਼ਾਤ ਤੇ ਸਨਅਤ ਲਈ ਖੁੱਲੇਗਾ ਰਸਤਾ-ਧਾਲੀਵਾਲ
ਅੰਮ੍ਰਿਤਸਰ, 21 ਫਰਵਰੀ (ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਸਰਹੱਦੀ ਇਲਾਕਾ ਅਜਨਾਲਾ ਦਾ ਬਿਜਲੀ ਘਰ ਜੋ ਕਿ 1968 ਵਿਚ ਬਣਿਆ ਸੀ, ਦੀ 55 ਸਾਲ ਬਾਅਦ ਸਰਕਾਰ ਨੇ ਮੁੜ ਸੁਣੀ ਹੈ। ਹੁਣ ਇਹ ਬਿਜਲੀ ਘਰ 66 ਕੇ ਵੀ ਸਮਰੱਥਾ ਤੋਂ ਵੱਧ ਕੇ 220 ਕੇ ਵੀ ਹੋਣ ਜਾ ਰਿਹਾ ਹੈ, ਜਿਸ ਨਾਲ ਇਲਾਕੇ ਵਿਚ ਬਿਜਲੀ ਸਪਲਾਈ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ। ਅੱਜ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸ. ਕੁਲਦੀਪ ਸਿਘ ਧਾਲੀਵਾਲ ਦੀ ਹਾਜ਼ਰੀ ਵਿਚ ਇਸ ਬਿਜਲੀ ਘਰ ਨੂੰ ਅਪਗ੍ਰੇਡ ਕਰਨ ਦੀ ਸ਼ੁਰੂਆਤ ਕੀਤੀ। ਉਨਾਂ ਇਸ ਮੌਕੇ ਦੱਸਿਆ ਕਿ ਮੈਨੂੰ ਜਦੋਂ ਸ. ਧਾਲੀਵਾਲ ਨੇ ਅਜਨਾਲਾ ਦੀ ਬਿਜਲੀ ਸਪਲਾਈ ਦੀ ਮੌਜੂਦਾ ਹਾਲਤ ਬਾਰੇ ਜਾਣੂੰ ਕਰਵਾਇਆ ਤਾਂ ਮੈਂ ਤਰੁੰਤ ਅਧਿਕਾਰੀਆਂ ਨੂੰ ਇਸ ਲਈ ਠੋਸ ਯੋਜਨਾ ਉਲੀਕਣ ਦੀ ਹਦਾਇਤ ਕੀਤੀ, ਜਿੰਨਾ ਨੇ ਇਸ ਬਿਜਲੀ ਘਰ ਦੀ ਸਮਰੱਥਾ ਵਧਾਉਣ ਦਾ ਪ੍ਰਸਤਾਵ ਦਿੱਤਾ, ਜਿਸ ਨੂੰ ਨਾਲ ਦੀ ਨਾਲ ਪਾਸ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਹੁਣ ਲਗਭਗ 35 ਕਰੋੜ ਰੁਪਏ ਦੀ ਲਾਗਤ ਨਾਲ ਇਹ ਬਿਜਲੀ ਘਰ ਅਪਗ੍ਰੇਡ ਹੋਵੇਗਾ, ਜਿਸ ਨਾਲ ਅਜਨਾਲਾ ਤੋਂ ਇਲਾਵਾ ਚੱਕ ਡੋਗਰਾ, ਗੱਗੋਮਾਹਲ, ਡਿਆਲ ਭੜੰਗ ਦੇ ਬਿਜਲੀ ਘਰਾਂ ਤੋਂ ਚੱਲਦੇ 115 ਪਿੰਡਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਇੰਨਾ ਪਿੰਡਾਂ ਨੂੰ ਪਹਿਲਾਂ ਬਿਜਲੀ ਸਪਲਾਈ ਫਤਿਹਗ਼ੜ ਚੂੜੀਆਂ ਤੋਂ ਹੁੰਦੀ ਸੀ, ਜੋ ਕਿ ਪਹਿਲਾਂ ਹੀ ਓਵਰਲੋਡ ਚੱਲ ਰਿਹਾ ਹੈ। ਇਸ ਤਰਾਂ ਇਸ ਬਿਜਲੀ ਘਰ ਦੇ ਅਪਗ੍ਰੇਡ ਹੋਣ ਨਾਲ ਦੋਵਾਂ ਕਸਬਿਆਂ ਨੂੰ ਫਾਇਦਾ ਹੋਵੇਗਾ।
ਇਸ ਮੌਕੇ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਸ ਵੱਡੇ ਸੁਧਾਰ ਲਈ ਬਿਜਲੀ ਮੰਤਰੀ ਸ. ਹਰਭਜਨ ਸਿਘ ਈ ਟੀ ਓ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਸਾਡੀ ਮਾੜੀ ਬਿਜਲੀ ਸਪਲਾਈ ਕਾਰਨ ਸਾਡੀ ਗਰਮੀ ਔਖੀ ਨਿਕਲਦੀ ਸੀ, ਸਨਅਤ ਨੇ ਤਾਂ ਕੀ ਆਉਣਾ ਸੀ। ਉਨਾਂ ਕਿਹਾ ਕਿ ਬਿਜਲੀ ਸਪਲਾਈ ਦੀ ਮਾੜੀ ਸਪਲਾਈ ਕਾਰਨ ਸਾਡੇ ਹੋਰ ਸਨਅਤ ਤਾਂ ਕੀ ਲੱਗਣੀ ਸੀ, ਕੋਈ ਸ਼ੈਲਰ ਤੱਕ ਨਹੀਂ ਲੱਗਾ। ਉਨਾਂ ਕਿਹਾ ਕਿ ਹੁਣ 18 ਕਿਲੋਮੀਟਰ ਲੰਬੀ ਟਰਾਂਸਮਿਸ਼ਨ ਲਾਇਨ ਵੀ ਨਾਲ ਉਸਾਰੀ ਜਾਵੇਗੀ, ਜਿਸ ਨਾਲ ਬਿਜਲੀ ਸਪਲਾਈ ਵਿਚ ਸੁਧਾਰ ਹੋਵੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣ ਦੀ ਆਸ ਬਣੇਗੀ। ਇਸ ਮੌਕੇ ਇੰਜੀਨੀਅਰ ਵਰਦੀਪ ਸਿੰਘ ਮੰਡੇਰ ਡਾਇਰੈਕਟਰ ਤਕਨੀਕ, ਇੰਜੀ ਸ੍ਰੀ ਸਤਿੰਦਰ ਸ਼ਰਮਾ ਮੁੱਖ ਇੰਜੀ ਬਾਰਡਰ ਜੋਨ, ਇੰਜੀ ਸ੍ਰੀ ਸੰਦੀਵ ਸੂਦ ਸਮੇਤ ਹੋਰ ਸੀਨੀਅਰ ਅਧਿਕਾਰੀ ਤੇ ਮੋਹਤਬਰ ਵੀ ਹਾਜ਼ਰ ਸਨ।
ਕੈਪਸ਼ਨੇ
ਅਜਨਾਲਾ ਵਿਖੇ ਬਿਜਲੀ ਗਰਿਡ ਨੂੰ ਅਪਗ੍ਰੇਡ ਕਰਨ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ। ਨਾਲ ਹਨ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਤੇ ਹੋਰ।