Total views : 131856
ਗਾਇਕ ਸਲੀਮ ਸਿਕੰਦਰ ਨੇ ਆਖਰੀ ਦਿਨ ਅੰਮ੍ਰਿਤਸਰੀਆਂ ਦੇ ਮਨ ਮੋਹੇ
ਅੰਮ੍ਰਿਤਸਰ,29 ਫਰਵਰੀ- ( ਸਵਿੰਦਰ ਸਿੰਘ )- ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਰਾਜ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਕਰਵਾਇਆ ਗਿਆ ‘ਰੰਗਲਾ ਪੰਜਾਬ ਮੇਲਾ’ ਅੱਜ ਆਪਣੀਆਂ ਸ਼ਿਖਰਾਂ ਨੂੰ ਛੂੰਹਦਾ ਹੋਇਆ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ। ਇਸ ਮੇਲੇ ਵਿੱਚ ਜਿੱਥੇ ਲਗਾਤਾਰ ਸੱਤ ਦਿਨ ਪੰਜਾਬ ਦੇ ਨਾਮਵਰ ਗਾਇਕਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ , ਉੱਥੇ ਫੂਡ ਸਟਰੀਟ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਲੋਕਾਂ ਨੇ ਅੰਮ੍ਰਿਤਸਰੀ ਖਾਣੇ ਦਾ ਸਵਾਦ ਚੱਖਿਆ।
ਹੈਰੀਟੇਜ ਸਟਰੀਟ ਵਿੱਚ ਸੇਵਾ ਨੂੰ ਉਤਸ਼ਾਹਤ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤੇ ਗਏ ਦਾਨ ਅਤੇ ਸੇਵਾ ਦੇ ਉਦਮ ਨੂੰ ਅੰਮ੍ਰਿਤਸਰੀਆਂ ਨੇ ਭਰਵਾਂ ਪਿਆਰ ਦਿੱਤਾ। ਅੰਮ੍ਰਿਤਸਰ ਦੀਆਂ ਕੰਧਾਂ ਉੱਤੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀਆਂ ਬੋਲੀਆਂ, ਗੀਤ ਅਤੇ ਪੇਂਟਿੰਗ ਨੂੰ ਰਾਹਗੀਰਾਂ ਦਾ ਬਹੁਤ ਸਲਾਹਿਆ। ਇਸ ਦੌਰਾਨ ਗਿੰਨਜ ਬੁੱਕ ਵਿੱਚ ਵਰਲਡ ਰਿਕਾਰਡ ਬਣਾਉਂਦਾ ਹੋਇਆ ਵੱਡਾ ਪਰੌਂਠਾ ਵੀ ਬਣਾਇਆ ਗਿਆ ਅਤੇ ਪੰਜਾਬੀ ਸਾਹਿਤ ਦੇ ਕਈ ਪਹਿਲੂਆਂ ਉੱਤੇ ਵਿਦਵਾਨਾਂ ਨੇ ਚਰਚਾ ਵੀ ਕੀਤੀ।
ਇਸੇ ਦੌਰਾਨ ਅੰਮ੍ਰਿਤਸਰ ਦੇ ਸਮਰ ਪੈਲਸ ਉੱਪਰ ਰੌਸ਼ਨੀ ਅਤੇ ਆਵਾਜ਼ ਦਾ ਬੇਜੋੜ ਸੰਗਮ ਜੋ ਕਿ ਪੰਜਾਬ ਦੇ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਤੇ ਕੇਂਦਰਿਤ ਸੋ਼ਅ ਹੈ, ਸਥਾਈ ਤੌਰ ਉਤੇ ਚਾਲੂ ਕਰ ਦਿੱਤਾ ਗਿਆ, ਜੋ ਕਿ ਕਈ ਸਾਲਾਂ ਤੱਕ ਪੰਜਾਬੀਆਂ ਦੇ ਇਤਿਹਾਸ ਉਤੇ ਚਾਨਣਾ ਪਾਉਂਦਾ ਰਹੇਗਾ। ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਦਾ ਸੰਦੇਸ਼ ਦੇਣ ਲਈ ਬੀਐਸਐਫ ਦੇ ਸਹਿਯੋਗ ਨਾਲ ਪੰਜ ਕਿਲੋਮੀਟਰ ਤੋਂ ਲੈ ਕੇ ਮੈਰਾਥਨ ਦੌੜ ਕਰਵਾਈਆਂ ਗਈਆਂ, ਜਿਸ ਵਿੱਚ ਹਜ਼ਾਰਾਂ ਅਥਲੀਟਾਂ ਨੇ ਭਾਗ ਲਿਆ।
ਅੱਜ ਪ੍ਰੋਗਰਾਮ ਦੀ ਸਮਾਪਤੀ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀ ਰਾਕੇਸ਼ ਪੋਪਲੀ, ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਪੁੱਡਾ ਦੇ ਵਧੀਕ ਪ੍ਰਸ਼ਾਸਕ ਸ੍ਰੀ ਰਜਤ ਉਬਰਾਏ ਅਤੇ ਐਕਸੀਅਨ ਭੁਪਿੰਦਰ ਸਿੰਘ ਚਾਨਾ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੇ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਮੇਲੇ ਨੂੰ ਮਿਲੇ ਸਹਿਯੋਗ ਲਈ ਸ਼ਹਿਰ ਵਾਸੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।