Total views : 131911
ਅੰਮ੍ਰਿਤਸਰ, 04 ਮਾਰਚ-( ਸਿਕੰਦਰ ਮਾਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਗੁਰੂ ਰਾਮਦਾਸ ਜੀ ਵੱਲੋਂ ਅੱਜ ਵੇਰਕਾ ਵਿਖੇ ਕਿਸਾਨਾਂ ਮਜ਼ਦੂਰਾ ਦੀ ਨਵੀਂ ਇਕਾਈ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਕਸ਼ਮੀਰ ਸਿੰਘ ਨੂੰ ਪ੍ਰਧਾਨ, ਬਲਜੀਤ ਸਿੰਘ ਨੂੰ ਸਕੱਤਰ ਸਮੇਂਤ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜੋਨ ਪ੍ਰਧਾਨ ਕਵਲਜੀਤ ਸਿੰਘ ਵੰਨਚੜੀ, ਮਨਰਾਜ ਸਿੰਘ ਵੱਲਾ ਅਤੇ ਮੰਗਬੀਰ ਸਿੰਘ ਪੰਡੋਰੀ ਵੜੈਚ ਨੇ ਕਿਹਾ ਕਿ ਖੇਤੀ ਕਿੱਤੇ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਚੱਲ ਰਹੇ ਅੰਦੋਲਨਾਂ ਵਿੱਚ ਕਿਸਾਨਾਂ ਮਜ਼ਦੂਰਾ ਦਾ ਲਾਮਬੰਦ ਹੋਣਾ ਸੰਘਰਸ਼ ਦੇ ਸਹੀ ਦਿਸ਼ਾ ਵੱਲ ਹੋਣ ਦਾ ਸਬੂਤ ਹੈ। ਇੱਕ ਪਾਸੇ ਦੇਸ਼ ਭਰ ਦੇ ਕਿਸਾਨ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਹੋਣ ਅਤੇ ਦੂਜੇ ਪਾਸੇ ਸਰਕਾਰ ਕਿਸਾਨਾਂ ‘ਤੇ ਜ਼ਬਰ ਕਰੇ, ਇਹ ਦੇਸ਼ ਵਿਚ ਲੋਕਤੰਤਰ ਨੂੰ ਖਤਮ ਕਰਕੇ ਤਾਨਸ਼ਾਹੀ ਰਾਜ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਹਨ। ਪਰ ਦੇਸ਼ ਦੇ ਕਿਸਾਨ ਮਜ਼ਦੂਰ ਅਜਿਹਾ ਨਹੀਂ ਹੋਣ ਦੇਣਗੇ।
ਕਿਸਾਨ ਆਗੂਆਂ ਨੇ ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਦੇ ਕਿਸਾਨ ਵਿਰੋਧੀ ਦਿੱਤੇ ਬਿਆਨ ਕਿ ਪੰਜਾਬ ਵਿੱਚ ਫ਼ਸਲਾਂ ਉੱਤੇ ਐੱਮ.ਐੱਸ.ਪੀ ਹੋਣ ਦੇ ਬਾਵਜੂਦ ਕਿਸਾਨ ਆਗੂ ਨੌਜਵਾਨਾਂ ਨੂੰ ਭੜਕਾ ਕੇ ਅੰਦੋਲਨ ਕਰ ਰਹੇ ਹਨ, ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਬੀਜੀਆਂ ਜਾਂਦੀਆਂ ਬਾਕੀ ਫ਼ਸਲਾਂ ਮੱਕੀ, ਮੂੰਗੀ, ਗੰਨਾ, ਕਪਾਹ, ਤੇਲ ਬੀਜ਼ ਅਤੇ ਹੋਰ ਫ਼ਸਲਾਂ ਉੱਤੇ ਕਿੱਥੇ ਐੱਮ.ਐੱਸ.ਪੀ ਮਿਲ ਰਹੀ ਹੈ। ਇਹ ਫ਼ਸਲਾਂ ਅੱਧ ਰੇਟ ਉੱਤੇ ਖਰੀਦ ਕੇ ਹੀ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਅੰਦੋਲਨ ਦੇ ਅਗਲੇ ਪੜਾਅ ਤਹਿਤ 6 ਮਾਰਚ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਮਜ਼ਦੂਰ ਦਿੱਲੀ ਵੱਲ ਕੂਚ ਕਰਨਗੇ ਅਤੇ 10 ਮਾਰਚ ਨੂੰ ਦੇਸ਼ ਭਰ ਵਿੱਚ ਰੇਲਾਂ ਦਾ ਚੱਕਾ ਜ਼ਾਮ ਕੀਤਾ ਜਾਵੇਗਾ।ਇਸ ਮੌਕੇ ਸੁਖਬੀਰ ਸਿੰਘ, ਮਨਜੀਤ ਸਿੰਘ, ਮਹਾਂਬੀਰ ਸਿੰਘ, ਅਮਨਦੀਪ ਸਿੰਘ, ਬਾਬਾ ਬਲਦੇਵ ਸਿੰਘ, ਲਖਵਿੰਦਰ ਸਿੰਘ ਸਰਬਜੀਤ ਸਿੰਘ,ਹਰਦੇਵ ਸਿੰਘ, ਬਲਵਿੰਦਰ ਸਿੰਘ, ਅਮੋਲਕ ਸਿੰਘ, ਕਾਬਲ ਸਿੰਘ, ਹਰਦੇਵ ਸਿੰਘ, ਪਤਵੰਤ ਸਿੰਘ, ਸੁਰਿੰਦਰ ਸਿੰਘ ਆਦਿ ਆਗੂ ਚੁਣੇ ਗਏ।