Total views : 131859
ਮਾਨ ਸਰਕਾਰ ਨੇ ਪੰਜਾਬ ਦੀ ਜਨਤਾ ਤੇ ਕੋਈ ਨਵਾਂ ਟੈਕਸ ਨਹੀਂ ਲਾਇਆ –
ਅੰਮ੍ਰਿਤਸਰ, 05 ਮਾਰਚ-(ਸਿਕੰਦਰ ਮਾਨ)- ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰਾ ਜਸਕਰਨ ਬੰਦੇਸ਼ਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਸਰਕਾਰ ਦਾ ਬਜਟ ਪੇਸ਼ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਜਟ ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ 2 ਲੱਖ ਕਰੋੜ ਤੋਂ ਵੱਧ ਰਾਸ਼ੀ ਦੀ ਹੱਦ ਪਾਰ ਕਰਕੇ ਇਤਿਹਾਸਿਕ ਮੀਲ ਪੱਥਰ ਸਾਬਿਤ ਹੋਇਆ ਹੈ। ਪੰਜਾਬ ਦੇ ਸਿਹਤ, ਸਿੱਖਿਆ, ਖੇਤੀ ਲਈ ਕ੍ਰਾਂਤੀਕਾਰੀ ਹੋਣ ਸਮੇਤ ਪੰਜਾਬ ਦੇ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਉਦਯੋਗਾਂ ਤੇ ਵਪਾਰ ਨੂੰ ਸਹੂਲਤਾਂ ਦੇਣ ਵਾਲਾ ਰਚਨਾਤਮਕ ਉਸਾਰੂ ਬਜਟ ਸਾਬਿਤ ਹੋਣ ‘ਤੇ ਮੋਹਰ ਲਗਾਉਂਦਾ ਹੈ। ਜਿਸ ਦੇ ਨਤੀਜੇ ਵਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲਿਆ ਗਿਆ ਰੰਗਲਾ ਪੰਜਾਬ ਬਨਾਉਣ ਦਾ ਸੁਫਨਾ ਸਾਕਾਰ ਕਰਨ ਲਈ ਕਈ ਕਦਮ ਹੋਰ ਅੱਗੇ ਵਧਾਉਂਦਾ ਹੈ। ਉਨ੍ਹਾਂ ਨੇ ਇਸ ਵਿਕਾਸ ਮੁਖੀ ਤੇ ਪੰਜਾਬ ਲਈ ਰਚਨਾਤਮਕ ਬਜਟ ਦਾ ਸਵਾਗਤ ਕਰਦਿਆਂ ਕਿਹਾ ਕਿ ਬਜਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਟੈਕਸਾਂ ਦੀ ਚੋਰੀ ਰੋਕਣ ਅਤੇ ਹੋਰ ਵੱਖ-ਵੱਖ ਜਾਇਜ ਸ੍ਰੋਤਾਂ ਤੋਂ ਸਰਕਾਰ ਨੂੰ ਸਾਲ 2024-25 ‘ਚ ਇੱਕ ਲੱਖ ਕਰੋੜ ਤੋਂ ਵੱਧ ਮਾਲੀਆ ਪ੍ਰਾਪਤ ਹੋਵੇਗਾ ਅਤੇ ਇਸ ਮਾਲੀਏ ਦੀ ਇਤਿਹਾਸਿਕ ਪ੍ਰਾਪਤੀ ਨਾਲ ਪੰਜਾਬ ‘ਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ) ਨੂੰ ਹੋਰ ਉਤਸ਼ਾਹਿਤ ਕਰਨ ਅਤੇ ਇਸ ਵਪਾਰ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ, ਮੁਕਾਬਲੇਬਾਜੀ ਨੂੰ ਵਧਾਉਣ ਦੇ ਨਾਲ-ਨਾਲ ਛੋਟੇ ਉਦਯੋਗਾਂ ਦੇ ਵਿਸਥਾਰ ਤੇ ਨਵੀਨਤਾ ਲਈ ਵਿੱਤੀ ਸੰਸਥਾਵਾਂ ਤੋਂ ਲੋੜੀਂਦੇ ਕਰਜੇ ਸੁਖਾਲੇ ਤੇ ਨਿਰੰਤਰ ਪ੍ਰਵਾਹ ਨੂੰ ਯਕੀਨੀ ਬਨਾਉਣ ਹਿੱਤ ਇਕ ਨਵਾਂ ਐਮ.ਐਸ.ਐਮ.ਈ ਵਿੰਗ ਸਥਾਪਿਤ ਕਰਨ ਦੀ ਰੱਖੀ ਗਈ ਤਜਵੀਜ ਅਤੇ ਪਹਿਲਾਂ ਤੋਂ ਸੰਚਾਲਿਤ ਉਦਯੋਗਿਕ ਖੇਤਰ ਲਈ ਸਬਸਿਡੀ ਵਾਲੀ ਬਿਜਲੀ ਸਮੇਤ ਹੋਰ ਸਹੂਲਤਾਂ ਲਈ 3376 ਕਰੋੜ ਰੁਪਏ ਦੀ ਬਜਟ ‘ਚ ਵਿਵਸਥਾ ਕੀਤੇ ਜਾਣ ਤੋਂ ਪ੍ਰਤੱਖ ਹੋ ਗਿਆ ਹੈ ਕਿ ਖੇਤੀ ਪਿੱਛੋਂ ਰੁਜਗਾਰ ਦੇ ਵੱਡੇ ਸਾਧਨ ਉਦਯੋਗਾਂ ਤੇ ਵਪਾਰ ਨੂੰ ਹੁਣ ਕੋਈ ਵੀ ਸ਼ਕਤੀ ਬੁਰੀ ਨਜਰ ਨਹੀਂ ਲਗਾ ਸਕੇਗੀ ਅਤੇ ਲਾਲ ਫੀਤਾਸ਼ਾਹੀ ਵੀ ਸਨਅਤਾਂ ਤੇ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਦਭਾਵੀ ਭੂਮਿਕਾ ‘ਚ ਨਜਰ ਆਵੇਗੀ।
ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ‘ਚ ਮਾਫੀਆ ਰਾਜ ਨੂੰ ਵੱਡੀ ਪੱਧਰ ‘ਤੇ ਨਕੇਲ ਪਾਏ ਜਾਣ ਕਾਰਨ ਪੰਜਾਬ ‘ਚ ਆਮਦਨ ਦੇ ਸਰੋਤ ਸਥਿਰ ਰੂਪ ‘ਚ ਵੱਧਣ ਦੇ ਨਤੀਜੇ ਵਜੋਂ ਹੀ ਜਿੱਥੇ ਪੰਜਾਬ ਦਾ ਬਜਟ 2 ਲੱਖ ਕਰੋੜ ਤੋਂ ਵੱਧ ਰਾਸ਼ੀ ਦਾ ਪੇਸ਼ ਕੀਤਾ ਜਾਣਾ ਸੰਭਵ ਹੋ ਸਕਿਆ ਹੈ ਓਥੇ ਸਰਕਾਰੀ ਵਿੱਦਿਆ ਨੂੰ ਸਮੇਂ ਦੀ ਹਾਣੀ ਬਨਾਉਣ ਲਈ ਸੂਬੇ ਵਿੱਚ ਸਕੂਲ ਆਫ ਐਮੀਨੈਂਸ ਤੋਂ ਬਾਅਦ ਹੁਣ ਪਹਿਲੇ ਪੜਾਅ ‘ਚ 100 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ ਬ੍ਰਿਲੀਅਨਜ਼ ਤਬਦੀਲ ਕਰਨ ਲਈ 10 ਕਰੋੜ ਰੁਪਏ ਸ਼ੁਰੂਆਤੀ ਰਕਮ ਰੱਖੀ ਗਈ ਹੈ। ਜਦੋਂ ਕਿ ਵਿਦਿਆਰਥੀਆਂ ਵਿਚ ਤਕਨੀਕੀ ਹੁਨਰ ਵਿਕਸਿਤ ਕਰਨ ਲਈ ਸਕੂਲ ਆਫ ਅਪਲਾਈਡ ਲਰਨਿੰਗ ਸਥਾਪਿਤ ਕਰਨ ਹਿੱਤ ਪਹਿਲੇ ਪੜਾਅ ਵਿੱਚ 40 ਸਕੂਲਾਂ ਲਈ 10 ਕਰੋੜ ਰੁਪਏ ਅਤੇ ਸਰਕਾਰੀ ਸਿੱਖਿਆ ਕ੍ਰਾਂਤੀ ਨੂੰ ਅੱਗੇ ਤੋਰਦਿਆਂ 11 ਸਾਲ ਤੱਕ ਦੇ ਬੱਚਿਆਂ ਲਈ 100 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਤਬਦੀਲ ਕਰਨ ਲਈ ਵੱਖਰੇ ਤੌਰ ‘ਤੇ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਤਾਂ ਜੋ ਇਸ ਰਕਮ ਦੇ ਖਰਚੇ ਨਾਲ ਬੱਚਿਆਂ ਲਈ ਸਕੂਲਾਂ ‘ਚ ਪੜ੍ਹਾਈ ਦਾ ਮਾਹੌਲ ਅਨੁਕੂਲ ਬਨਾਉਣ ਅਤੇ ਸਿੱਖਿਆ ਦੀ ਨੀਂਹ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਪੰਜਾਬ ਬੁਲਾਰਾ ਜਸਕਰਨ ਬੰਦੇਸ਼ਾ ਨੇ ਔਰਤਾਂ ਲਈ ਬੱਸਾਂ ‘ਚ ਮੁਫਤ ਸਫਰ ਦੀ ਸਹੂਲਤ ਲਈ ਅਗਲੇ ਵਿੱਤੀ ਸਾਲ ਵਿੱਚ 450 ਕਰੋੜ ਰੁਪਏ ਰਾਖਵੇਂ ਰੱਖੇ ਜਾਣ, ਰੇਤ ਦੀ ਕਾਲਾ ਬਜਾਰੀ ਨੂੰ ਰਹਿੰਦੀ ਖੂਹੰਦੀ ਨਕੇਲ ਪਾਉਣ ਲਈ ਰੇਤ ਦੀਆਂ 16 ਨਵੀਆਂ ਸਾਈਟਾਂ ਸ਼ੁਰੂ ਕਰਕੇ ਖਪਤਕਾਰਾਂ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਮੁਹੱਈਆ ਕਰਵਾਉਣ ਲਈ ਬਜਟ ‘ਚ ਵਿਵਸਥਾ ਕੀਤੇ ਜਾਣ, ਮਿਆਰੀ ਸਿਹਤ ਸਹੂਲਤਾਂ ਲਈ 5264 ਕਰੋੜ ਰੁਪਏ, ਸ਼ਹਿਰੀ ਵਿਕਾਸ ਲਈ 1689 ਕਰੋੜ ਰੁਪਏ ਅਤੇ ਵਿਕਾਸ ਦਰ 9.4 ਫੀਸਦੀ ਦਾ ਟੀਚਾ ਨਿਰਧਾਰਿਤ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਟੈਕਸਾਂ ਦੀ ਵਸੂਲੀ ਵੀ 11 ਫੀਸਦੀ ਤੱਕ ਪਹੁੰਚਣਾ ਇਕ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਖਜਾਨਾ ਖਾਲੀ ਹੋਣ ਦਾ ਰੋਣਾ ਰੋਣ ਦੀ ਰਵਾਇਤ ਦਾ ਅੰਤ ਕਰਦਿਆਂ ਸੂਬਾ ਮਾਨ ਸਰਕਾਰ ਵੱਲੋਂ ਇਸ ਬਜਟ ਵਿੱਚ ਪੰਜਾਬ ਵਾਸੀਆਂ ‘ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ। ਜਦੋਂ ਕਿ ਸਾਬਕਾ ਸਰਕਾਰਾਂ ਖਜਾਨਾ ਖਾਲੀ ਹੋਣ ਦੀ ਆੜ ‘ਚ ਮੁਲਾਜਮਾਂ ਸਮੇਤ ਗਰੀਬਾਂ ‘ਤੇ ਵੀ ਅਤਿ ਦੀ ਮਹਿੰਗਾਈ ‘ਚ ਟੈਕਸ ਠੋਕਣ ਤੋਂ ਬਾਜ਼ ਨਹੀਂ ਸਨ ਆਉਂਦੀਆਂ ਰਹੀਆਂ।
ਕੈਪਸ਼ਨ : ਗੱਲਬਾਤ ਦੌਰਾਨ ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰਾ ਜਸਕਰਨ ਬੰਦੇਸ਼ਾ।