Total views : 131856
ਪੰਜਾਬ ਪ੍ਰੈੱਸ ਕਲੱਬ ਦੇ ਸਮਾਗਮ ਵਿਚ ਡਾ. ਮਹਿਲ ਸਿੰਘ ਦਾ ਭਾਸ਼ਨ
ਜਲੰਧਰ, 10 ਮਾਰਚ -(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਪੰਜਾਬ ਪ੍ਰੈੱਸ ਕਲੱਬ ਜਲੰਧਰ ਵਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਸੰਦਰਭ ਵਿਚ ਇਕ ਵਿਸ਼ੇਸ਼ ਸੱਭਿਆਚਾਰਕ ਤੇ ਅਕਾਦਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਭਖਦੇ ਮਸਲਿਆਂ ‘ਤੇ ਚਰਚਾ ਹੋਈ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਗੀਤ-ਸੰਗੀਤ ਦੀ ਵੀ ਪੇਸ਼ਕਾਰੀ ਕੀਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪੰਜਾਬ ਇਸ ਸਮੇਂ ਬਹੁ-ਪੱਖੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਨੂੰ ਮੁੜ ਵਿਕਾਸ ਤੇ ਖ਼ੁਸ਼ਹਾਲੀ ਦੇ ਰਾਹ ‘ਤੇ ਪਾਉਣ ਲਈ ਵੱਡੇ ਕਦਮ ਉਠਾਉਣ ਦੀ ਲੋੜ ਹੈ। ਪੰਜਾਬ ਦੇ ਭਖਦਿਆਂ ਮਸਲਿਆਂ ਦੀ ਨਿਸ਼ਾਹਦੇਹੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਮੇ ਤੋਂ ਖੇਤੀ ਸੰਕਟ ਬਣਿਆ ਹੋਇਆ ਹੈ। ਇਸ ਕਾਰਨ ਕਿਸਾਨ ਅੰਦੋਲਨ ਦੇ ਰਾਹ ਪਏ ਹੋਏ ਹਨ ਅਤੇ ਕਰਜ਼ੇ ਦੇ ਜਾਲ ਵਿਚ ਫਸ ਕੇ ਖ਼ੁਦਕੁਸ਼ੀਆਂ ਵੀ ਕਰ ਰਹੇ ਹਨ। ਪੰਜਾਬ ਦੀ ਖੇਤੀ ਨੂੰ ਲੀਹ ‘ਤੇ ਲਿਆਉਣ ਲਈ ਕਿਸਾਨਾਂ ਨੂੰ ਫ਼ਸਲਾਂ ਦੇ ਲਾਭਕਾਰੀ ਭਾਅ ਵੀ ਮਿਲਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਰਾਜ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢ ਕੇ ਖੇਤੀ ਵਿਚ ਵਿਭਿੰਨਤਾ ਲਿਆਉਣ ਦੀ ਬੇਹੱਦ ਜ਼ਰੂਰਤ ਹੈ। ਇਸ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਤੇਲ ਬੀਜਾਂ ਅਤੇ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਨ੍ਹਾਂ ਨਵੀਆਂ ਫ਼ਸਲਾਂ ਦਾ ਵਾਜਿਬ ਸਮਰਥਨ ਮੁੱਲ ਵੀ ਦਿੱਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਹੰਢਣਸਾਰ ਬਣਾਉਣ ਲਈ ਅਤੇ ਨਵੀਂ ਪੀੜ੍ਹੀ ਦੇ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ਰਾਜ ਵਿਚ ਵੱਡੀ ਪੱਧਰ ‘ਤੇ ਖੇਤੀ ਆਧਾਰਿਤ ਸਨਅਤਾਂ ਲੱਗਣੀਆਂ ਚਾਹੀਦੀਆਂ ਹਨ। ਰਾਜ ਵਿਚੋਂ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਸਰਕਾਰ ਦੇ ਨਾਲ-ਨਾਲ ਸਮਾਜਿਕ ਸੰਗਠਨਾਂ ਨੂੰ ਵੀ ਅੱਗੇ ਆ ਕੇ ਨੌਜਵਾਨਾਂ ਵਿਚ ਜਾਗ੍ਰਿਤੀ ਪੈਦਾ ਕਰਨੀ ਚਾਹੀਦੀ ਹੈ।
ਇਸ ਅਵਸਰ ‘ਤੇ ਪੰਜਾਬ ਪ੍ਰੈੱਸ ਕਲੱਬ ਨੂੰ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਸ੍ਰੀ ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਸ. ਚਰਨਜੀਤ ਸਿੰਘ ਚੰਨੀ ਚੇਅਰਮੈਨ ਸਿਟੀ ਗਰੁੱਪ, ਡਾ. ਮਹਿਲ ਸਿੰਘ ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮ੍ਰਿਤਸਰ, ਸ. ਗਿਆਨ ਸਿੰਘ (ਜਰਮਨੀ), ਸ. ਸੁਖਦੇਵ ਸਿੰਘ ਜੋਸਨ (ਜਰਮਨੀ) ਅਤੇ ਉਨ੍ਹਾਂ ਦੀ ਸੁਪਤਨੀ ਈਵੋਨ ਦਾ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਤੇ ਸਕੱਤਰ ਮੇਹਰ ਮਲਿਕ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸ੍ਰੀ ਰਮੇਸ਼ ਮਿੱਤਲ ਦਾ ਸਨਮਾਨ ਉਨ੍ਹਾਂ ਦੇ ਭਰਾ ਸ੍ਰੀ ਨਰੇਸ਼ ਮਿੱਤਲ ਵਲੋਂ ਸਵੀਕਾਰ ਕੀਤਾ ਗਿਆ। ਉਨ੍ਹਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਦੀਆਂ ਸਰਗਰਮੀਆਂ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਉਪਰੰਤ ਗੁਰਜੀਤ ਮੱਲ੍ਹੀ ਅਤੇ ਉਸ ਦੇ ਸਾਥੀਆਂ ਵਲੋਂ ਸੱਭਿਆਚਾਰਕ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਗੀਤ ਪੇਸ਼ ਕੀਤੇ ਗਏ। ਉਨ੍ਹਾਂ ਦੇ ਗੀਤ ‘ਪ੍ਰਦੇਸੀ ਛੱਲਾ’, ‘ਮਿਹਨਤਾਂ ਨਾਲ ਜੋੜੀ ਹੋਈ ਬਾਪੂ ਦੀ ਹਵਾ ਵਿਚ ਕਮਾਈ ਨਹੀਂ ਉਡਾਈ ਦੀ’, ‘ਟੁਰ ਗਿਆਂ ਪਿੱਛੋਂ ਨਾ ਹੁੰਦੀਆਂ ਤਸਵੀਰਾਂ ਬੋਲਦੀਆਂ’, ‘ਪਿਆਰ ਨਾਲ ਹੱਕ ਨਹੀਂ ਮਿਲਦੇ ਲੜ ਲੈਣੇ ਪੈਂਦੇ ਨੇ’ ਅਤੇ ‘ਤੁਰ ਪਈ ਜਵਾਨੀ ਹੁਣ ਕਿਹੜੇ ਰਾਹਾਂ ‘ਤੇ’ ਵਿਸ਼ੇਸ਼ ਤੌਰ ‘ਤੇ ਪਸੰਦ ਕੀਤੇ ਗਏ।
ਸਟੇਜ ਸਕੱਤਰ ਦੀਆਂ ਸੇਵਾਵਾਂ ਰਮਨਦੀਪ ਕੌਰ ਵਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈਆਂ ਗਈਆਂ। ਸਮਾਗਮ ਵਿਚ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਪੰਜਾਬ ਆਰਟਸ ਕੌਂਸਿਲ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ, ਲੋਕ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸਿੰਘ ਸੁੰਨੜ, ਅਮਰਜੋਤ ਸਿੰਘ (ਸਰਬੱਤ ਦਾ ਭਲਾ ਟਰੱਸਟ), ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬੇਦੀ, ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਸਕੱਤਰ ਅਮੋਲਕ ਸਿੰਘ, ਉੱਘੇ ਵਾਤਾਵਰਨ ਪ੍ਰੇਮੀ ਵਿਜੈ ਬੰਬੇਲੀ, ਸਿਮਰ ਸਦੋਸ਼, ਨਵਜੋਤ ਕੌਰ, ਰਣਜੀਤ ਸਿੰਘ, ਪ੍ਰੋ. ਤਜਿੰਦਰ ਬਿਰਲੀ, ਰਾਜਿੰਦਰ ਮੰਡ, ਇੰਦਰਜੀਤ ਸਿੰਘ ਆਰਟਿਸਟ ਜਲੰਧਰ, ਪਰਮਜੀਤ ਸਿੰਘ ਵਿਰਕ, ਹਰਜਿੰਦਰ ਸਿੰਘ ਮੱਲ੍ਹੀ, ਹਰੀਸ਼ ਕੁਮਾਰ, ਬਾਬੂ ਤਰਸੇਮ ਸਿੰਘ ਜਰਮਨੀ, ਕੁਲਜੀਤ ਕੌਰ ਘੋਤੜਾ ਜਰਮਨੀ ਤੇ ਮਹਿੰਦਰ ਸਿੰਘ ਸਿੰਧੀ ਫਾਰਮ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।
ਤਸਵੀਰਾਂ-
ਪੰਜਾਬ ਪ੍ਰੈੱਸ ਕਲੱਬ ਵੱਲੋਂ ਕਰਵਾਏ ਗਏ ਸਮਾਗਮ ਦੀਆਂ ਵੱਖ-ਵੱਖ ਝਲਕੀਆਂ।