Total views : 131858
ਮਸਲਾ ਹਰਿਆਣਾ ਦੇ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਦਾ-
ਅੰਮ੍ਰਿਤਸਰ, 07 ਅਪ੍ਰੈਲ-( ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸਾਂਝੇ ਸੱਦੇ ਤੇ ਚੱਲ ਰਹੇ ਭਾਰਤ ਪੱਧਰੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਉਣ ਲਈ ਦੋਨਾਂ ਫੋਰਮਾਂ ਵੱਲੋਂ ਦੇਸ਼ ਭਰ ਵਿੱਚ ਮਾਰਚ ਕਰਕੇ ਡੀ.ਸੀ ਦਫ਼ਤਰਾਂ ਅੱਗੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਤੋਂ ਬਚਿਤਰ ਸਿੰਘ ਕੋਟਲਾ, ਬੀ ਕੇ ਯੂ ਕ੍ਰਾਂਤੀਕਾਰੀ ਵੱਲੋਂ ਸੁਰਿੰਦਰਪਾਲ ਸਿੰਘ ਮੋਲੇਵਾਲ਼ੀ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਤੋਂ ਨਰਿੰਦਰਪਾਲ ਸਿੰਘ ਭੰਗੂ, ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੋਂ ਚਰਨਜੀਤ ਸਿੰਘ ਗਾਲਬ, ਬੀ.ਕੇ.ਯੂ. ਸਿਰਸਾ ਡਾ. ਇਕਬਾਲ ਸਿੰਘ, ਵੱਲੋਂ ਪੰਜਾਬ ਅੰਦਰ ਡੀ.ਸੀ ਦਫਤਰਾਂ ਤੇ ਸੱਦੇ ਨੂੰ ਲਾਗੂ ਕੀਤਾ ਗਿਆ। ਜਿਸ ਦੇ ਚਲਦੇ ਜਥੇਬੰਦੀ ਦੇ ਜਿਲ੍ਹਾ ਅੰਮ੍ਰਿਤਸਰ ਵੱਲੋਂ ਕੰਪਨੀ ਬਾਗ ਤੋਂ ਰੋਸ ਮਾਰਚ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਡੀ.ਸੀ ਦਫ਼ਤਰ ਅੱਗੇ ਪਹੁੰਚ ਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ।
ਜਥੇਬੰਦੀ ਦੇ ਆਗੂ ਗੁਰਲਾਲ ਸਿੰਘ ਮਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਮੋਰਚਾ ਲਗਾਤਾਰ ਵਿਸਥਾਰ ਲੈਂਦੇ ਹੋਏ ਦੱਖਣ ਭਾਰਤ ਦੇ ਰਾਜਾਂ ਤੱਕ ਜ਼ੋਰ ਫ਼ੜ ਚੁੱਕਾ ਹੈ, ਜਿਸ ਤੋਂ ਕੇਂਦਰ ਸਰਕਾਰ ਹਤਾਸ਼ ਹੋ ਕੇ ਕਿਸਾਨ ਆਗੂਆਂ ਦੀਆਂ ਨਜ਼ਾਇਜ਼ ਤਰੀਕੇ ਨਾਲ ਗ੍ਰਿਫਤਾਰੀਆਂ ਕਰਨ ਦਾ ਕਦਮ ਚੱਕ ਰਹੀ ਹੈ। ਪਰ ਅੰਦੋਲਨਕਾਰੀ ਕਿਸਾਨ ਮਜ਼ਦੂਰ ਅਜਿਹੇ ਕਦਮਾਂ ਤੋਂ ਦੱਬਣ ਵਾਲੇ ਨਹੀਂ, ਬਲਕਿ ਇਸ ਨਾਲ ਕਿਸਾਨ ਮਜਦੂਰ ਸੰਘਰਸ਼ ਨੂੰ ਹੋਰ ਵਧੇਰੇ ਬੱਲ ਮਿਲਿਆ ਹੈ।
ਓਹਨਾ ਕਿਹਾ ਕਿ ਸਰਕਾਰ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਇਸ ਦੇਸ਼ ਵਿੱਚ ਕਿਸਾਨਾਂ ਮਜਦੂਰਾਂ ਤੇ ਤਸ਼ੱਦਦ ਕਰਕੇ ਲੋਕਤੰਤਰ ਦੀ ਰੀੜ ਦੀ ਹੱਡੀ ਤੋੜ ਰਹੀ ਹੈ। ਓਹਨਾ ਕਿਹਾ ਕਿ ਸਾਰੀਆਂ ਫ਼ਸਲਾਂ ਦੀ ਐਮ ਐਸ ਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਅਤੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗੂ ਕਰਵਾਉਣ, ਕਿਸਾਨ ਮਜਦੂਰ ਦੀ ਕਰਜ਼ਾ ਮੁਕਤੀ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ ਦਿਹਾੜੀ 700 ਰੁਪਏ, ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਵਾਉਣ ਦੀ ਆਦਿਵਾਸੀਆਂ ਦੀ ਚਰੋਕਲੀ ਮੰਗ ਸਮੇਤ 10 ਅਹਿਮ ਮੰਗਾਂ ਨੂੰ ਲਾਗੂ ਕਰਵਾਉਣ ਲਈ ਚੱਲ ਰਹੇ ਇਸ ਅੰਦੋਲਨ ਦੀਆਂ ਮੰਗਾਂ ਪ੍ਰਤੀ ਜਾਗਰੂਕਤਾ ਲਗਾਤਾਰ ਵਧ ਰਹੀ ਹੈ ਤੇ ਵੋਟਾਂ ਮੰਗਣ ਆਉਣ ਵਾਲੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹਨਾਂ ਮੰਗਾਂ ਤੇ ਸੁਆਲ ਕੀਤੇ ਜਾ ਰਹੇ ਹਨ। ਅਖੀਰ ਵਿੱਚ ਓਹਨਾ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਅੰਦੋਲਨਕਾਰੀਆਂ ਨੂੰ ਰਿਹਾਅ ਕਰੇ। ਓਹਨਾ ਆਮ ਜਨਤਾ ਨੂੰ ਅਪੀਲ ਕੀਤੀ ਕਿ ਅਗਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਅੰਦੋਲਨ ਵੱਲੋਂ 9 ਅਪ੍ਰੈਲ ਦੇ ਐਲਾਨੇ ਗਏ ਪ੍ਰੋਗਰਾਮ ਤਹਿਤ ਸ਼ੰਭੂ ਬਾਰਡਰ ਤੇ ਵੱਧ ਚੜ੍ਹ ਕੇ ਰੇਲ ਰੋਕੋ ਮੋਰਚੇ ਵਿੱਚ ਸ਼ਿਰਕਤ ਕੀਤੀ ਜਾਵੇ ।
ਇਸ ਮੌਕੇ ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ਼, ਸਵਿੰਦਰ ਸਿੰਘ ਰੂਪੋਵਾਲੀ, ਗੁਰਦੇਵ ਸਿੰਘ ਗੱਗੋਮਾਹਲ, ਧਰਮਿੰਦਰ ਸਿੰਘ ਬੰਟੀ, ਜਸਬੀਰ ਸਿੰਘ, ਗੁਰਪਾਲ ਸਿੰਘ, ਸਵਿੰਦਰ ਸਿੰਘ ਵਡਾਲਾ, ਹੀਰਾ ਸਿੰਘ ਮੋਲੇਕੇ, ਪੂਰਨ ਸਿੰਘ ਭੋਮਾ, ਦਲਜੀਤ ਸਿੰਘ ਨਾਗ ਆਦਿ ਆਗੂਆਂ ਸਮੇਤ ਹਜ਼ਾਰਾ ਕਿਸਾਨ ਮਜ਼ਦੂਰ ਰੋਸ ਮਾਰਚ ਵਿੱਚ ਹਾਜ਼ਰ ਸਨ।