Total views : 131857
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮਗਨਰੇਗਾ ਸਟਾਫ਼ ਨੂੰ ਵਿਸ਼ੇਸ਼ ਤੌਰ ’ਤੇ ਕੀਤਾ ਸਨਮਾਨਿਤ
ਸੰਗਰੂਰ, 4 ਜਨਵਰੀ — ਵਿੱਤੀ ਵਰ੍ਹੇ 2023-24 ਤਹਿਤ 1 ਅਪ੍ਰੈਲ 2023 ਤੋਂ 31 ਦਸੰਬਰ 2023 ਤੱਕ ਮਗਨਰੇਗਾ ਸਕੀਮ ਤਹਿਤ ਜ਼ਿਲ੍ਹਾ ਸੰਗਰੂਰ ਦਾ ਬਲਾਕ ਦਿੜ੍ਹਬਾ ਪਹਿਲੇ ਅਤੇ ਬਲਾਕ ਸ਼ੇਰਪੁਰ ਤੀਜੇ ਰੈਂਕ ’ਤੇ ਆਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੋਵੇਂ ਬਲਾਕਾਂ ਦੇ ਮਗਨਰੇਗਾ ਸਟਾਫ਼ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਦੀ ਅਗਵਾਈ ਹੇਠ ਮਗਨਰੇਗਾ ਸਕੀਮ ਨੂੰ ਜ਼ਿਲ੍ਹੇ ਵਿੱਚ ਸਫ਼ਲਤਾ ਨਾਲ ਲਾਗੂ ਕਰਨ ਲਈ ਅਧਿਕਾਰੀ ਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਸਰਗਰਮ ਹਨ ਜਿਸ ਲਈ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ਵਿੱਚ ਪਹਿਲੇ ਤਿੰਨ ਸਥਾਨਾਂ ਵਿੱਚੋਂ ਕ੍ਰਮਵਾਰ ਪਹਿਲਾ ਤੇ ਤੀਜਾ ਸਥਾਨ ਜ਼ਿਲ੍ਹਾ ਸੰਗਰੂਰ ਦੇ ਬਲਾਕਾਂ ਦੇ ਹਿੱਸੇ ਆਉਣਾ ਇਹ ਸਾਬਤ ਕਰਦਾ ਹੈ ਕਿ ਮਗਨਰੇਗਾ ਸਕੀਮ ਤਹਿਤ ਹੋ ਰਹੇ ਕਾਰਜਾਂ ਵਿੱਚ ਸਾਡੇ ਅਧਿਕਾਰੀ ਤੇ ਕਰਮਚਾਰੀ ਸਿੱਦਤ ਤੇ ਮਿਹਨਤ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਮਗਨਰੇਗਾ ਮਜ਼ਦੂਰਾਂ ਦੀਆਂ ਦਿਹਾੜੀਆਂ, ਖਰਚੇ, ਖੇਡ ਮੈਦਾਨਾਂ ਦੇ ਨਿਰਮਾਣ ਸਮੇਤ ਹੋਰ ਵਿਕਾਸ ਕੰਮਾਂ ਦੀ ਓਵਰਆਲ ਰੈਕਿੰਗ ਵਿੱਚ ਪਹਿਲਾ ਤੇ ਤੀਜਾ ਸਥਾਨ ਹਾਸਲ ਹੋਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਦਿੜ੍ਹਬਾ ਬਲਾਕ ਵਿੱਚ 148.3 ਫੀਸਦੀ ਦਿਹਾੜੀਆਂ ਪ੍ਰਦਾਨ ਕੀਤੀਆਂ ਗਈਆਂ ਜਦਕਿ ਬਲਾਕ ਸ਼ੇਰਪੁਰ ਦਾ ਅੰਕੜਾ ਦਿਹਾੜੀਆਂ ਪੱਖੋਂ 140.8 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ਦਿੜ੍ਹਬਾ ਨੇ ਸਲਾਨਾ ਖਰਚੇ ਟੀਚਿਆਂ ਪੱਖੋਂ 109.2 ਫੀਸਦੀ ਅਤੇ ਬਲਾਕ ਸ਼ੇਰਪੁਰ ਨੇ 102.7 ਫੀਸਦੀ ਖਰਚਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤ ਵਣ, ਨਹਿਰੀ ਖਾਲਿਆਂ ਰਾਹੀਂ ਖੇਤਾਂ ਵਿੱਚ ਪਾਣੀ ਪਹੁੰਚਾਉਣ, ਸਾਂਝਾ ਜਲ ਤਲਾਬ ਪ੍ਰੋਜੈਕਟ, ਪਿੰਡਾਂ ਵਿੱਚ ਮਾਡਲ ਖੇਡ ਮੈਦਾਨ ਤੇ ਪਾਰਕਾਂ ਦੇ ਨਿਰਮਾਣ, ਟੋਭਿਆਂ ਦਾ ਨਵੀਨੀਕਰਨ, ਲਾਇਬ੍ਰੇਰੀਆਂ ਆਦਿ ਸਮੇਤ ਅਨੇਕਾਂ ਲੋਕ ਪੱਖੀ ਕਾਰਜਾਂ ਨੂੰ ਪੂਰਾ ਕਰਨ ਵਿੱਚ ਸਾਡੇ ਮਗਨਰੇਗਾ ਕਾਮੇ ਦਿਨ ਰਾਤ ਜੁਟੇ ਹੋਏ ਹਨ ਅਤੇ ਰੈਂਕਿੰਗ ਪੱਖੋਂ ਮੋਹਰੀ ਸਥਾਨ ਹਾਸਲ ਕਰਨਾ ਸ਼ਲਾਘਾਯੋਗ ਹੈ।
ਇਸ ਮੌਕੇ ਐਸ ਡੀ ਐਮ ਧੂਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੁਖਚੈਨ ਸਿੰਘ, ਬੀ.ਡੀ.ਪੀ.ਓ ਸ਼ੇਰਪੁਰ ਗੁਰਮੀਤ ਸਿੰਘ, ਬੀ.ਡੀ.ਪੀ.ਓ ਦਿੜ੍ਹਬਾ ਜੁਗਰਾਜ ਸਿੰਘ, ਏ.ਪੀ.ਓ ਆਰ.ਕੇ ਸਿੰਘ ਸਮੇਤ ਹੋਰ ਮਗਨਰੇਗਾ ਸਟਾਫ਼ ਵੀ ਹਾਜ਼ਰ ਸੀ।