




Total views : 148957







15 ਅਗਸਤ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਲਹਿਰਾਉਣਗੇ ਤਿਰੰਗਾ
ਅੰਮ੍ਰਿਤਸਰ , 13 ਅਗਸਤ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਜ਼ਿਲ੍ਹਾ ਪੱਧਰ ਉਤੇ ਮਨਾਏ ਜਾ ਰਹੇ ਆਜ਼ਾਦੀ ਦਿਵਸ ਪ੍ਰੋਗਰਾਮ ਦੀ ਫੁੱਲ ਡਰੈਸ ਰਿਹਰਸਲ ਅੱਜ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਕਰਵਾਈ ਗਈ, ਜਿਸਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵਿਸ਼ੇਸ਼ ਤੌਰ ਉਤੇ ਪੁੱਜੇ। ਇਸ ਮੌਕੇ ਵੱਖ-ਵੱਖ ਪੰਜਾਬ ਪੁਲਿਸ, ਪੰਜਾਬ ਪੁਲਿਸ ਦੀ ਮਹਿਲਾ ਪਲਟੂਨ, ਪੰਜਾਬ ਹੋਮ ਗਾਰਡ, ਐਨ ਸੀ ਸੀ ਦੇ ਬੱਚਿਆਂ ਦੇ ਪੁਲਿਸ ਬੈਂਡ ਦੇ ਨਾਲ-ਨਾਲ ਸਕੂਲ ਬੈਂਡ ਦੀਆਂ ਟੀਮਾਂ ਨੇ ਪਰੇਡ ਵਿਚ ਹਿੱਸਾ ਲਿਆ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅਦਾ ਕੀਤੀ ਅਤੇ ਪਰੇਡ ਤੋਂ ਸਲਾਮੀ ਲਈ। ਏ.ਡੀ.ਸੀ.ਪੀ. ਸਤਬੀਰ ਸਿੰਘ ਅਟਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪਰਮਜੀਤ ਕੌਰ, ਐਸ.ਡੀ.ਐਮਜ ਮਨਕੰਵਲ ਸਿੰਘ ਚਾਹਲ ਤੇ ਸ੍ਰੀ ਲਾਲ ਵਿਸ਼ਵਾਸ਼, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ ਵੀ ਉਨਾਂ ਨਾਲ ਹਾਜ਼ਰ ਰਹੇ। ਪਰੇਡ ਕਮਾਂਡਰ ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਜਵਾਨਾਂ ਤੇ ਬੱਚਿਆਂ ਨੇ ਕੀਤਾ।
ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀ.ਟੀ. ਸ਼ੋਅ, ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਆਜਾਦੀ ਦਿਵਸ ਵਾਲੇ ਦਿਨ ਸ: ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਹਨ ਅਤੇ ਉਹ ਇਸ ਦਿਨ ਸਟੇਡੀਅਮ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨਾਂ ਜਿਲ੍ਹਾ ਵਾਸੀਆਂ ਨੂੰ ਵੱਧ-ਚੜ੍ਹ ਕੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ। ਉਨਾਂ ਨੇ ਕਿਹਾ ਕਿ ਇਹ ਸਾਡਾ ਰਾਸ਼ਟਰੀ ਤਿਉਹਾਰ ਹੈ, ਨਾ ਕਿ ਕੇਵਲ ਬੱਚਿਆਂ ਜਾਂ ਸਰਕਾਰੀ ਕਰਮਚਾਰੀਆਂ ਦਾ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਰਲ-ਮਿਲ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।
ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਹਰਭਗਵੰਤ ਸਿੰਘ, ਉੱਪ ਜ਼ਿਲ੍ਹਾ ਅਫ਼ਸਰ ਸੀ.ਸੈ. ਸ: ਬਲਰਾਜ ਸਿੰਘ ਢਿੱਲੋਂ, ਸ੍ਰੀ ਆਸ਼ੂ ਵਿਸ਼ਾਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ, ਡੀ.ਡੀ.ਪੀ.ਓ. ਸ੍ਰੀ ਸੰਦੀਪ ਮਲਹੋਤਰਾ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।






