Total views : 131856
ਜੰਡਿਆਲਾ ਗੁਰੂ, 17 ਅਗਸਤ- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਅੱਜ ਸੈਂਕੜੇ ਕਿਸਾਨਾਂ ਮਜਦੂਰਾਂ ਨੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਦੇ ਜੰਡਿਆਲਾ ਗੁਰੂ ਸਥਿਤ ਘਰ ਸਾਹਮਣੇ ਰੋਸ ਧਰਨਾ ਦਿੱਤਾ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੁੱਜਦਾ ਕਰਨ ਲਈ ਮੰਗ ਪੱਤਰ ਦਿੱਤਾ।
ਧਰਨੇ ਦੀ ਅਗਵਾਈ ਬਲਦੇਵ ਸਿੰਘ ਸੈਦਪੁਰ, ਲਖਬੀਰ ਸਿੰਘ ਨਿਜਾਮਪੁਰਾ, ਦਲਬੀਰ ਸਿੰਘ ਬੇਦਾਦਪੁਰ, ਭੁਪਿੰਦਰ ਸਿੰਘ ਤੀਰਥਪੁਰਾ, ਗੁਰਦੇਵ ਸਿੰਘ ਵਰਪਾਲ ਅਮਰਜੀਤ ਸਿੰਘ ਮੱਲਾ, ਚੰਨਣ ਸਿੰਘ, ਸੁਖਦੇਵ ਸਿੰਘ ਸਰਜਾ ਆਦਿ ਆਗੂਆਂ ਨੇ ਕੀਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਰਤਨ ਸਿੰਘ ਰੰਧਾਵਾ, ਪ੍ਰਭਜੀਤ ਸਿੰਘ ਤਿੰਮੋਵਾਲ, ਧਰਮ ਸਿੰਘ ਧਿਆਨਪੁਰ, ਨਿਰਮਲ ਸਿੰਘ ਭਿੰਡਰ, ਅਮਰਜੀਤ ਸਿੰਘ ਚੌਹਾਨ ਆਦਿ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਬਹੁਤ ਵੱਡੇ ਲਾਰੇ ਲਾ ਕੇ ਹੋਂਦ ਵਿੱਚ ਆਈ ਮੌਜੂਦਾ ਸਰਕਾਰ ਵੱਲੋਂ ਕਿਸਾਨਾਂ ਮਜਦੂਰਾਂ ਦੇ ਪੱਖ ਦੀ ਕੋਈ ਨੀਤੀ ਨਹੀਂ ਘੜੀ ਗਈ ਸਗੋਂ ਪਹਿਲੀਆਂ ਸਰਕਾਰਾਂ ਦੇ ਕਾਰਜਕਾਲ ਵਾਂਗ ਹੀ ਭਰਿਸ਼ਟਾਚਾਰ , ਨਸ਼ੇ, ਲੁੱਟ ਖੋਹ ਦਾ ਬੋਲਬਾਲਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਹਰ ਖੇਤ ਤੱਕ ਨਹਿਰੀ ਪੁੱਜਦਾ ਕਰੇ, ਮੋਘਿਆਂ ਦਾ ਡਿਜਾਇਨ ਤਕਨੀਕੀ ਮਾਹਿਰਾਂ ਦੀ ਰਾਏ ਅਤੇ ਪਾਣੀ ਦੀ ਲੋੜ ਮੁਤਾਬਿਕ ਕੀਤਾ ਜਾਵੇ, ਦਰਿਆਈ ਪਾਣੀਆਂ ਦੇ ਮਸਲੇ ਰਿਪੇਰੀਅਨ ਸਿਧਾਂਤ ਮੁਤਾਬਿਕ ਕੀਤੇ ਜਾਣ, ਪਾਣੀ ਰੀਚਾਰਜ ਕਰਨ ਦੇ ਪ੍ਰਬੰਧ ਕੀਤੇ ਜਾਣ, ਨਹਿਰਾਂ ਅਤੇ ਦਰਿਆਵਾਂ ਵਿੱਚ ਪ੍ਰਦੂਸ਼ਿਤ ਪਾਣੀ ਪਾਉਣਾ ਬੰਦ ਕੀਤਾ ਜਾਵੇ, ਘੱਟ ਪਾਣੀ ਲੈਣ ਵਾਲੇ ਬੀਜ ਉਪਲਬਧ ਕਰਵਾਏ ਜਾਣ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ, ਖੁਦਕੁਸ਼ੀਆਂ ਕਰ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇ, ਸਹਿਕਾਰਤਾ ਲਹਿਰ ਨੂੰ ਮਜਬੂਤ ਕੀਤਾ ਜਾਵੇ, ਹਾਈਵੇ ਲਈ ਐਕਵਾਇਰ ਕੀਤੀਆਂ ਜਮੀਨਾਂ ਦੇ ਭਾਅ ਮਾਰਕੀਟ ਮੁਤਾਬਿਕ ਦਿੱਤੇ ਜਾਣ, ਦੂਜੇ ਦੇਸ਼ਾਂ ਨਾਲ ਵਪਾਰ ਲਈ ਅਟਾਰੀ ਵਾਹਗਾ ਅਤੇ ਹੁਸੈਨੀਵਾਲਾ ਸੁਲੇਮਾਨੀ ਬਾਰਡਰ ਖੋਲ੍ਹੇ ਜਾਣ, ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦਾ ਸਥਾਈ ਹੱਲ ਕੀਤਾ ਜਾਵੇ, ਨਕਲੀ ਬੀਜਾਂ, ਖਾਦਾਂ ਦਵਾਈਆਂ ਤੇ ਰੋਕ ਲਾਉਣ ਲਈ ਮੋਬਾਇਲ ਸੈੰਪਲ ਟੈਸਟ ਵੈਨਾਂ ਸ਼ੁਰੂ ਕੀਤੀਆਂ ਜਾਣ, ਬਿਜਲੀ ਵਿਭਾਗ ਦਾ ਨਿਜੀਕਰਨ ਬੰਦ ਕੀਤਾ ਜਾਵੇ, 58 ਸਾਲ ਦੀ ਉਮਰ ਤੋਂ ਬਾਅਦ ਹਰ ਕਿਸਾਨ ਮਜਦੂਰ ਨੂੰ 10 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਸਰਕਾਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਜਾਵੇ, ਸੰਘਰਸ਼ਸ਼ੀਲ ਕਿਸਾਨਾਂ ਮਜਦੂਰਾਂ ਤੇ ਦਰਜ ਪਰਚੇ ਵਾਪਸ ਲਏ ਜਾਣ, ਨਵੀਂ ਸਿੱਖਿਆ ਨੀਤੀ ਰੱਦ ਕੀਤੀ ਜਾਵੇ। ਮੰਤਰੀ ਦੀ ਗੈਰਹਾਜ਼ਰੀ ਵਿੱਚ ਮੰਗ ਪੱਤਰ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਚੇਅਰਮੈਨ ਸ਼ਨਾਖ ਸਿੰਘ ਨੇ ਲਿਆ ਅਤੇ ਮੁੱਖ ਮੰਤਰੀ ਪੰਜਾਬ ਨੂੰ ਪਹੁੰਚਾਉਣ ਦਾ ਭਰੋਸਾ ਦਿੱਤਾ।