ਡਿਪਟੀ ਕਮਿਸ਼ਨਰ ਨੇ ਝੋਨੇ ਦੀ ਪਰਾਲੀ ਨਾ ਸਾੜਨ ਲਈ ਕਿਸਾਨ ਜਾਗਰੂਕਤਾ ਹਿੱਤ ਪ੍ਰਚਾਰ ਵੈਨਾਂ ਕੀਤੀਆਂ ਰਵਾਨਾ

ਖ਼ਬਰ ਸ਼ੇਅਰ ਕਰੋ
035627
Total views : 131881

ਅੰਮ੍ਰਿਤਸਰ 10 ਸਤੰਬਰ -(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੇ ਹੁਕਮਾਂ ਤਹਿਤ ਝੋਨੇ ਦੀ ਕਟਾਈ ਉਪਰੰਤ ਬਚੀ ਹੋਈ ਪਰਾਲੀ ਨੂੰ ਅੱਗ ਲਾ ਕੇ ਨਾ ਸਾੜਨ ਹਿੱਤ ਕਿਸਾਨ ਜਾਗਰੂਕਤਾ ਕਰਨ ਲਈ ਪ੍ਰਚਾਰ ਵੈਨਾਂ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਪ੍ਰਚਾਰ ਵੈਨਾਂ ਸਭ ਤੋਂ ਪਹਿਲਾਂ ਝੋਨੇ ਦੀ ਅਗੇਤੀ ਕਟਾਈ ਕਰਨ ਵਾਲੇ ਬਲਾਕ ਜੰਡਿਆਲਾ ਗੁਰੂ, ਤਰਸਿੱਕਾ, ਵੇਰਕਾ, ਮਜੀਠਾ, ਅਤੇ ਅਟਾਰੀ ਵਿੱਚ ਚਲਾਈਆਂ ਜਾਣਗੀਆਂ ਅਤੇ ਇਸ ਉਪਰੰਤ ਜਿਲ੍ਹਾ ਅੰਮ੍ਰਿਤਸਰ ਦੇ ਹਰੇਕ ਪਿੰਡ ਵਿੱਚ ਜਾਣਗੀਆਂ। ਉਹਨਾ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਪੂਰਨ ਮਨਾਹੀ ਹੈ ਇਸ ਲਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਪਰਾਲੀ ਨੂੰ ਇਕੱਠਾ ਕਰਕੇ ਖੇਤਾਂ ਤੋਂ ਬਾਹਰ ਕੱਢ ਲਿਆ ਜਾਵੇ ਜਾਂ ਖੇਤ ਵਿੱਚ ਹੀ ਪਰਾਲੀ ਨੂੰ ਵਾਹ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫਸਰ ਡਾ. ਤਜਿੰਦਰ ਸਿੰਘ ਨੇ ਕਿਸਾਨਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਝੋਨੇ/ਬਾਸਮਤੀ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ। ਝੋਨੇ ਦੀ ਪਰਾਲੀ ਵਿੱਚ ਵੱਡੀ ਮਾਤਰਾ ਵਿੱਚ ਜ਼ਰੂਰੀ ਖ਼ੁਰਾਕੀ ਤੱਤ ਮੌਜੂਦ ਹੁੰਦੇ ਹਨ। ਪਰਾਲੀ ਸਾੜਨ ਨਾਲ ਜਿਥੇ ਇਹ ਜਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਉੱਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।
ਇਹ ਵੈਨਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਖੇਤੀਬਾੜੀ ਜੋਗਰਾਜਬੀਰ ਸਿੰਘ, ਖੇਤੀਬਾੜੀ ਅਫਸਰ ਸੁਖਰਾਜਬੀਰ ਸਿੰਘ ਗਿੱਲ, ਰਮਨ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਪਰਜੀਤ ਸਿੰਘ ਔਲਖ, ਪੀਡੀ ਸੁਖਚੈਨ ਸਿੰਘ, ਹਾਜਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਪ੍ਰਚਾਰ ਵੈਨਾਂ ਰਵਾਨਾ ਕਰਦੇ ਹੋਏ।
==–