




Total views : 161406






Total views : 161406ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ -ਧਾਲੀਵਾਲ
ਅੰਮ੍ਰਿਤਸਰ, 9 ਸਤੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਕਰੀਬ ਤਿੰਨ ਸਾਲ ਪਹਿਲਾਂ ਉਮਾਨ ਵਿਖੇ ਹਾਦਸੇ ਵਿੱਚ ਮਾਰੇ ਗਏ ਪਿੰਡ ਝੰਜੋਟੀ ਦੇ ਵਾਸੀ ਸੁਖਦੀਪ ਸਿੰਘ ਦੇ ਪਰਿਵਾਰ ਨੂੰ ਉਮਾਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਰੀਬ 31 ਲੱਖ 34 ਹਜਾਰ ਰੁਪਏ ਦੀ ਮੁਆਵਜਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਰਹੇਗੀ। ਉਹਨਾਂ ਕਿਹਾ ਕਿ ਬਤੌਰ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਹੁੰਦੇ ਹੋਏ ਮੇਰੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਪ੍ਰਵਾਸੀ ਭਾਰਤੀਆਂ ਨਾਲ ਸੰਬੰਧਿਤ ਸ਼ਿਕਾਇਤਾਂ ਅਤੇ ਕੇਸਾਂ ਦਾ ਨਿਪਟਾਰਾ ਪਹਿਲ ਦੇ ਉਧਾਰ ਤੇ ਕੀਤਾ ਜਾਵੇ। ਉਹਨਾਂ ਦੱਸਿਆ ਕਿ ਪਿੰਡ ਝੰਝੋਟੀ ਦੇ ਵਾਸੀ ਸ ਸੁਖਦੀਪ ਸਿੰਘ ਜੋ ਕਿ 2021 ਵਿੱਚ ਉਮਾਨ ਵਿਖੇ ਹੋਏ ਕਾਰ ਹਾਦਸੇ ਵਿੱਚ ਸਾਡੇ ਤੋਂ ਸਦਾ ਲਈ ਵਿਛੜ ਗਏ ਸਨ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਜਰੀਏ ਲਗਾਤਾਰ ਉਮਾਨ ਸਰਕਾਰ ਨਾਲ ਸੰਪਰਕ ਰੱਖਿਆ, ਜਿਸ ਦੇ ਸਿੱਟੇ ਵਜੋਂ ਉਮਾਨ ਨੇ 31 ਲੱਖ 34 ਹਜਾਰ ਰੁਪਏ ਦੀ ਮੁਆਵਜਾ ਰਾਸ਼ੀ ਪਰਿਵਾਰ ਲਈ ਭੇਜੀ ਹੈ, ਜਿਸ ਦਾ ਚੈੱਕ ਮੈਂ ਅੱਜ ਪਰਿਵਾਰ ਨੂੰ ਦੇਣ ਲਈ ਆਇਆ ਹਾਂ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਵਿਛੜ ਜਾਣਾ ਪਰਿਵਾਰ ਲਈ ਵੱਡਾ ਸਦਮਾ ਅਤੇ ਘਾਟਾ ਹੁੰਦਾ ਹੈ ਪਰ ਪਰਿਵਾਰ ਦੇ ਜੀਆਂ ਦੇ ਬਿਹਤਰ ਭਵਿੱਖ ਲਈ ਜੋ ਵੀ ਹੱਕ ਉਹਨਾਂ ਦਾ ਬਣਦਾ ਹੈ, ਨੂੰ ਦਿਵਾਉਣ ਲਈ ਅਸੀਂ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨਾਲ ਸੰਪਰਕ ਵਿੱਚ ਰਹਿੰਦੇ ਹਾਂ। ਉਹਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਸੁਖਦੀਪ ਸਿੰਘ ਦੀ ਪਤਨੀ ਜੋ ਕਿ ਪੜੇ ਲਿਖੇ ਹਨ, ਨੂੰ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਲਈ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਅਤੇ ਮੈਂ ਇਸ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਾਂਗਾ। ਇਸ ਮੌਕੇ ਐਸਡੀਐਮ ਲੋਪੋਕੇ ਮੈਡਮ ਅਮਨਦੀਪ ਕੌਰ ਘੁੰਮਣ ਵੀ ਹਾਜ਼ਰ ਸਨ।
ਕੈਪਸ਼ਨ
ਪਿੰਡ ਝੰਝੋਟੀ ਵਾਸੀ ਸੁਖਦੀਪ ਸਿੰਘ ਦੇ ਪਰਿਵਾਰ ਨੂੰ ਮੁਆਵਜਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ।







