




Total views : 151804







ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਅਗਵਾਈ ਦੇਣਗੇ ਜ਼ਿਲ੍ਹਾ ਪੁਲਿਸ ਮੁਖੀ
ਬਤੌਰ ਪੁਲਿਸ ਅਧਿਕਾਰੀ ਲਈ ਪਲੇਠੀ ਕਲਾਸ ਨੇ ਹੀ ਬੱਚਿਆਂ ਵਿੱਚ ਆਸ ਦੀ ਚਿਣਗ ਜਗਾਈ
ਅਜਨਾਲਾ (ਅੰਮ੍ਰਿਤਸਰ),20 ਮਈ -(ਡਾ. ਮਨਜੀਤ ਸਿੰਘ)-
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਜਿਲਾ ਪੁਲਿਸ ਮੁਖੀ ਅੰਮ੍ਰਿਤਸਰ ਸ ਮਨਿੰਦਰ ਸਿੰਘ ਨੇ ਸਕੂਲ ਆਫ ਐਮੀਨੈਂਸ ਅਜਨਾਲਾ ਦੇ ਬੱਚਿਆਂ ਨੂੰ ਇਹਨਾਂ ਪ੍ਰੀਖਿਆ ਦੀ ਤਿਆਰੀ ਲਈ ਅਗਵਾਈ ਦੇਣ ਦਾ ਫੈਸਲਾ ਕਰ ਲਿਆ। ਅੱਜ ਜਿਲਾ ਪੁਲਿਸ ਮੁਖੀ ਮਨਿੰਦਰ ਸਿੰਘ ਸਕੂਲ ਆਫ ਐਮੀਨੈਂਸ ਅਜਨਾਲਾ ਪੁੱਜੇ ਅਤੇ ਉਨਾਂ ਦਸਵੀਂ ਤੇ ਬਾਰਵੀਂ ਜਮਾਤ ਤੇ ਬੱਚਿਆਂ ਦੀ ਇਸ ਵਿਸ਼ੇ ਉੱਤੇ ਕਲਾਸ ਲਈ। ਉਹਨਾਂ ਦੀ ਅੱਜ ਇਸ ਪਲੇਠੀ ਕਲਾਸ ਨੇ ਬੱਚਿਆਂ ਵਿੱਚ ਇੱਕ ਆਸ ਦੀ ਚਿਣਗ ਜਗਾਈ ਤੇ ਬੱਚਿਆਂ ਨੇ ਬੜੇ ਉਤਸਾਹ ਨਾਲ ਉਹਨਾਂ ਦੀਆਂ ਗੱਲਾਂ ਸੁਣੀਆਂ।
2019 ਬੈਚ ਦੇ ਆਈਪੀਐਸ ਅਧਿਕਾਰੀ ਸ ਮਨਿੰਦਰ ਸਿੰਘ ਨੇ ਸਫਲਤਾ ਦੀ ਕੁੰਜੀ ਬੱਚਿਆਂ ਹੱਥ ਫੜਾਉਂਦੇ ਕਿਹਾ ਕਿ ਸਭ ਤੋਂ ਜਰੂਰੀ ਹੈ, ਤੁਹਾਡੇ ਵਿੱਚ ਆਤਮ ਵਿਸ਼ਵਾਸ ਦਾ ਹੋਣਾ।
ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਬੱਚੇ ਜਾਂ ਆਮ ਲੋਕ ਦੁਸ਼ਮਣ ਨਾਲ ਲੜਨ ਲਈ ਬੰਦੂਕਾਂ ਤੇ ਤਲਵਾਰਾਂ ਚੁੱਕਣ ਲਈ ਵੱਡਾ ਹੌਸਲਾ ਰੱਖਦੇ ਹਨ ਪਰ ਆਪਣੇ ਦਿਲ ਦੀ ਗੱਲ ਕਰਨ ਲਈ ਝਿਜਕ ਜਾਂਦੇ ਹਨ। ਦੂਸਰਾ ਸਾਡੇ ਬਹੁ ਗਿਣਤੀ ਬੱਚੇ ਅੰਗਰੇਜ਼ੀ ਭਾਸ਼ਾ ਨੂੰ ਵੱਡਾ ਹਊਆ ਮੰਨ ਲੈਂਦੇ ਹਨ ਜੋ ਕਿ ਇੱਕ ਬੋਲੀ ਤੋਂ ਵੱਧ ਕੇ ਕੁਝ ਨਹੀਂ।
ਉਹਨਾਂ ਬੱਚਿਆਂ ਨੂੰ ਰੋਜ਼ਾਨਾ ਅਖਬਾਰ ਪੜ੍ਨ ਲਈ ਪ੍ਰੇਰਦੇ ਹੋਏ ਕਿਹਾ ਕਿ ਸਧਾਰਨ ਜਾਣਕਾਰੀ ਦਾ ਟੈਸਟ ਅਖਬਾਰ ਤੋਂ ਬਿਨਾਂ ਪਾਸ ਨਹੀਂ ਕੀਤਾ ਜਾ ਸਕਦਾ। ਉਨਾਂ ਬੱਚਿਆਂ ਨੂੰ ਫੋਨ ਉੱਤੇ ਘੱਟ ਤੋਂ ਘੱਟ ਸਮਾਂ ਬਤੀਤ ਕਰਨ ਅਤੇ ਪੜਾਈ ਤੋਂ ਵਾਧੂ ਸਮਾਂ ਗਰਾਉਂਡ ਵਿੱਚ ਖੇਡਣ ਉੱਤੇ ਬਤੀਤ ਕਰਨ ਦਾ ਸੰਦੇਸ਼ ਦਿੱਤਾ । ਉਹਨਾਂ ਬੱਚਿਆਂ ਨੂੰ ਕਿਹਾ ਕਿ ਉਹ ਜੋ ਵੀ ਬਣਨਾ ਚਾਹੁੰਦੇ ਹਨ ਪਹਿਲਾਂ ਉਸ ਵਾਸਤੇ ਇੱਛਾ ਸ਼ਕਤੀ ਬਣਾਉਣ ਦੂਸਰਾ ਉਸ ਟੀਚੇ ਦੀ ਪ੍ਰਾਪਤੀ ਲਈ ਪੜ੍ਹਾਈ ਕਰਨ ਅਤੇ ਇਸ ਦੌਰਾਨ ਚੰਗੀ ਸੰਗਤ ਦੀ ਚੋਣ ਕਰਨ। ਜੋ ਬੱਚੇ ਉਹਨਾਂ ਦੇ ਵਿਚਾਰਾਂ ਨਾਲ ਨਹੀਂ ਚੱਲ ਸਕਦੇ ਉਹਨਾਂ ਨੂੰ ਤਿਲਾਂਜਲੀ ਦੇਣ। ਉਹਨਾਂ ਕਿਹਾ ਕਿ ਮਾਪੇ ਅਤੇ ਅਧਿਆਪਕ ਦੋਵੇਂ ਤੁਹਾਡੇ ਸੱਚੇ ਦਿਲੋਂ ਮਾਰਗ ਦਰਸ਼ਨ ਕਰਦੇ ਹਨ ਸੋ ਉਹਨਾਂ ਦੀ ਗੱਲ ਕਿਸੇ ਵੀ ਹਾਲਤ ਵਿੱਚ ਨਾ ਟਾਲੀ ਜਾਵੇ, ਨਹੀਂ ਤਾਂ ਸਾਰੀ ਉਮਰ ਪਛਤਾਵਾ ਰਹਿ ਜਾਂਦਾ ਹੈ । ਉਹਨਾਂ ਕਿਹਾ ਕਿ ਭਵਿੱਖ ਵਿੱਚ ਉਹ ਲਗਾਤਾਰ ਬੱਚਿਆਂ ਦੀ ਕਲਾਸ ਲੈਂਦੇ ਰਹਿਣਗੇ ਅਤੇ ਸਮੇਂ ਦੇ ਨਾਲ ਨਾਲ ਬੱਚਿਆਂ ਦੇ ਮਾਂ ਪਿਓ ਨੂੰ ਵੀ ਮਿਲਣਾ ਚਾਹੁਣਗੇ।
ਇਸ ਮੌਕੇ ਸਿੱਖਿਆ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ ਨੇ ਉਹਨਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਹਾਡੇ ਤਜ਼ਰਬੇ ਦਾ ਸਾਡੇ ਬੱਚਿਆਂ ਨੂੰ ਜਰੂਰ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਦੇਸ਼ ਕੁਮਾਰ ਅਰੋੜਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼ਹਿਰੀ ਪ੍ਰਧਾਨ ਸ਼੍ਰੀ ਅਮਿਤ ਔਲ , ਡਿਪਟੀ ਡੀਈਓ ਸ੍ਰੀ ਰਜੇਸ਼ ਖੰਨਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸਨ
ਸਕੂਲ ਆਫ ਐਮੀਨੈਂਸ ਅਜਨਾਲਾ ਵਿਖੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਜਿਲਾ ਪੁਲਿਸ ਮੁਖੀ ਮਨਿੰਦਰ ਸਿੰਘ।






