ਪੰਜਾਬ ਦੀ ਪਵਿੱਤਰ ਧਰਤੀ ਉੱਤੇ ਨਸ਼ੇ ਦੀ ਤਸਕਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ- ਹਰਭਜਨ ਸਿੰਘ ਈ.ਟੀ.ੳ

ਖ਼ਬਰ ਸ਼ੇਅਰ ਕਰੋ
045064
Total views : 151804

ਨਸ਼ਾ ਰੋਗੀਆਂ ਦਾ ਇਲਾਜ ਕਰਵਾਓ, ਖਰਚਾ ਕਰੇਗੀ ਪੰਜਾਬ ਸਰਕਾਰ
ਅੰਮ੍ਰਿਤਸਰ, 20 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਆਪਣੇ ਹਲਕੇ ਦੇ ਪਿੰਡਾਂ ਮੱਲੀਆਂ, ਚੌਹਾਨ ਅਤੇ ਖੇਲਾ ਵਿਖੇ ਕੀਤੀਆਂ ਨਸ਼ਾ ਮੁਕਤੀ ਯਾਤਰਾਵਾਂ ਵਿੱਚ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਗੁਰੂਆਂ ਪੀਰਾਂ ਦੀ ਇਸ ਧਰਤੀ ਉੱਤੇ ਨਸ਼ੇ ਦੀ ਤਸਕਰੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਚਾਹੇ ਕਿੰਨੀ ਵੀ ਤਾਕਤ ਰੱਖਦੇ ਹੋਣ, ਉਹਨਾਂ ਦਾ ਹਸ਼ਰ ਜੇਲ ਦੀਆਂ ਸੀਖਾਂ ਪਿੱਛੇ ਹੀ ਹੋਵੇਗਾ। ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਣੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਜਾਂ ਤਾਂ ਪੰਜਾਬ ਛੱਡ ਜਾਣ ਜਾਂ ਨਸ਼ੇ ਦਾ ਧੰਦਾ ਛੱਡ ਜਾਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਮੁੱਚੀ ਲੀਡਰਸ਼ਿਪ ਇਸ ਗੱਲ ਲਈ ਦ੍ਰਿੜ ਹੈ ਕਿ ਨਸ਼ਾ ਤਸਕਰੀ ਵਾਲੇ ਦੀ ਕੋਈ ਸਿਫਾਰਸ਼ ਨਹੀਂ ਕਰੇਗਾ ਚਾਹੇ ਉਹ ਸਾਡੇ ਗਵਾਂਢੀ ਹੋਣ ਜਾਂ ਸਾਡੇ ਘਰ ਵਾਲੇ ਹੋਣ।
ਉਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਜੋ ਵਿਅਕਤੀ ਨਸ਼ਾ ਕਰਦੇ ਹਨ ਉਹ ਇਸ ਰੋਗ ਦੇ ਪੀੜਤ ਹਨ, ਉਹਨਾਂ ਨਾਲ ਵਿਤਕਰਾ ਨਾ ਕਰੋ, ਉਹਨਾਂ ਨਾਲ ਹਮਦਰਦੀ ਰੱਖਦੇ ਹੋਏ ਉਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਲੈ ਕੇ ਜਾਓ, ਜਿੱਥੇ ਉਹਨਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਉਸ ਦਾ ਸਾਰਾ ਖਰਚ ਕਰੇਗੀ। ਉਹਨਾਂ ਕਿਹਾ ਕਿ ਇਲਾਜ ਦੇ ਦੌਰਾਨ ਕਿਸੇ ਵੀ ਰਿਸ਼ਤੇਦਾਰ ਨੂੰ ਉਸ ਮਰੀਜ਼ ਦੇ ਕੋਲ ਰਹਿਣ ਦੀ ਵੀ ਲੋੜ ਨਹੀਂ, ਉਹ ਵੀ ਪ੍ਰਬੰਧ ਸਾਡੇ ਪੈਰਾਮੈਡੀਕਲ ਸਟਾਫ ਕਰੇਗਾ। ਉਹਨਾਂ ਇਸ ਮੌਕੇ ਕੁਝ ਨੌਜਵਾਨਾਂ ਨੂੰ ਸਟੇਜ ਉੱਤੇ ਵੀ ਸੱਦ ਕੇ ਵਧਾਈ ਦਿੱਤੀ ਜਿਨਾਂ ਨੇ ਨਸ਼ੇ ਦੀ ਦਲਦਲ ਵਿੱਚੋਂ ਆਪਣੇ ਮਾਨਸਿਕ ਮਨੋਬਲ ਨਾਲ ਜਿੱਤ ਪ੍ਰਾਪਤ ਕਰਕੇ ਮੁੜ ਨਵੇਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ । ਇਸ ਮੌਕੇ ਐਸਐਮਓ ਸ੍ਰੀਮਤੀ ਨਵਰੀਤ ਕੌਰ ਨੇ ਨਸ਼ੇ ਦੇ ਰੋਗੀਆਂ ਦੀਆਂ ਅਲਾਮਤਾਂ ਅਤੇ ਇਸ ਦੇ ਇਲਾਜ ਬਾਰੇ ਚਾਨਣਾ ਪਾਇਆ।
ਕੈਬਨਿਟ ਮੰਤਰੀ ਨੇ ਸਾਰੇ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਸਹੁੰ ਵੀ ਚੁਕਾਈ ਕਿ ਉਹ ਨਾ ਤਾਂ ਨਸ਼ਾ ਵੇਚਣਗੇ ਅਤੇ ਨਾ ਹੀ ਨਸ਼ਾ ਵੇਚਣ ਵਾਲੇ ਦਾ ਸਾਥ ਦੇਣਗੇ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਖੇਡ ਉਨਾ ਚਿਰ ਹੀ ਸੀ ਜਿੰਨਾ ਚਿਰ ਤੁਸੀਂ ਸੁੱਤੇ ਸੀ, ਅੱਜ ਤੁਸੀਂ ਜਾਗ ਗਏ ਹੋ ਤਾਂ ਹੁਣ ਇਹਨਾਂ ਨੂੰ ਇਹ ਕੰਮ ਛੱਡਣਾ ਪਵੇਗਾ ਨਹੀਂ ਤਾਂ ਇਹਨਾਂ ਨੂੰ ਜੇਲ ਜਾਣਾ ਪਵੇਗਾ। ਇਸ ਮੌਕੇ ਪਿੰਡਾਂ ਦੇ ਮੋਹਤਬਰਾਂ ਤੋਂ ਇਲਾਵਾ ਆਮ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਬੜੇ ਉਤਸ਼ਾਹ ਦੇ ਨਾਲ ਨਸ਼ਾ ਮੁਕਤੀ ਯਾਤਰਾਵਾਂ ਵਿੱਚ ਭਾਗ ਲਿਆ।

ਕੈਪਸ਼ਨ
ਜੰਡਿਆਲਾ ਗੁਰੂ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਵਿੱਚ ਸ਼ਾਮਿਲ ਹੁੰਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ।