Total views : 131856
ਜਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਨੌਕਰੀਆਂ ਲਈ ਲੜਕੀਆਂ ਨੂੰ ਮੁਫ਼ਤ ਕੋਚਿੰਗ ਸ਼ੁਰੂ ਕੀਤੀ
ਅੰਮ੍ਰਿਤਸਰ 11 ਨਵੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਪੰਜਾਬ ਸਰਕਾਰ ਲੜਕੀਆਂ ਲਈ ਬਰਾਬਰੀ ਦੇ ਮੌਕੇ ਪੈਦਾ ਕਰਨ ਲਈ ਅਨੇਕਾਂ ਉਪਰਾਲੇ ਕਰ ਰਹੀ ਹੈ ਅਤੇ ਇਨਾਂ ਉਪਰਾਲਿਆਂ ਤੇ ਤਹਿਤ ਹੀ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਸਰਕਾਰੀ ਨੌਕਰੀਆਂ ਦੀ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਲੜਕੀਆਂ ਨੂੰ ਮੁਫ਼ਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਜਿਲ੍ਹਾ ਰੋਜ਼ਗਾਰ ਦੇ ਕਾਰੋਬਾਰ ਬਿਊਰੋ ਵਿਖੇ ਬੱਚਿਆਂ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਹਰ ਖੇਤਰ ਵਿੱਚ ਲੜਕੀਆਂ ਲੜਕਿਆਂ ਨਾਲੋਂ ਅੱਗੇ ਜਾ ਰਹੀਆਂ ਹਨ। ਉਹ ਚਾਹੇ ਖੇਤਰ ਸਿੱਖਿਆ ਦਾ ਹੋਵੇ ਜਾਂ ਖੇਡਾਂ ਦਾ ਲੜਕੀਆਂ ਨੇ ਆਪਣੀ ਕਾਬਲੀਅਤ ਦਾ ਸਿੱਕਾ ਜਮਾਇਆ ਹੈ। ਉਨਾਂ ਕਿਹਾ ਕਿ ਅਜੇ ਵੀ ਕੁੱਝ ਰੂੜੀਵਾਦੀ ਲੋਕਾਂ ਵਲੋਂ ਲੜਕੀਆਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਜਦਕਿ ਲੜਕੀਆਂ ਲੜਕਿਆਂ ਨਾਲੋਂ ਕਿਤੇ ਵੱਧ ਅਨੁਸ਼ਾਸ਼ਨ ਵਿੱਚ ਰਹਿ ਕੇ ਆਪਣਾ ਕੰਮ ਕਰਦੀਆਂ ਹਨ। ਉਨਾਂ ਕਿਹਾ ਕਿ ਅੰਮ੍ਰਿਤਸਰ ਲਈ ਫਖ਼ਰ ਦੀ ਗੱਲ ਹੈ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ, ਦੋ ਵਧੀਕ ਕਮਿਸ਼ਨਰ, ਦੋ ਸਹਾਇਕ ਕਮਿਸ਼ਨਰ ਲੜਕੀਆਂ ਹੀ ਹਨ ਅਤੇ ਉਹ ਜਿਲ੍ਹੇ ਦੀ ਕਮਾਨ ਨੁੰ ਬੜੇ ਸੁਚੱਜੇ ਢੰਗ ਨਾਲ ਚਲਾ ਰਹੀਆਂ ਹਨ।
ਸ: ਈ.ਟੀ.ਓ. ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਨੂੰ ਆਪਣੀ ਜਿੰਦਗੀ ਦਾ ਟੀਚਾ ਜ਼ਰੂਰ ਮਿਥਣਾ ਚਾਹੀਦਾ ਹੈ ਅਤੇ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਉਨਾਂ ਬੱਚਿਆਂ ਨੂੰ ਕਿਹਾ ਕਿ ਜਿੰਦਗੀ ਵਿੱਚ ਕਦੇ ਵੀ ਅਸਫ਼ਲ ਹੋਣ ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਹੋਰ ਮਿਹਨਤ ਕਰਕੇ ਸਫ਼ਲਤਾ ਦੀ ਮੰਜਿਲ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਵਲੋਂ ਬੱਚਿਆਂ ਨੂੰ ਸਟਡੀ ਮਟੀਰੀਅਲ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬਾਲ ਵਿਕਾਸ ਤੇ ਇਸਤਰੀ ਭਲਾਈ ਵਿਭਾਗ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਇਹ ਤੀਸਰਾ ਬੈਚ ਸ਼ੁਰੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਬੈਚ ਵਿੱਚ 90 ਲੜਕੀਆਂ ਨੂੰ ਸਰਕਾਰੀ ਨੌਕਰੀਆਂ ਦੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਬੈਚ ਵਿੱਚ ਸ਼ਾਮਲ ਹੋਣ ਲਈ 1050 ਦੇ ਕਰੀਬ ਲੜਕੀਆਂ ਨੇ ਅਪਲਾਈ ਕੀਤਾ ਸੀ ਅਤੇ 400 ਲੜਕੀਆਂ ਨੇ ਆਪਣਾ ਟੈਸਟ ਦਿੱਤਾ ਸੀ ਜਿਸ ਵਿਚੋਂ 90 ਲੜਕੀਆਂ ਦੀ ਟੈਸਟ ਦੇ ਆਧਾਰ ਤੇ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਹ ਕੋਚਿੰਗ ਕਲਾਸਾਂ ਦਾ ਸਮਾਂ 6 ਮਹੀਨੇ ਪ੍ਰਤੀ ਦਿਨ ਦੋ ਘੰਟੇ ਦਾ ਹੋਵੇਗਾ ਅਤੇ ਸਵੇਰੇ ਅਤੇ ਸ਼ਾਮ ਨੂੰ 2 ਬੈਚਾਂ ਵਿੱਚ ਲੜਕੀਆਂ ਨੂੰ ਮੁਫ਼ਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਉਸਦੇ ਨਾਲ ਹੀ ਸਟੱਡੀ ਮਟੀਰਿਅਲ ਵੀ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਦੋ ਇੰਸਟੀਚਿਊਟ ਗਿਆਨਮ ਇੰਸਟੀਚਿਊਟ ਅਤੇ ਈ.ਡੀ.ਐਕਸ ਕੈੰਪਸ ਵਲੋਂ ਇਹ ਕੋਚਿੰਗ ਲੜਕੀਆਂ ਨੂੰ ਮੁਫ਼ਤ ਦਿੱਤੀ ਜਾਵੇਗੀ ਅਤੇ ਹਰੇਕ ਹਫ਼ਤੇ ਮਾਕ ਟੈਸਟ ਵੀ ਲਏ ਜਾਣਗੇ। ਉਨਾਂ ਦੱਸਿਆ ਕਿ ਇਹ ਇਕ ਸਾਲ ਦਾ ਪੂਰਾ ਕੋਰਸ ਆਨਲਾਈਨ ਵੀ ਮੁਹੱਈਆ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਜਨਵਰੀ 2024 ਮਹੀਨੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ 70 ਲੜਕੀਆਂ ਨੂੰ ਕੋਚਿੰਗ ਮੁਹੱਈਆ ਕਰਵਾਈ ਗਈ ਸੀ ਅਤੇ ਇਨਾਂ ਵਿਚੋਂ ਇਕ ਲੜਕੀ ਨੇ ਆਈ.ਏ.ਐਸ. (ਪ੍ਰੀਲਿਮਨਰੀ ਟੈਸਟ) ਪਾਸ ਕਰ ਲਿਆ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਸੋਨਮ, ਜਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਮੁਕੇਸ਼ ਸਾਰੰਗਲ, ਡਿਪਟੀ ਸੀ.ਈ.ਓ. ਸ: ਤੀਰਥਪਾਲ ਸਿੰਘ, ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰ, ਗਿਆਨਮ ਇੰਸਟੀਚਿਊਟ ਦੇ ਸ੍ਰੀ ਸਿਧਾਰਥ ਅਤੇ ਦੀਪਿਕਾ, ਈ.ਡੀ.ਐਕਸ ਕੈਂਪਸ ਦੇ ਨਿਸ਼ਾਂਤ ਅਤੇ ਪ੍ਰੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ।
ਕੈਪਸ਼ਨ : ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਜਿਲ੍ਹਾ ਰੋਜ਼ਗਾਰ ਦੇ ਕਾਰੋਬਾਰ ਬਿਊਰੋ ਵਿਖੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ
ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਬੱਚਿਆਂ ਨੂੰ ਸਟਡੀ ਮਟੀਰੀਅਲ ਦੀਆਂ ਕਿੱਟਾਂ ਜਾਰੀ ਕਰਦੇ ਹੋਏ।
===–