Total views : 131852
ਜੰਡਿਆਲਾ ਗੁਰੂ, 18 ਦਸੰਬਰ-(ਸਿਕੰਦਰ ਮਾਨ)- ਪਿਛਲੇ 10 ਮਹੀਨਿਆਂ ਤੋਂ ਦਿੱਲੀ ਕੂਚ ਦੇ ਐਲਾਨ ਨਾਲ ਸ਼ੁਰੂ ਹੋਇਆ ਦਿੱਲੀ ਅੰਦੋਲਨ 2 ਲਗਾਤਾਰ ਸ਼ੰਭੂ, ਖਨੌਰੀ ਤੇ ਰਤਨਪੁਰਾਂ (ਰਾਜਸਥਾਨ) ਬਾਰਡਰਾਂ ਉੱਤੇ ਚੱਲ ਰਿਹਾ ਹੈ। ਇਸੇ ਦੌਰਾਨ 6, 8 ਅਤੇ 14 ਦਸੰਬਰ ਨੂੰ ਪੈਦਲ ਦਿੱਲੀ ਵੱਲ ਕੂਚ ਕਰ ਰਹੇ 101 ਕਿਸਾਨਾਂ ਮਜਦੂਰਾਂ ਦੇ ਜਥਿਆਂ ਉੱਤੇ ਕੇਂਦਰ ਸਰਕਾਰ ਵੱਲੋਂ ਜ਼ਬਰ ਤੇ ਦੇਸ਼ ਦੇ ਸੰਵਿਧਾਨ ਦੁਆਰਾ ਬੋਲਣ ਤੇ ਰੋਸ ਪ੍ਰਦਰਸ਼ਨ ਦੀ ਆਜ਼ਾਦੀ ਦਾ ਗਲਾ ਘੁੱਟਣ ਖਿਲਾਫ ਅਤੇ ਜਗਜੀਤ ਸਿੰਘ ਡੱਲੇਵਾਲ ਦੁਆਰਾ 26 ਨਵੰਬਰ ਤੋਂ ਜ਼ਾਰੀ ਮਰਨ ਵਰਤ ਤੇ ਸਰਕਾਰੀ ਵੱਲੋਂ ਸਾਧੀ ਚੁੱਪੀ ਖਿਲਾਫ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਦਿੱਤੇ 3 ਘੰਟੇ ਦੇ ਰੇਲ ਰੋਕੋ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਅੰਦਰ 18 ਜਿਲ੍ਹਿਆਂ ਵਿੱਚ 33 ਤੋਂ ਵੱਧ ਥਾਵਾਂ ਤੇ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਕੇ ਸੱਦੇ ਨੂੰ ਸਫਲ ਬਣਾਇਆ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇ ਰੇਲ ਰੋਕੋ ਵਿੱਚ ਪੰਜਾਬ ਭਰ ਤੋਂ ਲੱਖਾਂ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ ਅਤੇ ਖੇਤੀ ਮੰਡੀ ਨਾਲ ਸੰਬੰਧਿਤ ਸਾਰੇ ਵਰਗ ਜਿਵੇਂ ਛੋਟੇ ਦੁਕਾਨਦਾਰ, ਛੋਟੇ ਵਪਾਰੀਆਂ ਵੱਲੋਂ ਭਰਪੂਰ ਸਹਿਯੋਗ ਮਿਲਿਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਦੀ ਖੇਤੀ ਸਮੇਤ ਸਭ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਤਹੱਈਆ ਕਰ ਚੁੱਕੀ ਹੈ ਪਰ ਅੱਜ ਦੇਸ਼ ਦਾ ਅੰਨਦਾਤਾ ਜਾਗ ਚੁੱਕਾ ਹੈ ਅਤੇ ਸਰਕਾਰ ਦੇ ਇਹ ਮਨਸ਼ੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਦੇਸ਼ ਦਾ ਖੇਤੀਬਾੜੀ ਮੰਤਰੀ ਸੰਸਦ ਵਿੱਚ ਖੜ੍ਹ ਕੇ ਝੂਠ ਬੋਲ ਰਿਹਾ ਹੈ ਕਿ ਗੁੰਮਰਾਹਕੁੰਨ ਬਿਆਨ ਦੇ ਕਿ ਕਿਸਾਨਾਂ ਮਜਦੂਰਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦਿੱਲੀ ਅੰਦੋਲਨ 1 ਦੌਰਾਨ ਰੱਦ ਕੀਤੇ ਤਿੰਨੇ ਕਾਲੇ ਖੇਤੀ ਕਾਨੂੰਨ ਦੁਬਾਰਾ ਖੇਤੀ ਮਾਰਕੀਟਿੰਗ ਨੀਤੀ ਦੇ ਨਾਮ ਹੇਠ ਲਿਆ ਕੇ ਰਾਜਾਂ ਨੂੰ ਲਾਗੂ ਕਰਨ ਲਈ ਕਹਿ ਕੇ ਮੋਦੀ ਸਰਕਾਰ ਖੇਤੀ ਮੰਡੀ ਖਤਮ ਕਰਕੇ ਸਾਇਲੋ ਗੁਦਾਮਾਂ ਨੂੰ ਮੰਡੀ ਯਾਰਡ ਘੋਸ਼ਿਤ ਕਰਕੇ ਦੇਸ਼ ਦੇ 68 ਕਰੋੜ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕੱਢਣ ਦੇ ਮਨਸੂਬੇ ਲਾਗੂ ਕਰ ਰਹੀ ਹੈ ਜਿਸਦਾ ਦੋਨੋ ਫੋਰਮ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਸਾਨ ਅੰਦੋਲਨ ਬਾਰੇ ਸਾਜ਼ਿਸ਼ੀ ਚੁੱਪੀ ਧਾਰੀ ਹੋਈ ਹੈ । ਉਹਨਾਂ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਆਪਸੀ ਏਕਾ ਬਣਾਕੇ ਸੰਘਰਸ਼ ਨੂੰ ਹੋਰ ਵਿਆਪਕ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਿੰਨੀ ਦੇਰ ਅੰਦੋਲਨ ਦੀਆਂ ਸਾਰੀਆਂ ਮੰਗਾਂ ਤੇ ਸਰਕਾਰ ਵੱਲੋਂ ਠੋਸ ਕਦਮ ਨਹੀਂ ਚੁੱਕੇ ਜਾਂਦੇ ਓਨੀ ਦੇਰ ਅੰਦੋਲਨ ਜਾਰੀ ਰਹੇਗਾ ਅਤੇ ਅਗਰ ਡੱਲੇਵਾਲ ਜੀ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਨੂੰ ਇਸਦੇ ਵੱਡੇ ਖਾਮਿਆਜ਼ੇ ਭੁਗਤਣੇ ਪੈਣਗੇ। ਉਹਨਾਂ ਜਾਣਕਾਰੀ ਦਿੱਤੀ ਕਿ ਦੋਨਾਂ ਫੋਰਮਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਹੈ ਜਿਸ ਦੌਰਾਨ ਐਮਰਜੰਸੀ ਸੇਵਾਵਾਂ ਜਾਰੀ ਰਹਿਣਗੀਆਂ । ਉਹਨਾਂ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਸਾਨ ਮਜਦੂਰ ਅਤੇ ਸਮੂਹ ਪੰਜਾਬ ਦੇ ਭਲੇ ਲਈ ਪੰਜਾਬ ਬੰਦ ਵਿੱਚ ਸਹਿਯੋਗ ਕੀਤਾ ਜਾਵੇ ।