




Total views : 148935







ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਸਮਾਗਮ
ਜੰਡਿਆਲਾ ਗੁਰੂ 21 ਦਸੰਬਰ-(ਸਿਕੰਦਰ ਮਾਨ)-ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਥਾਨਕ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਸਾਨੂੰ ਹਮੇਸ਼ਾ ਸਵੈਮਾਣ ਨਾਲ ਜਿਉਣ ਦੀ ਜਾਚ ਸਿਖਾਉਂਦੀਆਂ ਰਹਿਣਗੀਆਂ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਮੁਰਦਾ ਹੋਈ ਕੌਮ ਨੂੰ ਜ਼ੁਲਮ ਨਾਲ ਲੜਨ ਦੀ ਜਾਂਚ ਸਿਖਾਈ । ਉਹਨਾਂ ਨੇ ਹੱਕ ਅਤੇ ਸੱਚ ਉੱਤੇ ਪਹਿਰਾ ਦਿੱਤਾ ਅਤੇ ਉਹ ਗਰੀਬਾਂ ਮਜ਼ਲੂਮਾਂ ਦੀ ਢਾਲ ਬਣੇ। ਉਹਨਾਂ ਨੇ ਦੇਸ਼ ਵਾਸਤੇ ਆਪਣੇ ਸਰਬੰਸ ਵਾਰ ਦਿੱਤਾ ਅਤੇ ਅੱਜ ਅਸੀਂ ਜਦੋਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਜਾਂ ਸਮਾਗਮ ਕਰਵਾਉਂਦੇ ਹਾਂ ਤਾਂ ਸਾਡੇ ਵਿੱਚ ਵੀ ਜੁਲਮ ਖਿਲਾਫ ਡਟਣ ਦੀ ਚਿਣਗ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ।
ਉਹਨਾਂ ਕਿਹਾ ਕਿ ਅੱਜ ਜਦੋਂ ਭਾਰਤ ਦੇ ਇਤਿਹਾਸ ਉੱਤੇ ਨਿਗਾਹ ਮਾਰੀਏ ਤਾਂ ਇਹ ਤਸਵੀਰ ਸਾਹਮਣੇ ਆਉਂਦੀ ਹੈ ਕਿ ਜੇ ਗੁਰੂ ਸਾਹਿਬ ਕੁਰਬਾਨੀਆਂ ਨਾ ਕਰਦੇ ਤਾਂ ਅੱਜ ਭਾਰਤ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਉਹਨਾਂ ਕਿਹਾ ਕਿ ਆਓ ਆਪਾਂ ਵੀ ਸਾਰੇ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਗਰੀਬਾਂ ਮਜ਼ਲੂਮਾਂ ਦੇ ਨਾਲ ਖੜਨਾ ਸਿੱਖੀਏ। ਇਸ ਮੌਕੇ ਸ੍ਰੀ ਸਤਿੰਦਰ ਸਿੰਘ, ਸਰਬਜੀਤ ਡਿੰਪੀ, ਸ੍ਰੀ ਨਰੇਸ਼ ਪਾਠਕ, ਸੁਨੈਨਾ ਰੰਧਾਵਾ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਕੈਪਸ਼ਨ
ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਮਨਾਏ ਗਏ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ।






