




Total views : 161400






Total views : 161400ਵਾਲਡ ਸਿਟੀ, ਹਵਾਈ ਅੱਡਾ ਅਤੇ ਪਿੰਡਾਂ ਨੂੰ ਦਿੱਤੀ ਬਲੈਕ ਆਊਟ ਅਭਿਆਸ ਤੋਂ ਛੋਟ
ਅੰਮ੍ਰਿਤਸਰ, 30 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਕੱਲ 31 ਮਈ ਨੂੰ ਅਪਰੇਸ਼ਨ ਸ਼ੀਲਡ ਅਧੀਨ ਅੰਮ੍ਰਿਤਸਰ ਵਿੱਚ ਸ਼ਾਮ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਭਾਵ ਅੱਧੇ ਘੰਟੇ ਲਈ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀ ਅਮਿਤ ਸਰੀਨ ਨੇ ਦੱਸਿਆ ਕਿ ਇਸ ਬਲੈਕ ਆਊਟ ਅਭਿਆਸ ਵਿੱਚੋਂ ਅੰਮ੍ਰਿਤਸਰ ਦਾ ਅੰਦਰੂਨੀ ਇਲਾਕਾ ਭਾਵ ਵਾਲਡ ਸਿਟੀ, ਅੰਮ੍ਰਿਤਸਰ ਦੇ ਹਵਾਈ ਅੱਡਾ ਅਤੇ ਪਿੰਡਾਂ ਨੂੰ ਛੋਟ ਦਿੱਤੀ ਗਈ ਹੈ। ਭਾਵ ਇਹਨਾਂ ਥਾਵਾਂ ਉੱਤੇ ਲਾਈਟ ਬੰਦ ਨਹੀਂ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਹ ਕੇਵਲ ਸੰਕਟ ਕਾਲ ਵੇਲੇ ਕਿਸ ਤਰ੍ਹਾਂ ਆਪਾਂ ਸਾਰਿਆਂ ਸਹਿਯੋਗ ਕਰਨਾ ਹੈ, ਉਸ ਲਈ ਪ੍ਰੈਕਟਿਸ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ, ਕੇਵਲ ਤੁਹਾਡੇ ਸਹਿਯੋਗ ਦੀ ਲੋੜ ਰਹੇਗੀ । ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ 8 ਵਜੇ ਸਾਇਰਨ ਵੱਜਣ ਤਾਂ ਤੁਸੀਂ ਆਪਣੀਆਂ ਸਾਰੀਆਂ ਘਰ ਦੇ ਬਾਹਰ ਵਾਲੀਆਂ ਲਾਈਟਾਂ ਬੰਦ ਕਰਨੀਆਂ ਹਨ ਚਾਹੇ ਉਸ ਵਿੱਚ ਕੈਮਰਿਆਂ ਉੱਤੇ ਲੱਗੀ ਆਟੋਮੈਟਿਕ ਲਾਈਟ ਹੋਵੇ ਜਾਂ ਇਨਵਰਟਰ ਉਤੇ ਚਲਦੀਆਂ ਲਾਈਟਾਂ, ਸਾਰੀਆਂ ਲਾਈਟਾਂ ਬੰਦ ਕਰਨੀਆਂ ਯਕੀਨੀ ਬਣਾਓ। ਇਸ ਤੋਂ ਇਲਾਵਾ ਘਰ ਦੇ ਅੰਦਰ ਜੇਕਰ ਲਾਈਟ ਜਗਾਉਣੀ ਹੈ ਤਾਂ ਮੋਟੇ ਪਰਦੇ ਜਾਂ ਅਜਿਹਾ ਪ੍ਰਬੰਧ ਕਰੋ ਜਿਸ ਨਾਲ ਬਾਰੀਆਂ ਵਿੱਚੋਂ ਰੌਸ਼ਨੀ ਬਾਹਰ ਨਾ ਜਾਵੇ। ਉਹਨਾਂ ਕਿਹਾ ਕਿ ਬਲੈਕ ਆਊਟ ਦੌਰਾਨ ਸਭ ਤੋਂ ਸੁਰੱਖਿਅਤ ਸਥਾਨ ਜ਼ਮੀਨ ਦੋਜ਼ ਜਾਂ ਜਮੀਨ ਵਾਲੀ ਮੰਜ਼ਿਲ ਰਹਿੰਦੀ ਹੈ, ਇਸ ਲਈ ਤੁਸੀਂ ਆਪਣੇ ਗਰਾਊਂਡ ਫਲੋਰ ਕਮਰੇ ਦੇ ਵਿਚਾਲੇ ਬੈਠਣ ਦਾ ਅਭਿਆਸ ਕਰਨਾ ਹੈ। ਕੋਸ਼ਿਸ਼ ਕਰੋ ਕਿ ਉਸ ਸਥਾਨ ਤੇ ਬੈਠਿਆ ਜਾਵੇ ਜਿੱਥੇ ਨੇੜੇ ਕੋਈ ਕੱਚ ਦੀ ਖਿੜਕੀ ਨਾ ਹੋਵੇ। ਬਲੈਕ ਆਊਟ ਦੌਰਾਨ ਛੱਤ ਉੱਤੇ, ਗਲੀ ਵਿੱਚ ਜਾਂ ਬਾਹਰ ਖੁੱਲੇ ਥਾਂ ਉੱਤੇ ਨਹੀਂ ਘੁੰਮਣਾ। ਜੋ ਲੋਕ ਇਸ ਸਮੇਂ ਦੌਰਾਨ ਸੜਕ ਉੱਤੇ ਗੱਡੀ ਵਿੱਚ ਜਾ ਰਹੇ ਹੋਣਗੇ, ਉਹ ਆਪਣਾ ਵਾਹਨ ਭਾਵ ਕਾਰ ਸਕੂਟਰ, ਮੋਟਰਸਾਈਕਲ ਦੀ ਲਾਈਟ ਬੰਦ ਕਰਕੇ ਸੜਕ ਦੇ ਪਾਸੇ ਖਲੋ ਜਾਣ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿਵਿਲ ਡਿਫੈਂਸ ਵੱਲੋਂ ਸ਼ਾਮ 6 ਤੋਂ 7 ਵਜੇ ਤੱਕ ਰਣਜੀਤ ਐਵਨਿਊ ਸਥਿਤ ਦੁਸ਼ਹਿਰਾ ਗਰਾਊਂਡ ਵਿਖੇ ਮੌਕ ਡਰਿੱਲ ਵੀ ਕੀਤੀ ਜਾਵੇਗੀ।
—-ਬਲੈਕ ਆਊਟ ਦੌਰਾਨ ਇਹ ਯਕੀਨੀ ਬਣਾਓ—–
1. ਸਾਰੇ ਲਾਈਟਾਂ ਬੰਦ ਕਰੋ
• ਇਸ ਵਿੱਚ ਮੁੱਖ ਲਾਈਟਾਂ, ਇਨਵਰਟਰ ਲਾਈਟਾਂ ਅਤੇ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ, ਜੋ ਬਾਹਰੋਂ ਦਿਖ ਸਕਦੀ ਹੋਵੇ।
2 ਇਨਵਰਟਰ ਦੀ ਲਾਈਟ ਬੰਦ ਕਰਨੀ ਲਾਜ਼ਮੀ ਹੈ
3. ਪਰਦੇ ਪੂਰੀ ਤਰ੍ਹਾਂ ਲਗਾਓ। ਕੋਈ ਰੋਸ਼ਨੀ ਬਾਹਰ ਨਜ਼ਰ ਨਾ ਆਵੇ, ਇਹ ਯਕੀਨੀ ਬਣਾਓ।
4. ਸਾਰੇ ਜ਼ਰੂਰੀ ਸਾਮਾਨ ਪਹਿਲਾਂ ਤੋਂ ਚਾਰਜ ਰੱਖੋ
• ਮੋਬਾਈਲ, ਪਾਵਰ ਬੈਂਕ, ਟਾਰਚ, ਰੇਡੀਓ ਆਦਿ ਹਮੇਸ਼ਾ ਚਾਰਜ ਰੱਖੋ।
5. ਗੁਆਂਢੀਆਂ ਅਤੇ ਬੱਚਿਆਂ ਨੂੰ ਵੀ ਸੂਚਿਤ ਕਰੋ।
• ਜੋ ਲੋਕ ਜਾਣਕਾਰੀ ਵਿੱਚ ਨਹੀਂ, ਉਨ੍ਹਾਂ ਦੀ ਮਦਦ ਕਰੋ ਅਤੇ ਉਨ੍ਹਾਂ ਨੂੰ ਵੀ ਇਹ ਦਿਸ਼ਾ-ਨਿਰਦੇਸ਼ ਮਨਾਉਣ ਲਈ ਕਹੋ।
6. ਬਲੈਕਆਉਟ ਲਈ ਤਿਆਰ ਰਹੋ
• ਆਪਣੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਪਾਣੀ, ਟਾਰਚ, ਜੁੱਤੀਆਂ, ਦਸਤਾਵੇਜ਼ ਆਦਿ ਇਕੱਠੀਆਂ ਅਤੇ ਤਿਆਰ ਰੱਖੋ।
7. ਕਾਰ ਵਿੱਚ ਹੋਣ ਦੀ ਸੂਰਤ ਵਿੱਚ
• ਜੇ ਸਾਇਰਨ ਦੌਰਾਨ ਤੁਸੀਂ ਰਸਤੇ ਵਿੱਚ ਹੋ, ਤਾਂ ਹੈੱਡਲਾਈਟ ਤੁਰੰਤ ਬੰਦ ਕਰੋ, ਕਾਰ ਨੂੰ ਰੋਕੋ, ਅਤੇ ਕੋਈ ਹਿਲਜੁਲ ਨਾ ਕਰੋ।
⸻
ਨਹੀਂ ਕਰਨੀਆਂ ਗੱਲਾਂ (DON’Ts)
1. ਕੋਈ ਵੀ ਲਾਈਟ ਨਾ ਚਾਲੂ ਕਰੋ
• ਛੋਟੀ ਤੋਂ ਛੋਟੀ ਰੌਸ਼ਨੀ ਜਾਂ ਸਕਰੀਨ ਦੀ ਚਮਕ ਵੀ ਲੁਕਾ ਦਿਓ।
2. ਸਾਇਰਨ ਦੇ ਬਾਅਦ ਕੋਈ ਵੀ ਗੱਡੀ ਜਾਂ ਪੈਦਲ ਹਲਚਲ ਨਾ ਹੋਵੇ
• ਜਿੱਥੇ ਹੋ, ਉਥੇ ਹੀ ਰੁੱਕ ਜਾਓ।
3. ਕਿਸੇ ਵੀ ਝਰੋਖੇ ਜਾਂ ਦਰਵਾਜ਼ੇ ਨੂੰ ਨਾ ਖੋਲ੍ਹੋ
• ਬਾਹਰ ਰੌਸ਼ਨੀ ਜਾਣਾ ਸਖ਼ਤ ਮਨਾਹੀ ਹੈ।
5. ਅਫਵਾਹਾਂ ਨਾ ਫੈਲਾਓ ਅਤੇ ਨਾ ਵਿਸ਼ਵਾਸ ਕਰੋ
• ਕੇਵਲ ਸਰਕਾਰੀ ਹਦਾਇਤਾਂ ਉੱਤੇ ਭਰੋਸਾ ਕਰੋ।







