




Total views : 148888







ਨਸ਼ਾ ਮੁਕਤੀ ਮੋਰਚੇ ਵੱਲੋਂ ਨਸ਼ੇ ਵਿਰੋਧੀ ਲੋਕ ਮੁਹਿੰਮ ਆਰੰਭੀ ਜਾਵੇਗੀ: ਦੀਕਸ਼ਤ ਧਵਨ
ਅੰਮ੍ਰਿਤਸਰ 25 ਜੂਨ (ਡਾ. ਮਨਜੀਤ ਸਿੰਘ)-ਪੰਜਾਬ ਸਰਕਾਰ ਵੱਲੋਂ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਅਹੁਦੇਦਾਰਾਂ ਨਾਲ ਜਿਲਾ ਪੱਧਰੀ ਮੀਟਿੰਗ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਕੀਤੀ ਗਈ। ਜਿਸ ਦੌਰਾਨ ਨਸ਼ਾ ਮੁਕਤੀ ਮੋਰਚਾ ਸ਼ਹਿਰੀ ਦੇ ਇੰਚਾਰਜ ਸ੍ਰੀ ਦੀਕਸ਼ਤ ਧਵਨ ਅਤੇ ਨਸ਼ਾ ਮੁਕਤੀ ਮੋਰਚਾ ਦਿਹਾਤੀ ਦੇ ਇੰਚਾਰਜ ਸ੍ਰੀ ਹੁਸਨਪ੍ਰੀਤ ਸਿੰਘ ਸਿਆਲਕਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਸ਼੍ਰੀ ਦੀਕਸ਼ਤ ਧਵਨ ਵੱਲੋਂ ਕਿਹਾ ਗਿਆ ਕਿ ਨਸ਼ਾ ਮੁਕਤੀ ਮੋਰਚਾ ਵੱਲੋਂ ਨਸ਼ੇ ਵਿਰੋਧੀ ਲੋਕ ਮੁਹਿੰਮ ਚਲਾਈ ਜਾਵੇਗੀ ਅਤੇ ਹੇਠਲੇ ਪੱਧਰ ਤੱਕ ਆਮ ਲੋਕਾਂ ਤੱਕ ਪਹੁੰਚ ਕਰਕੇ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੀ ਭਾਲ ਕੀਤੀ ਜਾਵੇਗੀ ਅਤੇ ਉਹਨਾਂ ਦੇ ਇਲਾਜ ਲਈ ਢੁਕਵੇ ਪ੍ਰਬੰਧ ਕਰਵਾਏ ਜਾਣਗੇ।
ਸ੍ਰੀ ਦੀਕਸ਼ਤ ਧਵਨ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ੇ ਤੋਂ ਪੀੜਤ ਲੋਕਾਂ ਦਾ ਨਸ਼ਾ ਛੁਡਾਉ ਕੇਂਦਰਾਂ ਵਿਖੇ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲੲ ਸਕਿੱਲ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਸ੍ਰੀ ਧਵਨ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਿਹੜੇ ਵੀ ਲੋਕ ਨਸ਼ਾ ਵੇਚਣ ਵਾਲੇ ਵਿਅਕਤੀਆਂ ਸਿਫਾਰਸ਼ ਲਈ ਪੁਲਿਸ ਕੋਲ ਜਾਣਗੇ ਜਾਂ ਅਦਾਲਤ ਵਿੱਚ ਜਮਾਨਤ ਲਈ ਜਾਣਗੇ ਦੇ ਨਾਮ ਜਨਤਕ ਕੀਤੇ ਜਾਣਗੇ ਅਤੇ ਲੋਕਾਂ ਨੂੰ ਅਜਿਹੇ ਲੋਕਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਯ ਦਾ ਅਗਲਾ ਪੜਾਅ 1 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ।
ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਇਸ ਵਿਸ਼ੇਸ਼ ਮੀਟਿੰਗ ਦਾ ਮੁੱਖ ਮਕਸਦ ਆਮ ਲੋਕਾਂ ਤੱਕ ਇਸ ਮੁਹਿੰਮ ਬਾਰੇ ਜਾਣਕਾਰੀ ਪਹੁੰਚਾਉਣਾ ਹੈ, ਤਾਂ ਜੋ ਜਿਹੜੇ ਵੀ ਲੋਕ ਨਸ਼ੇ ਛੱਡਣੇ ਚਾਹੁੰਦੇ ਹਨ, ਉਹਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਖੇ ਮੁਫਤ ਇਲਾਜ ਲਈ ਪ੍ਰੇਰਿਤ ਕਰਕੇ ਲਿਆਂਦਾ ਜਾ ਸਕੇ। ਉਹਨਾਂ ਆਖਿਆ ਕਿ ਸਰਕਾਰੀ ਨਸ਼ਾ ਛਡਾਊ ਕੇਂਦਰ ਵਿਖੇ, ਨਸ਼ਾ ਕਰਨ ਵਾਲਿਆਂ ਦਾ ਮੈਡੀਕਲ ਤਰੀਕੇ ਨਾਲ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਇਲਾਜ ਤੋ ਇਨਾ ਲੋਕਾਂ ਨੂੰ ਰੋਜ਼ਗਾਰ ਕਰਨ ਦੇ ਕਾਬਲ ਬਣਾਇਆ ਜਾਂਦਾ ਹੈ ਤਾਂ ਜੋ ਉਹ ਸਮਾਜ ਵਿੱਚ ਬੋਝ ਨਾ ਬਣਨ ਅਤੇ ਆਪਣੇ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਕਰ ਸਕਣ ਅਤੇ ਇੱਕ ਚੰਗੇ ਨਾਗਰਿਕ ਬਣ ਸਕਣ। ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਇਸ ਸਬੰਧੀ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ। ਜੋ ਕਿ 1800-1376-754 ਹੈ। ਇਸ ਨੰਬਰ ਤੇ ਇਸ ਮੁਹਿੰਮ ਸਬੰਧੀ ਪੂਰੀ ਜਾਣਕਾਰੀ ਉਪਲਬਧ ਹੈ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਸਵਰਨਜੀਤ ਧਵਨ, ਐਸਐਮਓ ਡਾ ਰਸ਼ਮੀ ਵਿਜ, ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ, ਜਿਲਾ ਸਿਹਤ ਅਫਸਰ ਡਾ ਜਸਪਾਲ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫਸਰ ਸਾਹਿਬਾਨ, ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਹਰਜੋਤ ਕੌਰ, ਡਾ ਚਰਨਜੀਤ ਕੌਰ, ਸਨ ਫਾਉਂਡੇਸ਼ਨ ਵੱਲੋਂ ਮੈਡਮ ਬਲਜੀਤ ਕੌਰ ਅਤੇ ਨਸ਼ਾ ਮੁਕਤੀ ਮੋਰਚਾ ਦੇ ਅਹੁਦੇਦਾਰ ਹਨੀ ਨਾਹਰ, ਨਰਿੰਦਰ ਦੱਤਾ, ਸੁਨੀਲ ਕੁਮਾਰ, ਕੁਲਵੰਤ ਸਿੰਘ ਵਡਾਲੀ, ਰਾਹੁਲ ਸੇਠ, ਸਾਹਿਬ ਸਿੰਘ ਗਿੱਲ, ਰਜੇਸ਼ ਹੰਡਾ, ਪੰਕਜ ਸੋਹੀ, ਬਲਬੀਰ ਕਪੂਰ, ਸ਼ੀਤਲ ਕਲੇਰ ਆਦੀ ਨੇ ਹਿੱਸਾ ਲਿਆ।






