ਹੈਰੀਟੇਜ ਸਟਰੀਟ ਵਿਚਲੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਨੂੰ ਨਗਰ ਨਿਗਮ ਦੇਵੇਗਾ ਮੁਫ਼ਤ ਵਿੱਚ ਡਸਟਬਿਨ-

ਖ਼ਬਰ ਸ਼ੇਅਰ ਕਰੋ
045026
Total views : 151700

ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੇ ਰੱਖ ਰਖਾਵ ਲਈ ਰਾਜ ਸਭਾ ਮੈਂਬਰ ਡਾਕਟਰ ਸਾਹਨੀ ਨੇ ਦਿੱਤੀ 2.51 ਕਰੋੜ ਦੀ ਗਰਾਂਟ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 11 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਹੈਰੀਟੇਜ ਸਟਰੀਟ ਨੂੰ ਸਾਫ ਰੱਖਣ ਅਤੇ ਹੋਰ ਬਿਹਤਰ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ, ਉਹਨਾਂ ਨੇ ਆਦੇਸ਼ ਦਿੱਤੇ ਗਏ ਉਕਤ ਸਟਰੀਟ ਵਿੱਚ ਚਲਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਨੂੰ ਨਗਰ ਨਿਗਮ ਮੁਫਤ ਡਸਟਬੀਨ ਦੇਵੇ ਤਾਂ ਜੋ ਉਥੇ ਸਾਫ ਸਫਾਈ ਰਹਿ ਸਕੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਰਸਤੇ ਵਿੱਚ ਜ਼ਿਆਦਾ ਸਮਰੱਥਾ ਵਾਲੇ ਵੱਡੇ ਡਸਟਬਿਨ ਵੀ ਤੁਰੰਤ ਲਗਾਏ ਜਾਣ।
ਉਹਨਾਂ ਦੱਸਿਆ ਕਿ ਰਾਜਸਭਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਹਨੀ ਨੇ ਇਸ ਰਸਤੇ ਦੇ ਰੱਖ ਰਖਾਵ ਲਈ ਦੋ ਕਰੋੜ 51 ਲੱਖ ਰੁਪਏ ਦੀ ਗਰਾਂਟ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੀ ਹੈ। ਉਹਨਾਂ ਦੱਸਿਆ ਕਿ ਇਸ ਪੈਸੇ ਨਾਲ ਵਿਰਾਸਤੀ ਗਲੀ ਵਿੱਚ ਰੰਗ ਰੋਗਨ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ 31 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕੰਮ ਉੱਤੇ 41 ਲੱਖ ਤੋਂ ਵੱਧ ਦੀ ਲਾਗਤ ਆਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਰਸਤੇ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਦੋ ਅੱਠ ਸੀਟਾਂ ਵਾਲੀਆਂ ਗੋਲਫ ਕਾਰਟ ਖਰੀਦੀਆਂ ਗਈਆਂ ਹਨ, ਜੋ ਛੇਤੀ ਹੀ ਚਾਲੂ ਕੀਤੀਆਂ ਜਾਣਗੀਆਂ।‌ ਉਹਨਾਂ ਨੇ ਇਸ ਰਸਤੇ ਦੀ ਸਫਾਈ ਲਈ ਸਵੀਪਿੰਗ ਮਸ਼ੀਨ ਵੀ ਖਰੀਦਣ ਦੀ ਹਦਾਇਤ ਅਧਿਕਾਰੀਆਂ ਨੂੰ ਕੀਤੀ।
ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਇਸ ਰਸਤੇ ਦੀ ਫਰਸ਼, ਜੋ ਕਿ ਲਾਲ ਪੱਥਰ ਦੀ ਬਣੀ ਹੋਈ ਹੈ, ਨੂੰ ਪੋਲਿਸ਼ ਕਰਨ ਦਾ ਕੰਮ ਚੱਲ ਰਿਹਾ ਹੈ, ਜੋ ਕਿ ਇਸ ਮਹੀਨੇ 31 ਜੁਲਾਈ ਤੱਕ ਮੁਕੰਮਲ ਕਰਨ ਦਿਆ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਰਸਤੇ ਦੀ ਸੁੰਦਰਤਾ ਨੂੰ ਵਧਾਉਣ ਲਈ ਵੱਡੀ ਗਿਣਤੀ ਵਿੱਚ ਫੋਕਸ ਟੇਲ ਪਾਮ ਵੀ ਲਗਾਏ ਜਾ ਚੁੱਕੇ ਹਨ। ਸ੍ਰੀ ਔਲਖ ਨੇ ਦੱਸਿਆ ਕਿ ਰਸਤੇ ਵਿੱਚ ਪੈਂਦੀਆਂ ਕਈ ਇਮਾਰਤਾਂ ਉੱਤੇ ਆਰਟਿਸਟਿਕ ਪੇਂਟ ਵਰਕ ਵੀ ਕਰਵਾਇਆ ਜਾ ਰਿਹਾ ਹੈ ਜੋ ਕਿ ਇਸ ਮਹੀਨੇ ਦੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਉਕਤ ਰਸਤੇ ਜਿਸ ਉੱਤੋਂ ਲੱਖਾਂ ਸ਼ਰਧਾਲੂ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਹਨ, ਦੀ ਸਫਾਈ ਯਕੀਨੀ ਬਣਾਉਣ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਜੇਕਰ ਵੱਡੀ ਮਾਤਰਾ ਵਿੱਚ ਡਸਟਬਿਨ ਲਗਾਉਣ ਅਤੇ ਦੁਕਾਨਦਾਰਾਂ ਨੂੰ ਮੁਫਤ ਵੰਡਣ ਦੇ ਬਾਵਜੂਦ ਵੀ ਕੋਈ ਦੁਕਾਨਦਾਰ ਅਣਗਹਿਲੀ ਕਰਦਾ ਹੈ ਤਾਂ ਉਸ ਵਿਰੁੱਧ ਕਾਰਪੋਰੇਸ਼ਨ ਅਤੇ ਫੂਡ ਸਪਲਾਈ ਵਿਭਾਗ ਸਖਤ ਐਕਸ਼ਨ ਲਵੇ। ਅੱਜ ਦੀ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।