ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਸਿਵਲ ਸਰਜਨ ਅੰਮ੍ਰਿਤਸਰ-

ਖ਼ਬਰ ਸ਼ੇਅਰ ਕਰੋ
046344
Total views : 154430

ਹੜ ਪ੍ਰਭਾਵਿਤ ਇਲਾਕੇ ਵਿੱਚ 60 ਹਜ਼ਾਰ ਦੇ ਕਰੀਬ ਆਬਾਦੀ ਦਾ ਸਿਹਤ ਸਰਵੇ ਹੋਇਆ ਮੁਕੰਮਲ-
ਅਜਨਾਲਾ, 13 ਸਤੰਬਰ-(ਡਾ. ਮਨਜੀਤ ਸਿੰਘ)-ਹੜਾਂ ਨਾਲ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਕਰਵਾਏ ਜਾ ਰਹੇ ਸਿਹਤ ਸਰਵੇ, ਜਿਸ ਤੋਂ ਕਿਸੇ ਸੰਭਾਵੀ ਖ਼ਤਰੇ ਦਾ ਪਤਾ ਲੱਗ ਸਕੇ, ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੁਣ ਤੱਕ ਪ੍ਰਭਾਵਿਤ ਆਬਾਦੀ ਵਿੱਚੋਂ 60 ਹਜ਼ਾਰ ਦੇ ਕਰੀਬ ਲੋਕਾਂ ਦਾ ਸਿਹਤ ਸਰਵੇ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਕਰੀਬ ਇਕ ਲੱਖ 35 ਹਜ਼ਾਰ ਦੇ ਕਰੀਬ ਆਬਾਦੀ ਹੜਾਂ ਨਾਲ ਪ੍ਰਭਾਵਿਤ ਹੋਈ ਹੈ, ਜਿਸ ਵਿੱਚੋਂ ਕੀਤਾ ਗਿਆ ਇਹ ਸਰਵੇ ਅਨੁਸਾਰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਫਿਲਹਾਲ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਸਾਡੀਆਂ ਟੀਮਾਂ ਲਗਾਤਾਰ ਪਿੰਡਾਂ, ਡੇਰਿਆਂ ਅਤੇ ਉਹਨਾਂ ਸਾਰੀਆਂ ਥਾਵਾਂ ਉੱਤੇ ਪਹੁੰਚ ਕੇ ਲੋਕਾਂ ਦੀ ਸਿਹਤ ਸਬੰਧੀ ਜਾਂਚ ਕਰ ਰਹੀਆਂ ਹਨ, ਜਿੱਥੇ ਵੀ ਲੋਕ ਬੈਠੇ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਸ੍ਰੀ ਸਵਰਨਜੀਤ ਧਵਨ ਨੇ ਦੱਸਿਆ ਕਿ ਇਸ ਕੰਮ ਵਿੱਚ ਅਸੀਂ ਡਾਕਟਰਾਂ, ਪੈਰਾਮੈਡੀਕਲ ਸਟਾਫ ਅਤੇ ਆਂਗਨਵਾੜੀ ਵਰਕਰਾਂ ਦੀ ਸਹਾਇਤਾ ਲੈ ਰਹੇ ਹਾਂ। ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਹਸਪਤਾਲ ਅੰਮ੍ਰਿਤਸਰ ਤੋਂ ਵੀ ਵਿਸ਼ੇਸ਼ ਤੌਰ ਤੇ ਟੀਮਾਂ ਆਈਆਂ ਹਨ। ਉਹਨਾਂ ਦੱਸਿਆ ਕਿ ਹੜ੍ਹ ਰਾਹਤ ਕੇਂਦਰਾਂ ਉੱਤੇ ਨਿਰੰਤਰ ਮੈਡੀਕਲ ਕੈਂਪ ਚੱਲ ਰਹੇ ਹਨ। ਇਸ ਤੋਂ ਇਲਾਵਾ ਸਾਡੇ ਡਾਕਟਰ ਅਤੇ ਸਿਹਤ ਕਾਮੇ ਘਰ ਘਰ ਜਾ ਕੇ ਲੋਕਾਂ ਦੀ ਸਿਹਤ ਸਬੰਧੀ ਸਰਵੇ ਕਰ ਰਹੇ ਹਨ, ਜਿਸ ਵਿੱਚੋਂ ਇਹ ਸਪਸ਼ਟ ਹੈ ਕਿ ਫਿਲਹਾਲ ਸਿਹਤ ਸਬੰਧੀ ਕੋਈ ਵੀ ਸਮੱਸਿਆ ਇਲਾਕੇ ਵਿੱਚ ਨਹੀਂ ਹੈ। ਉਹਨਾਂ ਦੱਸਿਆ ਕਿ ਕੇਵਲ ਇੱਕਾ ਦੁੱਕਾ ਲੋਕਾਂ ਨੂੰ ਬੁਖਾਰ, ਦਸਤ ਜਾਂ ਹੋਰ ਸੀਜਨਲ ਵਾਇਰਲ ਦੀ ਸਮੱਸਿਆ ਆਈ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਨੁੱਖੀ ਸਿਹਤ ਸਬੰਧੀ ਕੋਈ ਵੱਡੀ ਚੁਣੌਤੀ ਨਹੀਂ ਆਵੇਗੀ। ਉਹਨਾਂ ਇਸ ਲਈ ਦਿਨ ਰਾਤ ਕੰਮ ਕਰ ਰਹੀਆਂ ਟੀਮਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਵੀ ਕੀਤਾ।
ਕੈਪਸ਼ਨ : ਮੈਡੀਕਲ ਟੀਮਾਂ ਘਰ ਘਰ ਜਾ ਕੇ ਲੋਕਾਂ ਦੀ ਜਾਂਚ ਕਰਦੇ ਹੋਏ।
==–