ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਵਾਲੀਆਂ ਸੰਗਤਾਂ ਲਈ ਵੱਡਾ ਤੋਹਫਾ, ਹਵਾਈ ਸੇਵਾ ਹੋਵੇਗੀ ਜਲਦ ਸ਼ੁਰੂ – ਡਾ. ਵਿਜੇ ਸਤਬੀਰ ਸਿੰਘ

ਖ਼ਬਰ ਸ਼ੇਅਰ ਕਰੋ
035610
Total views : 131857

ਜੰਡਿਆਲਾ ਗੁਰੂ, 28 ਫਰਵਰੀ-(ਸ਼ਿੰਦਾ ਲਾਹੌਰੀਆ)-ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਚੇਅਰਮੈਨ ਡਾ. ਵਿਜੇ ਸਤਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਖੁਸ਼ੀ ਜਾਹਿਰ ਕੀਤੀ ਕਿ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਜਹਾਜ ਦੀ ਸੇਵਾ ਮਾਰਚ ਦੇ ਤੀਸਰੇ ਜਾਂ ਚੌਥੇ ਹਫਤੇ ਆਰੰਭ ਹੋਣ ਜਾ ਰਹੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਸ੍ਰੀ ਹਜੂਰ ਸਾਹਿਬ ਆਉਣ ਜਾਣ ‘ਚ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸੰਬੰਧੀ ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਬੰਧਕਾਂ ਨੂੰ ਸੰਗਤਾਂ ਤੇ ਕਈ ਸੰਸਥਾਵਾਂ ਵੱਲੋਂ ਲਗਾਤਾਰ ਪੱਤਰ ਵੀ ਪ੍ਰਾਪਤ ਹੋ ਰਹੇ ਸਨ।

ਜਾਣਕਾਰੀ ਦਿੰਦਿਆਂ ਸ੍ਰ ਠਾਨ ਸਿੰਘ ਬੁੰਗਈ ਸੁਪਰਡੈਂਟ ਗੁਰਦਆਰਾ ਸੱਚਖੰਡ ਬੋਰਡ ਨੇ ਦੱਸਿਆ ਕਿ ਸੰਗਤ ਦੀ ਇਸ ਵਾਜਿਬ ਮੰਗ ਨੂੰ ਡਾ. ਵਿਜੇ ਸਤਬੀਰ ਸਿੰਘ ਨੇ ਗੰਭੀਰਤਾ ਨਾਲ ਲੈਂਦੇ ਹੋਏ ਨਿੱਜੀ ਤੌਰ ‘ਤੇ ਕੇਂਦਰੀ ਹਵਾਬਾਜੀ ਮੰਤਰੀ ਅਤੇ ਸੰਬੰਧਤ ਉੱਚ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ। ਜਿਸਦੇ ਫਲਸਰੂਪ ਕੇਂਦਰ ਸਰਕਾਰ ਵਲੋਂ ਸ੍ਰੀ ਹਜੂਰ ਸਾਹਿਬ ਨਾਂਦੇੜ ਲਈ ਹਵਾਈ ਸੇਵਾਵਾਂ ਜਲਦ ਮਾਰਚ ਮਹੀਨੇ ਵਿੱਚ ਸ਼ੁਰੂ ਕਰਨ ਦਾ ਭਰੋਸਾ ਦਿਤਾ ਗਿਆ ਹੈ। ਇਨ੍ਹਾਂ ਹਵਾਈ ਸੇਵਾਵਾਂ ਦਾ ਰੂਟ ਨਾਂਦੇੜ (ਮਹਾਰਾਸ਼ਟਰ) ਤੋਂ ਪੰਜਾਬ, ਗਾਜੀਆਬਾਦ (ਯੂ.ਪੀ) ਆਦਿ ਦਾ ਹੋਵੇਗਾ। ਡਾ. ਵਿਜੇ ਸਤਬੀਰ ਸਿੰਘ ਚੇਅਰਮੈਨ ਨੇ ਸਿੱਖ ਸੰਗਤ ਦੀ ਚਿਰੋਕਣੀ ਮੰਗ ਪੂਰੀ ਕਰਨ ਲਈ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ , ਸ੍ਰੀ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ, ਸ੍ਰੀ ਜੋਤੀਰਾਦਿਤਯ ਸਿੰਧੀਆ ਸਿਵਲ ਅਵੇਸ਼ਨ ਮੰਤਰੀ ਦਾ ਤਹਿਦਿਲੋਂ ਧੰਨਵਾਦ ਕੀਤਾ।

ਇਸ ਦੇ ਨਾਲ ਹੀ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਸਟੇਟ ਦੇ ਮੁੱਖ ਮੰਤਰੀ ਸ੍ਰੀ ਏਕਨਾਥ ਸ਼ਿੰਦੇ, ਸ੍ਰੀ ਦੇਵਿੰਦਰ ਫੜਨਵੀਸ ਉਪ ਮੁੱਖ ਮੰਤਰੀ ਤੇ ਸ੍ਰੀ ਅਜੀਤ ਪਵਾਰ ਉਪ ਮੁੱਖ ਮੰਤਰੀ, ਸ੍ਰੀ ਪ੍ਰਤਾਪ ਰਾਵ ਚਿਖਲੀਕਰ ਐਮ.ਪੀ., ਤੇ ਸ੍ਰੀ ਅਸ਼ੋਕ ਰਾਓ ਚਵਾਨ ਐਮ.ਪੀ. ਆਦਿ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸ੍ਰੀ ਹਜੂਰ ਸਾਹਿਬ ਨਾਂਦੇੜ ਲਈ ਹਵਾਈ ਸੇਵਾਵਾਂ ਸ਼ੁਰੂ ਕਰਨ ਵਿਚ ਭੂਮਿਕਾ ਨਿਭਾਈ। ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਸ੍ਰ: ਜਸਵੰਤ ਸਿੰਘ ਬੌਬੀ ਨੇ ਕਿਹਾ ਕਿ ਡਾ. ਵਿਜੇ ਸਤਬੀਰ ਸਿੰਘ ਵਲੋਂ ਕੇਂਦਰ ਅਤੇ ਸਟੇਟ ਸਰਕਾਰ ਨਾਲ ਲਗਾਤਾਰ ਕੀਤੀਆਂ ਮੀਟਿੰਗਾਂ ਅਤੇ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਹੁਣ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸੇਵਾ ਸ਼ੁਰੂ ਆਰੰਭ ਹੋਣ ਜਾ ਰਹੀ ਹੈ। ਇਸ ਨਾਲ ਦੇਸ਼ ਵਿਦੇਸ਼ ਵਿਚ ਵਸਦੀਆਂ ਸੰਗਤਾਂ ਨੂੰ ਹੁਣ ਸਹੂਲਤ ਮਿਲੇਗੀ।