ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਨਹੀਂ ਰਹੇਗੀ ਗੰਦੇ ਪਾਣੀ ਦੀ ਸਮੱਸਿਆ- ਧਾਲੀਵਾਲ

ਖ਼ਬਰ ਸ਼ੇਅਰ ਕਰੋ
035609
Total views : 131856

7 ਪਿੰਡਾਂ ਦੇ ਛੱਪੜਾਂ ਲਈ 2 ਕਰੋੜ ਰੁਪਏ ਦੀ ਰਾਸ਼ੀ ਜਾਰੀ –
ਅੰਮ੍ਰਿਤਸਰ, 08 ਮਾਰਚ -( ਸਿਕੰਦਰ ਮਾਨ)- ਕੈਬਿਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਅਜਨਾਲਾ ਹਲਕੇ ਦੇ ਵਿਕਾਸ ਲਈ ਦਿਨ ਰਾਤ ਜੁੱਟੇ ਹੋਏ ਹਨ, ਨੇ ਹੁਣ ਪਿੰਡਾਂ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਪਹਿਲ ਤਹਿਤ ਅੱਜ ਉਹਨਾਂ ਨੇ ਸੱਤ ਪਿੰਡਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਦੋ ਕਰੋੜ ਰੁਪਏ ਦੇ ਕਰੀਬ ਰਾਸ਼ੀ ਜਾਰੀ ਕੀਤੀ । ਉਹਨਾਂ ਕਿਹਾ ਕਿ ਸਾਡੇ ਪਿੰਡਾਂ ਵਿੱਚ ਰੱਬ ਵੱਸਦਾ ਹੈ ਪਰ ਬੀਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੀ ਅਣਦੇਖੀ ਕਾਰਨ ਗੰਦੇ ਪਾਣੀ ਦੀ ਸਮੱਸਿਆ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਵੱਡੇ ਪੱਧਰ ਉੱਤੇ ਪੈਦਾ ਹੋ ਗਈ। ਪਿੰਡਾਂ ਦੀਆਂ ਗਲੀਆਂ ਅਤੇ ਕਈ ਲੋਕਾਂ ਦੇ ਘਰਾਂ ਤੱਕ ਵੀ ਇਹ ਗੰਦਾ ਪਾਣੀ ਪਹੁੰਚ ਗਿਆ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਬਿਮਾਰੀਆਂ ਪੈਦਾ ਕਰਨ ਦਾ ਮੁੱਖ ਕਾਰਨ ਅਤੇ ਪਿੰਡਾਂ ਦੀ ਸੁੰਦਰਤਾ ਨੂੰ ਖੋਰਾ ਲਾਉਣ ਦਾ ਕਾਰਨ ਬਣੇ ਇਸ ਗੰਦੇ ਪਾਣੀ ਦੀ ਸਮੱਸਿਆ ਨੂੰ ਹੁਣ ਪੱਕੇ ਤੌਰ ਤੇ ਹੱਲ ਕਰ ਦਿੱਤਾ ਜਾਵੇਗਾ ਅਤੇ ਇਸ ਲਈ ਵੱਡੇ ਪੱਧਰ ਉੱਤੇ ਪੰਜਾਬ ਸਰਕਾਰ ਵੱਲੋਂ ਉਪਰਾਲੇ ਜਾਰੀ ਹਨ।
ਉਹਨਾਂ ਦੱਸਿਆ ਕਿ ਅੱਜ ਹਲਕੇ ਦੇ ਪਿੰਡ ਜਗਦੇਵ ਖੁਰਦ ਪੰਜ ਗਰਾਈ ਨਿਜਰਾਂ, ਕੋਟ ਕੇਸਰਾ ਸਿੰਘ, ਤਲਵੰਡੀ ਭੰਗਵਾਂ, ਫੱਤੇਵਾਲ ਛੋਟਾ, ਵਿਛੋਵਾ ਅਤੇ ਨਾਸਰ ਨੂੰ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਕਰੀਬ ਦੋ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਗਦੇਵ ਖੁਰਦ ਪਿੰਡ ਦਾ ਕਮਿਊਨਟੀ ਹਾਲ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਸ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਹੈ ਉਹ ਕਰਕੇ ਵਿਖਾਇਆ ਅਤੇ ਦੋ ਸਾਲਾਂ ਦੀ ਸਰਕਾਰ ਨੇ ਕੰਮਾਂ ਪੱਖੋਂ ਇਤਿਹਾਸ ਸਿਰਜਿਆ ਹੈ ਅਤੇ ਅਜੇ ਸਾਡੇ ਕੋਲ ਬਹੁਤ ਸਮਾਂ ਬਾਕੀ ਹੈ, ਜਿਸ ਨਾਲ ਰਹਿੰਦੇ ਕੰਮ ਪੂਰੇ ਕਰ ਦਿੱਤੇ ਜਾਣਗੇ।
ਇਸ ਮੌਕੇ ਉਹਨਾਂ ਨਾਲ ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਢਿੱਲੋਂ ਪ੍ਰਧਾਨ ਜ਼ਿਲਾ ਅੰਮ੍ਰਿਤਸਰ ਦਿਹਾਤੀ, ਓ.ਐੱਸ.ਡੀ ਗੁਰਜੰਟ ਸਿੰਘ ਸੋਹੀ, ਬੀ.ਡੀ.ਪੀ.ਓ ਅਜਨਾਲਾ ਸੁਖਜੀਤ ਸਿੰਘ ਬਾਜਵਾ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਵਿੰਦਰ ਸਿੰਘ ਬੱਲ, ਗੁਰਬਿੰਦਰ ਸਿੰਘ ਗਿੱਲ ਜਗਦੇਵ ਖੁਰਦ, ਮਾਸਟਰ ਗੁਰਪ੍ਰੀਤ ਸਿੰਘ ਗੋਪਾ ਗਿੱਲ, ਸਰਪੰਚ ਚਰਨਜੀਤ ਸਿੰਘ ਨਾਸਰ, ਬਲਵਿੰਦਰ ਸਿੰਘ ਨਾਸਰ ਲਾਡਾ, ਸਾਬਕਾ ਸਰਪੰਚ ਧਰਮਿੰਦਰ ਸਿੰਘ ਲਾਡਾ ਨਾਸਰ, ਨਰਿੰਦਰ ਸਿੰਘ ਜਗਦੇਵ ਖੁਰਦ, ਜਸਪਾਲ ਸਿੰਘ ਜਗਦੇਵ ਖੁਰਦ ਉਥੇ ਹੋਰ ਪਤਵੰਤੇ ਹਾਜ਼ਰ ਸਨ।