




Total views : 161400






Total views : 161400ਹੜ੍ਹ ਪੀੜਤਾਂ ਨੂੰ ਮਹਿੰਗੇ ਇਲਾਜਾਂ ਲਈ ਪਹਿਲ ਦੇ ਅਧਾਰ ਤੇ 10 ਲੱਖ ਰੁਪਏ ਮੁਫ਼ਤ ਸਿਹਤ ਬੀਮਾ ਦੀ 2 ਅਕਤੂਬਰ ਤੋਂ ਸ਼ੁਰੂ ਹੋਵੇਗੀ ਮੁਹਿੰਮ –ਈ.ਟੀ.ਓ.
ਅੰਮ੍ਰਿਤਸਰ 20 ਸਤੰਬਰ-(ਡਾ. ਮਨਜੀਤ ਸਿੰਘ)- ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਅਗਲੇ ਮਹੀਨੇ 2 ਅਕਤੂਬਰ ਤੋਂ ਪੰਜਾਬ ਦੇ ਹਰ ਉਸ ਪਰਿਵਾਰ ਦਾ ਵੀ ਭਾਵੇਂ ਨਿੱਜੀ ਜਾਂ ਸਰਕਾਰੀ ਨੌਕਰੀ, ਪੈਨਸ਼ਨਰ, ਇਨਕਮ ਟੈਕਸ ਅਦਾ ਕਰਨ ਵਾਲਾ, ਵੱਡੇ ਸ਼ਾਹੂਕਾਰ, ਦੁਕਾਨਦਾਰ ਆਦਿ ਕੋਈ ਵੀ ਪਰਿਵਾਰ ਸ਼ਾਮਲ ਹੋਵੇ, ਦਾ 10 ਲੱਖ ਰੁਪਏ ਤੱਕ ਮੁੱਖ ਮੰਤਰੀ ਪੰਜਾਬ ਮੁਫਤ ਇਲਾਜ ਬੀਮਾ ਕਰਨ ਦੀ ਰਸਮੀ ਤੌਰ ਤੇ ਮੁਹਿੰਮ ਵਿੱਢੀ ਜਾ ਰਹੀ ਹੈ ਅਤੇ ਸਭ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਹੇਠ ਸ਼ਨਾਖਤ ਕੀਤੇ ਗਏ 2303 ਪਿੰਡਾਂ ਨੂੰ ਪਹਿਲ ਦੇ ਅਧਾਰ ਤੇ ਮੁੱਖ ਮੰਤਰੀ ਮੁਫਤ ਇਲਾਜ ਬੀਮਾ ਸਕੀਮ ਦੇ ਘੇਰੇ ‘ਚ ਲਿਆਉਣ ਲਈ ਬੀਮਾ ਸਕੀਮ ਕਾਰਡ ਬਣਾਏ ਜਾਣਗੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈਟੀਓ ਨੇ ਅੱਜ ਪਸ਼ੂਆਂ ਦੀ ਬਿਹਤਰ ਸੰਭਾਲ ਅਤੇ ਵਧੀਆ ਇਲਾਜ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਪਿੰਡ ਫਤਿਹਪੁਰ ਰਾਜਪੁਤਾਂ ਹਲਕਾ ਜੰਡਿਆਲਾ ਗੁਰੂ ਵਿਖੇ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਬਣਾਉਣ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ। ਸ: ਈਟੀਓ ਨੇ ਦੱਸਿਆ ਕਿ ਇਹ ਇਮਾਰਤ ਅਗਲੇ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਅਤੇ 63.12 ਲੱਖ ਰੁਪਏ ਦੀ ਲਾਗਤ ਆਵੇਗੀ। ਇਸੇ ਦੌਰਾਨ ਕੈਬਨਿਟ ਮੰਤਰੀ ਨੇ ਪਿੰਡ ਖੱਬੇ ਰਾਜਪੂਤਾਂ ਵਿਖ ਖੇਡ ਸਟੇਡੀਅਮ ਦੀ ਅਪਗੇ੍ਡੇਸ਼ਨ ਦਾ ਨੀਂਹ ਪੱਥਰ ਰੱਖਿਆ। ਇਹ ਸਟੇਡੀਅਮ 173.82 ਲੱਖ ਦੀ ਲਾਗਤ ਤਿਆਰ ਕੀਤਾ ਜਾਵੇਗਾ ।
ਇਸ ਸਟੇਡੀਅਮ ਵਿੱਚ ਫੁੱਟਬਾਲ ਗਰਾਊਂਡ, ਵਾਲੀਬਾਲ ਗਰਾਊਂਡ , ਹੈਂਡਬਾਲ ਗਰਾਂਊਂਡ, ਪਵੇਲੀਅਨ, ਜੋਗਿੰਗ ਟ੍ਰੈਕ, ਬੈਠਣ ਲਈ ਸਟੈਂਪ,ਲੈਂਡ ਸਕੈਪਿੰਗ, ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਸ: ਈਟੀਓ ਨੇ ਦੱਸਿਆ ਕਿ ਅਸੀਂ ਜਿਲ੍ਹੇ ਭਰ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਜੋ ਖਸਤਾ ਹਾਲਤ ਵਿੱਚ ਹਨ ਦੀ ਮੁੜ ਉਸਾਰੀ ਕਰ ਰਹੇ ਹਾਂ ਤਾਂ ਜੋ ਇਥੇ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਸ: ਈਟੀਓ ਨੇ ਮੌਕੇ ਤੇ ਹਾਜ਼ਰ ਸਰਪੰਚਾਂ-ਪੰਚਾਂ ਅਤੇ ਲੋਕਾਂ ਨੁੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਦਾ ਜਦੋਂ ਵੀ ਕੋਈ ਪਸ਼ੂ ਬਿਮਾਰ ਹੁੰਦਾ ਹੈ ਤਾਂ ਉਹ ਇਸ ਹਸਪਤਾਲ ਵਿੱਚ ਲਿਆ ਕੇ ਉਸਦਾ ਮੁਫ਼ਤ ਵਿੱਚ ਇਲਾਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਸਾਡੀਆਂ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਘਰ ਘਰ ਜਾ ਕੇ ਵੀ ਪਸ਼ੂਆਂ ਨੂੰ ਵੈਕਸੀਨ ਲਗਾ ਰਹੀਆਂ ਹਨ ਅਤੇ ਸਾਡੇ ਡਾਕਟਰ 24 ਘੰਟੇ ਪਸ਼ੂਆਂ ਦੇ ਇਲਾਜ ਲਈ ਹਾਜ਼ਰ ਹਨ।
ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ, ਦਫ਼ਤਰ ਜ਼ਿਲ੍ਹਾ ਅਤੇ ਬਾਲ ਵਿਕਾਸ ਸੁਰੱਖਿਆ ਅਫ਼ਸਰ ਅੰਮ੍ਰਿਤਸਰ ਵੱਲੋਂ ਕੈਂਪ, ਸੇਵਾ ਕੇਂਦਰ ਵੱਲੋਂ ਬੁਢਾਪਾ,ਵਿਧਵਾ ,ਅੰਗਹੀਨ ਅਤੇ ਬੇਸਹਾਰਾ ਬੱਚਿਆਂ ਨੂੰ ਪੈਨਸ਼ਨ ਮੁੱਹਈਆ ਕਰਾਉਣ ਸੰਬੰਧੀ ਅਤੇ ਲੇਬਰ ਕਾਰਡ ਦੀ ਰਜਿਸਟਰੇਸ਼ਨ ਨਾਲ ਸੰਬੰਧਿਤ ਕੈਂਪ ਵੀ ਲਗਾਏ ਗਏ।
ਇਸ ਮੌਕੇ ਮੈਡਮ ਸੁਹਿੰਦਰ ਕੌਰ, ਸ: ਸਤਿੰਦਰ ਸਿੰਘ, ਚੇਅਰਮੈਨ ਸ਼ਨਾਖ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈਟੀਓ ਨਵੀਂ ਬਣਨ ਵਾਲੀ ਪਸ਼ੂ ਹਸਪਤਾਲ ਦੀ ਇਮਾਰਤ ਅਤੇ ਖੱਬੇ ਰਾਜਪੂਤਾਂ ਵਿਚ ਸਟੇਡੀਅਮ ਦਾ ਨੀਂਹ ਪੱਥਰ ਰੱਖਦੇ ਹੋਏ।
==–







