ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਨੌਜਵਾਨ- ਜੋਗਿੰਦਰ ਸਿੰਘ ਮਾਨ

ਖ਼ਬਰ ਸ਼ੇਅਰ ਕਰੋ
035611
Total views : 131858

ਜ਼ਿਲ੍ਹਾ ਪ੍ਰਸ਼ਾਸਨ ਨੇ ਡਰੱਗ ਫ੍ਰੀ ਪੰਜਾਬ ਮੁਹਿੰਮ ਤਹਿਤ ਕਰਵਾਇਆ ਫੁੱਟਬਾਲ ਦਾ ਸ਼ੋਅ ਮੈਚ

ਨੌਜਵਾਨਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ’ਚ ਸਰਗਰਮ ਭੂਮਿਕ ਨਿਭਾਉਣ ਦਾ ਸੱਦਾ

ਫਗਵਾੜਾ, 8 ਜਨਵਰੀ– ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ’ਡਰੱਗ ਫ੍ਰੀ ਪੰਜਾਬ’ ਮੁਹਿੰਮ ਤਹਿਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਸਕੂਲ ਆਫ ਐਮੀਨੈਂਸ) ਦੀ ਗਰਾਂਊਡ ’ਚ ਨਸ਼ਿਆਂ ਖਿਲਾਫ਼ ਸੁਨੇਹਾ ਦੇਣ ਦੇ ਮਕਸਦ ਨਾਲ ਫੁੱਟਬਾਲ ਦਾ ਸ਼ੋਅ ਮੈਚ ਕਰਵਾਇਆ ਗਿਆ।

ਸ਼ੋਅ ਮੈਚ ਦੌਰਾਨ ਜੇ.ਸੀ.ਟੀ ਅਕੈਡਮੀ ਅਤੇ ਇੰਟਰਨੈਸ਼ਨਲ ਸਪੋਰਟਸ ਕਲੱਬ ਦੀਆਂ ਟੀਮਾਂ ਦੇ ਨੌਜਵਾਨ ਖਿਡਾਰੀਆਂ ਨੇ ਬਾਕਮਾਲ ਖੇਡ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਡੀ.ਐਮ. ਜਸ਼ਨਜੀਤ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ-ਜਾਚ ਪ੍ਰਤੀ ਪੂਰੇ ਸੁਹਿਰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਾਰਿਆਂ ਦੇ ਸਾਂਝੇ ਯਤਨ ਸਮੇਂ ਦੀ ਮੁੱਖ ਮੰਗ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਕੇ ਆਪਣੇ ਸਮਾਜ ਨੂੰ ਹੋਰ ਸਿਹਤਮੰਦ ਕੀਤਾ ਜਾ ਸਕਦਾ ਹੈ ਜਿਸ ਵਿਚ ਨੌਜਵਾਨਾਂ ਨੂੰ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਮਾਨ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਕਿ ਉਹ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਦੇ ਹੋਏ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਨੇ ਉੱਭਰ ਰਹੇ ਖਿਡਾਰੀਆਂ ਨੂੰ ਕਿਹਾ ਕਿ ਖੇਡਾਂ ਦੇ ਨਕਸ਼ੇ ਉੱਤੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵੱਖ-ਵੱਖ ਖੇਡਾਂ ਵਿਚ ਪੰਜਾਬ ਦਾ ਨਾਂ ਚਮਕਾਉਣ ਵਾਲੇ ਖਿਡਾਰੀਆਂ ਨੂੰ ਉਹ ਆਪਣੇ ਪ੍ਰੇਰਨਾ ਸਰੋਤ ਬਣਾਉਂਦਿਆਂ ਆਪੋ-ਆਪਣੀ ਖੇਡ ਵਿਚ ਨਵੀਆਂ ਬੁਲੰਦੀਆਂ ਛੋਹਣ ਲਈ ਪੂਰੇ ਯਤਨ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਕੇ ਅਤੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾ ਕੇ ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਜ਼ਿਕਰ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਉਪਰਾਲੇ ਨਾਲ ਖੇਡ ਢਾਂਚੇ ਨੂੰ ਨਵੀਂ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਵੱਖ-ਵੱਖ ਵਰਗਾਂ ਨੂੰ ਆਪਣੀਆਂ ਪਸੰਦੀਦਾ ਖੇਡਾਂ ਵਿਚ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾ ਕੇ ਇਸ ਅਲਾਮਤ ਦੇ ਖਾਤਮੇ ਨੂੰ ਯਕੀਨੀ ਬਣਾਇਆ ਜਾਵੇ।

ਜੇ.ਸੀ.ਟੀ. ਅਕੈਡਮੀ ਨੇ ਸ਼ੋਅ ਮੈਚ 2-0 ਦੇ ਫਰਕ ਨਾਲ ਜਿੱਤਿਆ। ਇਸ ਮੌਕੇ ਤਹਿਸੀਲਦਾਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਜ਼ਿਲ੍ਹਾ ਖੇਡ ਅਫਸਰ ਲਵਜੀਤ ਸਿੰਘ, ਪ੍ਰਿੰਸੀਪਲ ਰਣਜੀਤ ਕੁਮਾਰ, ਡੀ.ਐਮ. ਸਪੋਰਟਸ ਸੁਖਵਿੰਦਰ ਸਿੰਘ, ਫੁੱਟਬਾਲ ਕੋਚ ਪ੍ਰਦੀਪ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ।

ਕੈਪਸ਼ਨ- ਸਕੂਲ ਆਫ ਐਮੀਨੈਂਸ ਵਿਖੇ ਨਸ਼ਿਆਂ ਖਿਲਾਫ਼ ਸੁਨੇਹਾ ਦੇਣ ਲਈ ਕਰਵਾਏ ਫੁੱਟਬਾਲ ਦੇ ਸ਼ੋਅ ਮੈਚ ਦੇ ਦ੍ਰਿਸ਼।

Government of Punjab

Meet Hayer

Joginder Singh Mann

#DrugFreePunjab

#Showmatch