ਜਿਲ੍ਹਾ ਪ੍ਰਸਾਸ਼ਨ ਨੇ 101 ਨਵ ਜੰਮੀਆਂ ਬੱਚੀਆਂ ਦੀ ਮਨਾਈ ਲੋਹੜੀ ਸਾਡੀਆਂ ਧੀਆਂ ਹਰ ਖੇਤਰ ਵਿੱਚ ਖੱਟ ਰਹੀਆਂ ਨਾਮਣਾ- ਹਰਭਜਨ ਸਿੰਘ ਈ.ਟੀ.ੳ

ਖ਼ਬਰ ਸ਼ੇਅਰ ਕਰੋ
048240
Total views : 162064

ਅੰਮ੍ਰਿਤਸਰ, 12 ਜਨਵਰੀ-(ਡਾ. ਮਨਜੀਤ ਸਿੰਘ)- ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ:ਟੀ:ਓ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸੁਹਿੰਦਰ ਕੌਰ ਨੇ ਅੱਜ ਲੋਹੜੀ ਦਾ ਪਵਿੱਤਰ ਤਿਉਹਾਰ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ ਨਵੀਆਂ ਜੰਮੀਆਂ ਧੀਆਂ ਦੇ ਪਰਿਵਾਰਾਂ ਨਾਲ ਮਿਲ ਕੇ ਮਨਾਇਆ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫਸਰ ਸ੍ਰ ਅਸੀਸਇੰਦਰ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ, ਸ਼੍ਰੀਮਤੀ ਕਿਰਨਜੀਤ ਕੌਰ ਬੱਲ ਪ੍ਰਿੰਸੀਪਲ ਸਰੂਪ ਰਾਣੀ ਸਰਕਾਰੀ ਕਾਲਜ਼ (ਇ.) ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਵ ਜੰਮੀਆ ਧੀਆਂ ਦੇ ਮਾਪੇ ਅਤੇ ਕਾਲਜ ਦਾ ਸਟਾਫ ਹਾਜਰ ਸੀ।
ਇਸ ਮੌਕੇ ਸ੍ਰ ਈ:ਟੀ:ਓ ਨੇ ਧੀਆਂ ਦੇ ਪਰਿਵਾਰਾਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਲੋਹੜੀ ਵੰਡੀ। ਉਹਨਾਂ ਨੇ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਧੀਆਂ ਪੜ੍ਹ ਲਿਖ ਕੇ ਪਰਿਵਾਰ ਅਤੇ ਦੇਸ਼ ਦਾ ਨਾਂ ਉੱਚਾ ਕਰਨ। ਉਨ੍ਹਾਂ ਨੇ ਕਿਹਾ ਕਿ ਅੱਜ ਸਮਾਜ ਦੇ ਹਰ ਖੇਤਰ ਵਿੱਚ ਸਾਡੀਆਂ ਧੀਆਂ ਆਪਣਾ ਨਾਮਣਾ ਖੱਟ ਰਹੀਆਂ ਹਨ ਅਤੇ ਆਪਣੇ ਦੇਸ਼ ਅਤੇ ਮਾਤਾ ਪਿਤਾ ਦੇ ਨਾਮ ਰੋਸ਼ਨ ਕਰ ਰਹੀਆਂ ਹਨ। ਸ੍ਰ ਈ:ਟੀ:ਓ ਨੇ ਕਿਹਾ ਕਿ ਕਰੀਬ 7-8 ਜਿਲ੍ਹਿਆਂ ਦੀ ਵਾਗਡੋਰ ਵੀ ਸਾਡੀਆਂ ਧੀਆਂ ਬਤੌਰ ਡਿਪਟੀ ਕਮਿਸ਼ਨਰ ਵਜੋਂ ਸੰਭਾਲ ਰਹੀਆਂ ਹਨ।
ਕੈਬਨਿਟ ਮੰਤਰੀ ਈ:ਟੀ:ਓ ਨੇ ਕਿਹਾ ਕਿ ਸਾਡੀ ਧੀਆਂ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਹਨ ਚਾਹੇ ਉਹ ਸਿਖਿਆ ਦਾ ਖੇਤਰ ਹੋਵੇ ਜਾਂ ਖੇਡ ਦਾ ਹੋਵੇ। ਉਨ੍ਹਾਂ ਕਿਹਾ ਕਿ ਲੜਕੀਆਂ ਲੜਕਿਆਂ ਤੋਂ ਘੱਟ ਨਹੀ ਹਨ ਬਸ਼ਰਤੇ ਕਿ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ। ਕੈਬਨਿਟ ਮੰਤਰੀ ਈ:ਟੀ:ਓ ਨੇ ਕਿਹਾ ਕਿ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਸਗੋਂ ਪੜ੍ਹਣ ਲਿਖਣ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜ ਵਿਚੋਂ ਦਹੇਜ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਸ੍ਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਧੀਆਂ ਦੀ ਲੋਹੜੀ ਜਰੂਰ ਮਨਾਉਣੀ ਚਾਹੀਦੀ ਹੈ ਅਤੇ ਧੀਆਂ ਤੋਂ ਬਿਨਾਂ ਸਮਾਜ ਤਰੱਕੀ ਨਹੀਂ ਕਰ ਸਕਦਾ। ਸ੍ਰ ਭਾਟੀਆ ਨੇ ਕਿਹਾ ਕਿ ਧੀ ਅਤੇ ਪੁੱਤ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਸਗੋਂ ਅੱਜ ਕੱਲ ਦੀਆਂ ਧੀਆਂ ਆਪਣੇ ਮਾਤਾ ਪਿਤਾ ਦਾ ਨਾਮ ਹਰ ਜਗ੍ਹਾ ਰੋਸ਼ਨ ਕਰ ਰਹੀਆਂ ਹਨ। ਇਸ ਮੌਕੇ ਤੇ 101 ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਮਨਾਉਂਦੇ ਹੋਏ ਭੁੱਗਾ ਬਾਲਿਆ ਗਿਆ। ਇਸ ਉਪਰੰਤ ਕੁੱਲ 101 ਨਵ-ਜੰਮੀਆਂ ਬੱਚੀਆ ਦੇ ਮਾਪਿਆ ਨੂੰ ਕੰਬਲ ਅਤੇ ਲੋਹੜੀ ਨਾਲ ਸਬੰਧਤ ਰਿਵਾਇਤੀ ਸਮਾਨ ਵੰਡ ਕੇ ਸਨਮਾਨਤ ਕੀਤਾ ਗਿਆ।
——
ਕੈਪਸ਼ਨ
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ:ਟੀ:ਓ ਨਵ ਜੰਮੀਆਂ ਧੀਆਂ ਨੂੰ ਲੋਹੜੀ ਵੰਡਦੇ ਹੋਏ। ਨਾਲ ਨਜਰ ਆ ਰਹੇ ਹਨ ਮੇਅਰ ਨਗਰ ਨਿਗਮ ਸ੍ਰ ਜਤਿੰਦਰ ਸਿੰਘ ਮੋਤੀ ਭਾਟੀਆ ਤੇ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ।