




Total views : 168561






Total views : 168561ਛੇਹਰਟਾ, 28 ਜੂਨ- ਸ਼ਿਵੋਹਮ ਸੇਵਾ ਮੰਡਲ ਵੱਲੋਂ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਲਗਾਏ ਜਾਣ ਵਾਲੇ ਵਿਸ਼ਾਲ ਭੰਡਾਰੇ ਲਈ ਰਾਸ਼ਨ ਸਮੱਗਰੀ ਨਾਲ ਭਰਿਆ ਟਰੱਕ ਅੱਜ ਬਾਬਾ ਭੋਲੇ ਵਾਲਾ ਮੰਦਰ, ਛੇਹਰਟਾ ਤੋਂ ਧਾਰਮਿਕ ਰਸਮਾਂ ਅਤੇ ਪੂਜਾ-ਅਰਚਨਾ ਉਪਰੰਤ ਰਵਾਨਾ ਕੀਤਾ ਗਿਆ। ਇਸ ਮੌਕੇ “ਹਰ ਹਰ ਮਹਾਦੇਵ” ਅਤੇ “ਬਮ ਬਮ ਭੋਲੇ” ਦੇ ਗੂੰਜਦੇ ਜੈਕਾਰਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਸ਼ਿਵਮਈ ਬਣ ਗਿਆ।
ਸਮਾਗਮ ਦੌਰਾਨ ਪਰਮ ਸੰਤ ਆਰਤੀ ਦੇਵਾ ਜੀ ਮਹਾਰਾਜ ਨੇ ਵਿਧੀ-ਵਿਧਾਨ ਨਾਲ ਪੂਜਾ ਕਰਕੇ ਟਰੱਕ ਨੂੰ ਰਵਾਨਾ ਕੀਤਾ ਅਤੇ ਨਾਰੀਅਲ ਫੋੜ ਕੇ ਸੇਵਾ ਕਾਰਜ ਦਾ ਸ਼ੁਭ ਆਰੰਭ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸੱਚੀ ਭਗਤੀ ਹੈ ਅਤੇ ਅਮਰਨਾਥ ਯਾਤਰੀਆਂ ਦੀ ਨਿਸ਼ਕਾਮ ਸੇਵਾ ਬਹੁਤ ਵੱਡਾ ਪੁੰਨ ਦਾ ਕਾਰਜ ਹੈ।
ਸ਼ਿਵੋਹਮ ਸੇਵਾ ਮੰਡਲ ਦੇ ਚੇਅਰਮੈਨ ਅਸ਼ੋਕ ਬੇਦੀ ਨੇ ਦੱਸਿਆ ਕਿ ਮੰਡਲ ਵੱਲੋਂ 1 ਜੁਲਾਈ ਤੋਂ ਅਮਰਨਾਥ ਯਾਤਰੀਆਂ ਲਈ ਵਿਸ਼ਾਲ ਭੰਡਾਰਾ ਸ਼ੁਰੂ ਕੀਤਾ ਜਾਵੇਗਾ, ਜੋ ਯਾਤਰਾ ਸਮਾਪਤੀ ਤੱਕ ਨਿਰੰਤਰ ਚੱਲੇਗਾ। ਭੰਡਾਰੇ ਵਿੱਚ ਸ਼ਰਧਾਲੂਆਂ ਲਈ 24 ਘੰਟੇ ਲੰਗਰ, ਚਾਹ, ਨਾਸ਼ਤਾ, ਪੀਣ ਵਾਲੇ ਸ਼ੁੱਧ ਪਾਣੀ, ਮੈਡੀਕਲ ਸਹੂਲਤਾਂ ਅਤੇ ਬੱਚਿਆਂ ਲਈ ਦੁੱਧ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਮਹਾਨ ਸੇਵਾ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਬਾਬਾ ਬਰਫਾਨੀ ਦੀ ਕਿਰਪਾ ਦੇ ਭਾਗੀ ਬਣਨ।
ਇਸ ਮੌਕੇ ਡਾ. ਮਾਨਵ ਸੋਢੀ, ਅਰਵੀਨ ਭੱਖਣਾ, ਡਾ. ਅਸ਼ਵਨੀ ਮੰਨਣ, ਅਮਨ ਰਾਮਪਾਲ, ਦੀਪਕ ਰਾਮਪਾਲ, ਹਰੀਸ਼ ਭਸੀਨ, ਰਮਨ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਅਤੇ ਸੇਵਾਦਾਰ ਹਾਜ਼ਰ ਸਨ। ਸਾਰੇ ਹਾਜ਼ਰੀਨਾਂ ਨੇ ਭੰਡਾਰੇ ਦੀ ਸਫਲਤਾ ਅਤੇ ਅਮਰਨਾਥ ਯਾਤਰਾ ਦੀ ਸੁਖਮਈ ਪੂਰਤੀ ਲਈ ਅਰਦਾਸ ਕੀਤੀ।







