




Total views : 167235






Total views : 167235ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਅਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ
ਹਰ ਯੋਗ ਵੋਟਰ ਨੂੰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਹਰ ਐਂਟਰੀ ਦੀ ਤਸਦੀਕ ਕਰਨਾ ਹੀ ਵਿਸ਼ੇਸ਼ ਤੀਬਰ ਸੋਧ ਮੁਹਿੰਮ ਦਾ ਮੁੱਖ ਉਦੇਸ਼: ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ
ਅੰਮ੍ਰਿਤਸਰ 27 ਜੂਨ (ਡਾ. ਮਨਜੀਤ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.)-2026 ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ 20-ਅਟਾਰੀ (ਐਸ.ਸੀ.) ਦੇ ਬੂਥ ਨੰਬਰ 101 ਦੇ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਸਤਪਾਲ ਸਿੰਘ ਵੱਲੋਂ ਇੱਕ ਵਿਲੱਖਣ ਉਦਾਹਰਨ ਪੇਸ਼ ਕਰਦਿਆਂ ਜੁੜਵਾਂ ਭਰਾਵਾਂ ਸੋਹਣਾ ਸਿੰਘ ਅਤੇ ਮੋਹਣਾ ਸਿੰਘ ਦੇ ਘਰ ਪਹੁੰਚ ਕੇ ਗਣਨਾ ਫਾਰਮ ਵੰਡੇ ਗਏ।
ਇਹ ਦੋਵੇਂ ਭਰਾ ਜੁੜਵਾਂ ਹੋਣ ਦੇ ਬਾਵਜੂਦ ਵੱਖ-ਵੱਖ ਯੋਗ ਵੋਟਰ ਵਜੋਂ ਰਜਿਸਟਰਡ ਹਨ। ਬੀ.ਐਲ.ਓ. ਵੱਲੋਂ ਉਨ੍ਹਾਂ ਦੀ ਪਛਾਣ ਦੀ ਤਸਦੀਕ ਕਰਦਿਆਂ ਜਨਮ ਮਿਤੀ, ਪਰਿਵਾਰਕ ਵੇਰਵੇ, ਰਿਸ਼ਤੇ, ਮੌਜੂਦਾ ਪਤੇ ਅਤੇ ਹੋਰ ਲੋੜੀਂਦੀ ਜਾਣਕਾਰੀ ਦੀ ਜਾਂਚ ਕੀਤੀ ਗਈ ਅਤੇ ਪ੍ਰੀ-ਫਿਲਡ ਗਣਨਾ ਫਾਰਮ ਉਨ੍ਹਾਂ ਨੂੰ ਸੌਂਪੇ ਗਏ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀ ਐੱਸ.ਆਈ.ਆਰ.-2026 ਮੁਹਿੰਮ ਦਾ ਮੁੱਖ ਉਦੇਸ਼ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਸ਼ੁੱਧ, ਪਾਰਦਰਸ਼ੀ, ਭਰੋਸੇਯੋਗ ਅਤੇ ਸਮਾਵੇਸ਼ੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ 2134 ਬੀ.ਐਲ.ਓਜ਼ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਯਕੀਨੀ ਬਣਾਇਆ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਗਲਤ ਜਾਂ ਦੁਹਰਾਈ ਐਂਟਰੀ ਨੂੰ ਦੂਰ ਕੀਤਾ ਜਾ ਸਕੇ।
ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਜੁੜਵਾਂ ਭਰਾ ਸੋਹਣਾ ਤੇ ਮੋਹਣਾ ਦੇ ਘਰ ਜਾ ਕੇ ਫਾਰਮ ਵੰਡਣਾ ਇਹ ਦਰਸਾਉਂਦਾ ਹੈ ਕਿ ਚੋਣ ਕਮਿਸ਼ਨ ਦੀ ਇਹ ਮੁਹਿੰਮ ਹਰ ਵੋਟਰ ਤੱਕ ਨਿੱਜੀ ਪੱਧਰ `ਤੇ ਪਹੁੰਚਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਵਿਲੱਖਣ ਸਥਿਤੀ ਜਾਂ ਹਾਲਾਤ ਕਾਰਨ ਵੋਟਰ ਸੂਚੀ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਉਨ੍ਹਾਂ ਦੱਸਿਆ ਕਿ -2026 ਤਹਿਤ ਘਰ-ਘਰ ਤਸਦੀਕ, ਦਿਵਿਆਂਗ (ਪੀ.ਡਬਲਿਊ.ਡੀ.) ਵੋਟਰਾਂ ਅਤੇ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਸਹੂਲਤਾਂ, ਮੋਬਾਈਲ ਐਪਾਂ ਰਾਹੀਂ ਸੋਧ ਅਤੇ ਰਜਿਸਟ੍ਰੇਸ਼ਨ ਦੀ ਸਹੂਲਤ ਅਤੇ ਜਨਮ-ਮੌਤ ਦੇ ਰਿਕਾਰਡਾਂ ਨਾਲ ਵੋਟਰ ਸੂਚੀਆਂ ਦੀ ਮਿਲਾਨੀ ਵਰਗੇ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਸਹੀ ਅਤੇ ਅਪਡੇਟ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੀ.ਐਲ.ਓ. ਨਾਲ ਪੂਰਾ ਸਹਿਯੋਗ ਕਰਨ, ਪ੍ਰੀ-ਫਿਲਡ ਗਣਨਾ ਫਾਰਮ ਦੀ ਧਿਆਨ ਨਾਲ ਜਾਂਚ ਕਰਨ, ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਜਮ੍ਹਾਂ ਕਰਵਾਉਣ ਅਤੇ ਇਸ ਮਹੱਤਵਪੂਰਨ ਲੋਕਤੰਤਰੀ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ.-2026 ਦਾ ਸੰਦੇਸ਼ ਹੈ ਕਿ “ਕੋਈ ਵੀ ਯੋਗ ਵੋਟਰ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹੇ ਅਤੇ ਕੋਈ ਵੀ ਅਯੋਗ ਐਂਟਰੀ ਵੋਟਰ ਸੂਚੀ ਵਿੱਚ ਦਰਜ ਨਾ ਹੋਵੇ।”







