“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ

ਖ਼ਬਰ ਸ਼ੇਅਰ ਕਰੋ
051371
Total views : 168135

ਹਲਕਾ ਭੁਲੱਥ ਦੀ ਇਤਿਹਾਸਕ ‘ਲੋਕ ਮਿਲਣੀ’ ’ਚ ਉਮੜਿਆ ਜਨ-ਸੈਲਾਬ-

ਨਡਾਲਾ, 01 ਅਗਸਤ-(ਨਸੀਹਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਹਲਕਾ ਪੱਧਰ ’ਤੇ ਚਲਾਈ ਜਾ ਰਹੀ ‘ਲੋਕ ਮਿਲਣੀ’ ਮੁਹਿੰਮ ਤਹਿਤ ਅੱਜ ਹਲਕਾ ਭੁਲੱਥ ਦੇ ਵੈਡਿੰਗ ਵਿਲਾ, ਨਡਾਲਾ ਵਿਖੇ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਹੋਈ ਲੋਕ ਮਿਲਣੀ ਨੇ ਇਤਿਹਾਸਕ ਰੂਪ ਧਾਰਨ ਕਰ ਲਿਆ। ਹਲਕੇ ਦੇ ਹਰ ਕੋਨੇ ਤੋਂ ਪੁੱਜੇ ਹਜ਼ਾਰਾਂ ਵਰਕਰਾਂ, ਪੰਚਾਂ-ਸਰਪੰਚਾਂ, ਨੌਜਵਾਨਾਂ, ਬੀਬੀਆਂ, ਕਿਸਾਨਾਂ, ਬੁੱਧੀਜੀਵੀਆਂ ਅਤੇ ਸਮਾਜ ਦੇ ਹਰ ਵਰਗ ਦੀ ਭਾਰੀ ਸ਼ਮੂਲੀਅਤ ਨੇ ਇਸ ਲੋਕ ਮਿਲਣੀ ਨੂੰ ਇੱਕ ਵਿਸ਼ਾਲ ਜਨ-ਸ਼ਕਤੀ ਪ੍ਰਦਰਸ਼ਨ ਵਿੱਚ ਬਦਲ ਦਿੱਤਾ।

ਲੋਕ ਮਿਲਣੀ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਸ. ਪਰਮਿੰਦਰ ਸਿੰਘ ਢੀਂਡਸਾ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤ, ਪੰਥਕ ਮੁੱਦਿਆਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ।

ਲੋਕ ਮਿਲਣੀ ਦਾ ਸਭ ਤੋਂ ਭਾਵੁਕ ਪਲ ਉਸ ਵੇਲੇ ਆਇਆ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਲੋਕ ਇੱਕਦਮ ਖੜ੍ਹੇ ਹੋ ਗਏ ਅਤੇ ਆਪਣੇ ਹੱਥ ਉੱਚੇ ਕਰਕੇ ਇੱਕ ਸੁਰ ਵਿੱਚ ਬੀਬੀ ਜਗੀਰ ਕੌਰ ਨੂੰ ਆਵਾਜ਼ ਦਿੱਤੀ, “ਤੁਸੀਂ ਚੋਣ ਲੜੋ, ਅਸੀਂ ਤੁਹਾਡੇ ਨਾਲ ਹਾਂ।” ਇਸ ਦ੍ਰਿਸ਼ ਨੇ ਹਲਕੇ ਦੇ ਲੋਕਾਂ ਵੱਲੋਂ ਬੀਬੀ ਜਗੀਰ ਕੌਰ ਪ੍ਰਤੀ ਵਿਸ਼ਵਾਸ, ਪਿਆਰ ਅਤੇ ਭਰੋਸੇ ਨੂੰ ਸਪੱਸ਼ਟ ਰੂਪ ਵਿੱਚ ਦਰਸਾਇਆ।

ਆਪਣੇ ਸੰਬੋਧਨ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਅੱਜ ਬੇਰੁਜ਼ਗਾਰੀ, ਆਰਥਿਕ ਸੰਕਟ, ਨਸ਼ਿਆਂ, ਵਿਭਾਗਾਂ ਦੇ ਮੁਲਾਜ਼ਮਾਂ ਦੇ ਲਗਾਤਾਰ ਧਰਨਿਆਂ, ਕਿਸਾਨਾਂ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਅਤੇ ਆਪਣੀ ਅਮੀਰ ਸੱਭਿਆਚਾਰਕ ਪਛਾਣ ਦੇ ਖ਼ਤਰੇ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਾਅਰਿਆਂ ਦੀ ਨਹੀਂ, ਸਗੋਂ ਨੀਅਤ, ਨੀਤੀ ਅਤੇ ਲੋਕਾਂ ਪ੍ਰਤੀ ਜਵਾਬਦੇਹ ਲੀਡਰਸ਼ਿਪ ਦੀ ਲੋੜ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਭਾਵਨਾ ਅਨੁਸਾਰ ਸਮੁੱਚਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕੱਠਾ ਹੋਵੇ, ਤਾਂ ਜੋ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਮਜ਼ਬੂਤ ਪੰਥਕ ਲੀਡਰਸ਼ਿਪ ਖੜ੍ਹੀ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਲਈ ਤਿਆਰ ਕੀਤੇ ਜਾਣ ਵਾਲੇ ਮੈਨੀਫੈਸਟੋ ਵਿੱਚ ਨੌਜਵਾਨਾਂ ਲਈ ਰੋਜ਼ਗਾਰ, ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ, ਕਿਸਾਨੀ ਅਤੇ ਉਦਯੋਗ ਨੂੰ ਉਤਸ਼ਾਹ ਦੇਣਾ, ਸਰਕਾਰੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਹੱਲ, ਪੰਜਾਬ ਦੇ ਅਮੀਰ ਸੱਭਿਆਚਾਰ ਦੀ ਸੰਭਾਲ ਅਤੇ ਹਲਕਾ ਭੁਲੱਥ ਨੂੰ ਵਿਕਾਸ ਦਾ ਮਾਡਲ ਬਣਾਉਣਾ ਪ੍ਰਮੁੱਖ ਤਰਜੀਹਾਂ ਹੋਣਗੀਆਂ।

ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਲਕੇ ਦੇ ਹਰ ਪਿੰਡ ਅਤੇ ਢਾਣੀ ਤੱਕ ਸੜਕਾਂ ਦਾ ਜਾਲ ਵਿਛਾਇਆ ਗਿਆ, ਪੀਣ ਵਾਲੇ ਪਾਣੀ ਦੀਆਂ ਸਕੀਮਾਂ ਦਾ ਵਿਸਥਾਰ ਕੀਤਾ ਗਿਆ, 1200 ਤੋਂ ਵੱਧ ਘਰਾਂ ਨੂੰ ਬਿਜਲੀ ਕੁਨੈਕਸ਼ਨ, ਹਜ਼ਾਰਾਂ ਲੋੜਵੰਦ ਪਰਿਵਾਰਾਂ ਨੂੰ ਨੀਲੇ ਕਾਰਡ, ਸ਼ਗਨ ਸਕੀਮ ਦਾ ਲਾਭ, ਸਰਕਾਰੀ ਸਕੂਲਾਂ ਦਾ ਉੱਚੀਕਰਨ, ਮੰਡੀਆਂ ਅਤੇ ਫੋਕਲ ਪੁਆਇੰਟਾਂ ਦਾ ਵਿਕਾਸ ਅਤੇ ਨੌਜਵਾਨਾਂ ਲਈ 150 ਤੋਂ ਵੱਧ ਪਿੰਡਾਂ ਵਿੱਚ ਜਿੰਮ ਸਥਾਪਿਤ ਕਰਵਾਏ ਗਏ।

ਉਨ੍ਹਾਂ ਕਿਹਾ, “ਅੱਜ ਤੋਂ ਬਾਅਦ ਮੈਂ ਘਰ ਨਹੀਂ ਬੈਠਾਂਗੀ। ਮੈਂ ਘਰ-ਘਰ ਜਾ ਕੇ ਲੋਕਾਂ ਨੂੰ ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਣ ਅਤੇ ਪੰਥਕ ਸਰਕਾਰ ਬਣਾਉਣ ਦਾ ਹੋਕਾ ਦੇਵਾਂਗੀ।” ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਹਰੀ ਸ਼ਕਤੀਆ  ਦੇ ਇਸ਼ਾਰਿਆਂ ’ਤੇ ਕੰਮ ਕਰਨ ਵਾਲੀਆਂ ਸਿਆਸੀ ਪਾਰਟੀਆਂ ਤੋਂ ਸੁਚੇਤ ਰਹਿਣ, ਕਿਉਂਕਿ ਪੰਜਾਬ ਦੇ ਹਿੱਤ ਸਭ ਤੋਂ ਪਹਿਲਾਂ ਹਨ।

ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਧਰਨਿਆਂ ਅਤੇ ਮੁਜ਼ਾਹਰਿਆਂ ਰਾਹੀਂ ਆਪਣੀ ਆਵਾਜ਼ ਬੁਲੰਦ ਕਰਨ ਲਈ ਮਜਬੂਰ ਹੈ, ਜੋ ਸੂਬੇ ਦੀ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ 2027 ਦੀਆਂ ਚੋਣਾਂ ਵਿੱਚ ਸੂਝ-ਬੂਝ ਨਾਲ ਫ਼ੈਸਲਾ ਲੈਣਾ ਹੋਵੇਗਾ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਦੁਹਰਾਈ। ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਥਕ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ, ਜਦਕਿ ਸ. ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੀ ਆਰਥਿਕ ਸਥਿਤੀ ਅਤੇ ਵਧਦੇ ਕਰਜ਼ੇ ’ਤੇ ਚਿੰਤਾ ਜ਼ਾਹਰ ਕੀਤੀ।

ਲੋਕ ਮਿਲਣੀ ਦੇ ਅੰਤ ਵਿੱਚ ਬੀਬੀ ਜਗੀਰ ਕੌਰ ਨੇ ਹਲਕਾ ਭੁਲੱਥ ਦੇ ਸਮੂਹ ਵਰਕਰਾਂ, ਪਾਰਟੀ ਅਹੁਦੇਦਾਰਾਂ, ਪੰਚਾਂ-ਸਰਪੰਚਾਂ, ਨੌਜਵਾਨਾਂ, ਬੀਬੀਆਂ, ਕਿਸਾਨਾਂ, ਵਪਾਰੀਆਂ ਅਤੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪੁੱਜੇ ਹਜ਼ਾਰਾਂ ਸਮਰਥਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਗਿਆ ਪਿਆਰ ਅਤੇ ਵਿਸ਼ਵਾਸ ਉਨ੍ਹਾਂ ਲਈ ਸਭ ਤੋਂ ਵੱਡੀ ਤਾਕਤ ਹੈ ਅਤੇ ਉਹ ਹਲਕਾ ਭੁਲੱਥ, ਪੰਥ ਅਤੇ ਪੰਜਾਬ ਦੀ ਤਰੱਕੀ ਅਤੇ ਲੋਕ ਭਲਾਈ ਲਈ ਪਹਿਲਾਂ ਨਾਲੋਂ ਵੀ ਵੱਧ ਸਮਰਪਣ ਨਾਲ ਸੇਵਾ ਕਰਦੇ ਰਹਿਣਗੇ।