Total views : 131852
ਨਾਂਦੇੜ, 09 ਫਰਵਰੀ – ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਬੋਰਡ ਦੇ ਪੁਨਰ ਗਠਨ ਦੇ ਫੈਸਲੇ ਵਿਰੁੱਧ ਮਹਾਰਾਸ਼ਟਰ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਦੀ ਸੰਗਤ ਵੱਲੋਂ ਜਿਲਾ ਕੁਲੈਕਟਰ ਦੇ ਦਫਤਰ ਤੱਕ ਵਿਸ਼ਾਲ ਸ਼ਾਂਤਮਈ ਰੋਸ ਮਾਰਚ ਕੀਤਾ ਗਿਆ ਅਤੇ ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦਿਆ ਮੰਗ ਕੀਤੀ ਗਈ ਕਿ ਪੁਰਾਣਾ ਐਕਟ ਬਹਾਲ ਕੀਤਾ ਜਾਵੇ।
ਇਸ ਰੋਸ ਮਾਰਚ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੀ. ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਅਜਮੇਰ ਸਿੰਘ ਖੇੜਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਸੰਤ ਬਲਵਿੰਦਰ ਸਿੰਘ, ਸੰਤ ਤੇਜਾ ਸਿੰਘ, ਸ਼੍ਰੀ ਹਜੂਰ ਸਾਹਿਬ ਦੇ ਮੀਤ ਗ੍ਰੰਥੀ ਗੁਰਮੀਤ ਸਿੰਘ, ਕਥਾਵਾਚਕ ਸਰਬਜੀਤ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ ਬੁੰਗਈ ਤੋ ਇਲਾਵਾ ਹੋਰ ਆਗੂ ਵੀ ਸ਼ਾਮਲ ਹੋਏ।
ਇਸ ਰੋਸ ਮਾਰਚ ਵਿਚ ਸੰਗਤ ਵੱਲੋਂ ‘ਸਤਿਨਾਮ ਸ਼੍ਰੀ ਵਾਹਿਗੁਰੂ ਜੀ’ ਦਾ ਜਾਪ ਕੀਤਾ ਗਿਆ। ਨਾਂਦੇੜ ‘ਚ ਸਿੱਖ ਸੰਗਤ ਵਿਚ ਸੂਬਾ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਮਹਾਰਾਸ਼ਟਰ ਸਰਕਾਰ ਨੂੰ ਆਪਣੇ ਮੰਤਰੀ ਮੰਡਲ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਦੇਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।