Total views : 131857
ਡਿਪਟੀ ਕਮਿਸ਼ਨਰ ਨੇ ਤਿਆਰੀਆਂ ਸਬੰਧੀ ਕੀਤੀ ਅਧਿਕਾਰੀਆਂ ਨਾਲ ਬੈਠਕ
ਫਾਜ਼ਿਲਕਾ 13 ਫਰਵਰੀ – ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਅਤੇ ਵਿਰਸੇ ਨੂੰ ਦਰਸ਼ਾਉਂਦੀਆਂ ਤਿੰਨ ਝਾਂਕੀਆਂ ਤਿਆਰ ਕੀਤੀਆਂ ਗਈਆਂ ਹਨ ਜੋ ਕਿ 14 ਫਰਵਰੀ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰਨਗੀਆਂ ਅਤੇ 15 ਅਤੇ 16 ਫਰਵਰੀ ਨੂੰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਇਹ ਝਾਕੀਆਂ ਲੋਕਾਂ ਦੇ ਵੇਖਣ ਲਈ ਉਪਲਬਧ ਹੋਣਗੀਆਂ।
ਇਸ ਸਬੰਧੀ ਤਿਆਰੀਆਂ ਲਈ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਅੱਜ ਇੱਥੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਧਿਕਾਰੀਆਂ ਨੂੰ ਸਾਰੇ ਅਗੇਤੇ ਪ੍ਰਬੰਧ ਕਰਨ ਦੀ ਹਦਾਇਤ ਕਰਦਿਆਂ ਦੱਸਿਆ ਕਿ ਇਹਨਾਂ ਝਾਕੀਆਂ ਵਿੱਚ ਪਹਿਲੀ ਝਾਕੀ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਰੂਪਮਾਨ ਕਰਦੀ ਹੈ। ਇਸੇ ਤਰ੍ਹਾਂ ਇੱਕ ਝਾਕੀ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਦਰਸਾਉਂਦੀ ਹੈ ਅਤੇ ਤੀਜੀ ਝਾਕੀ ਨਾਰੀ ਸ਼ਕਤੀ ਤੋਂ ਪ੍ਰੇਰਿਤ ਹੈ ਜਿਸ ਵਿੱਚ ਪਹਿਲੀ ਸਿੱਖ ਸੂਰਬੀਰ ਔਰਤ ਮਾਈ ਭਾਗੋ ਜੀ ਨੂੰ ਚਿਤਰਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਝਾਕੀਆਂ ਰਾਹੀਂ ਸਾਡੀ ਨਵੀਂ ਪੀੜੀ ਨੂੰ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਇਹ ਝਾਂਕੀਆਂ ਵੇਖਣ ਲਈ ਪਹੁੰਚਣ ਦਾ ਸੱਦਾ ਦਿੱਤਾ।