Total views : 131856
ਅੰਮ੍ਰਿਤਸਰ, 20 ਫਰਵਰੀ -(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਟੋਲ ਮੁਕਤ ਕਰਨ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲਗਾਤਾਰ ਤਿੰਨ ਰੋਜ਼ਾ ਧਰਨੇ ਲਾਉਣ ਦੇ ਫੈਸਲੇ ਨੂੰ ਲਾਗੂ ਕਰਦਿਆਂ ਸੈਂਕੜੇ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਰਜਿੰਦਰਮੋਹਣ ਛੀਨਾ ਅਤੇ ਬੋਨੀ ਅਮਰਪਾਲ ਸਿੰਘ ਅਜਨਾਲਾ ਦੇ ਰਣਜੀਤ ਐਵੀਨਿਊ ਸਥਿਤ ਘਰਾਂ ਸਾਹਮਣੇ ਰੋਸ ਧਰਨਾ ਸ਼ੁਰੂ ਕੀਤਾ ਗਿਆ।
ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੂਬਾਈ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜਾਮਪੁਰਾ, ਰਣਜੀਤ ਸਿੰਘ ਬੱਲ, ਗੁਰਦੇਵ ਸਿੰਘ ਵਰਪਾਲ, ਜਥੇਦਾਰ ਸੁੱਚਾ ਸਿੰਘ, ਸੁਖਰਾਮ ਸਿੰਘ ਲੁਹਾਰਕਾ, ਨਰਿੰਦਰ ਸਿੰਘ ਸ਼ਾਹ, ਸਰਵਣ ਸਿੰਘ ਵਰਪਾਲ, ਨਿਸ਼ਾਨ ਸਿੰਘ ਸਾਂਘਣਾ ਅਤੇ ਪ੍ਰਲਾਦ ਸਿੰਘ ਨੇ ਕਿਹਾ ਕਿ ਸੰਘਰਸ਼ਸ਼ੀਲ ਕਿਸਾਨਾਂ ਉੱਤੇ ਹਰਿਆਣਾ ਸਰਕਾਰ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣਾ, ਤਸ਼ੱਦਦ ਕਰਨਾ ਅਤਿ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕਿ ਸਾਡੇ ਦੇਸ਼ ਦਾ ਸੰਵਿਧਾਨ ਹਰ ਵਰਗ ਦੇ ਲੋਕਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਸੰਘਰਸ਼ ਕਰਨ ਦੀ ਆਗਿਆ ਦਿੰਦਾ ਹੈ, ਪਰ ਸਰਕਾਰ ਕਿਸਾਨਾਂ ਉੱਤੇ ਜਬਰ ਕਰਕੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ। ਜਿਸ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਤਿੱਖੀ ਲੜਾਈ ਲੜ ਰਿਹਾ ਹੈ ਅਤੇ ਕਿਸਾਨਾਂ ਅਤੇ ਕਿਰਤੀਆਂ ਦੀਆਂ ਘੱਟੋ-ਘੱਟ ਸਮਰਥਨ ਮੁੱਲ ਤੇ ਕਾਨੂੰਨ ਬਣਾਉਣ, ਕਿਸਾਨਾਂ ਮਜਦੂਰਾਂ ਦੇ ਸਮੁੱਚੇ ਕਰਜੇ ਤੇ ਲੀਕ ਮਾਰਨ ਫਸਲਾਂ ਦੇ ਭਾਅ ਡਾਕਟਰ ਐਮ. ਐਸ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ 2 +50 ਪ੍ਰਤੀਸ਼ਤ ਦੀ ਦਰ ਤੇ ਦੇਣ, ਖਾਦਾਂ ਅਤੇ ਕੀੜੇਮਾਰ, ਨਦੀਨਨਾਸ਼ਕ ਦਵਾਈਆਂ ਤੇ ਸਬਸਿਡੀਆਂ ਬਹਾਲ ਕਰਵਾਉਣ, ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰਨ, ਅੰਗਹੀਣ, ਵਿਧਵਾ, ਬੁਢਾਪਾ ਆਸ਼ਰਿਤ ਪੈਨਸ਼ਨ 10 ਹਜਾਰ ਰੁਪਏ ਪ੍ਰਤੀ ਮਹੀਨਾ ਕਰਨ, ਖੇਤੀ ਆਧਾਰਿਤ ਉਦਯੋਗ ਲਗਾਉਣ, 16 ਜਰੂਰੀ ਵਸਤਾਂ ਦੀ ਸਪਲਾਈ ਡੀਪੂਆਂ ਰਾਹੀਂ ਕਰਨ, ਚਾਰ ਕਿਰਤ ਕੋਡ ਲਾਗੂ ਕਰਨ, ਨਿੱਜੀਕਰਨ ਬੰਦ ਕਰਨ, ਸਿੱਖਿਆ ਵਿੱਚ ਸੁਧਾਰ ਕਰਨ ਲਈ ਪੱਕੀ ਭਰਤੀ ਕਰਨ, ਜਮਹੂਰੀ ਕਾਰਕੁੰਨਾਂ ਤੇ ਹਮਲੇ ਬੰਦ ਕਰਨ, ਔਰਤਾਂ, ਆਦਿਵਾਸੀਆਂ ਤੇ ਜੁਰਮ ਬੰਦ ਕਰਨ, ਭੂਮੀ ਅਧਿਗ੍ਰਹਿਣ ਕਾਨੂੰਨ 2013 ਲਾਗੂ ਕਰਨ, ਹਿੱਟ ਐਂਡ ਰਨ ਕਾਨੂੰਨ ਰੱਦ ਕਰਵਾਉਣ ਲਈ, ਪ੍ਰਚੂਨ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਦਾ ਦਾਖਲਾ ਬੰਦ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨਿਰੰਤਰ ਜਾਰੀ ਰਹੇਗਾ।