Total views : 131878
ਲੋਕ ਸਭਾ ਚੋਣਾਂ-2024
ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਿਭਾਗ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ-ਐਸ.ਪੀ ਬਟਾਲਾ
ਬਟਾਲਾ, 1 ਅਪ੍ਰੈਲ – ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਅੱਜ ਮੈਡਮ ਅਸ਼ਵਨੀ ਗੋਟਿਆਲ, ਐਸ.ਐਸ.ਪੀ ਬਟਾਲਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਵਲੋਂ ਬਟਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੈਰਾ ਮਿਲਟਰੀ ਫੋਰਸ ਸਮੇਤ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਐਸ.ਪੀ (ਐਚ) ਜਸਵੰਤ ਕੋਰ, ਡੀ.ਐਸ.ਪੀ (ਐਚ) ਆਜ਼ਾਦ ਦਵਿੰਦਰ ਸਿੰਘ, ਡੀ.ਐਸ.ਪੀ ਜਸਪਾਲ ਸਿੰਘ, ਬੀ.ਐਸ.ਐਫ ਦੇ ਸਹਾਇਕ ਕਮਾਂਡੈਂਟ ਦਿਗਵਿਜੇ ਸਿੰਘ, ਬੀ.ਐਸ.ਐਫ ਦੇ ਇੰਸਪੈਕਟਰ ਡੀਐਸ ਰਾਓ, ਐਸ.ਐਚ ਓ ਯਾਦਵਿੰਦਰ ਸਿੰਘ, ਐਸ.ਐਚ ਓ (ਸਿਟੀ) ਮੈਡਮ ਖੁਸ਼ਬੂ ਸ਼ਰਮਾ, ਐਸ.ਐਚ.ਓ ਟਰੈਫਿਕ ਆਰ.ਡੀ.ਸਿੰਘ, ਐਸ.ਐਚ.ਓ ਸੀਏ ਸਟਾਫ ਸੁਖਰਾਜ ਸਿੰਘ ਅਤੇ ਐਸ.ਆਈ ਦਿਲਰਾਜ ਸਿੰਘ ਆਦਿ ਹਾਜਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਮੈਡਮ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਅਤੇ ਸਦਭਾਵਨਾ ਦੀ ਭਾਵਨਾ ਕਾਇਮ ਰੱਖਣ ਲਈ ਪੈਰਾ ਮਿਲਟਰੀ ਫੋਰਸ ਸਮੇਤ ਪੁਲਿਸ ਲਾਈਨ ਬਟਾਲਾ ਤੋਂ ਗਾਂਧੀ ਚੌਂਕ, ਨਹਿਰੂ ਗੇਟ ਸਮੇਤ ਬਟਾਲਾ ਸ਼ਹਿਰ ਦੇ ਵੱਖ-ਵੱਖ ਬਜਾਰਾ ਵਿੱਚ ਫਲੈਗ ਮਾਰਚ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਫਲੈਗ ਮਾਰਚ ਦਾ ਮਕਸਦ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਮਨਾਂ ਚ ਪੁਲਿਸ ਦਾ ਖੌਫ ਪੈਦਾ ਕਰਨਾ ਹੈ।
ਉਨਾਂ ਨੇ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਜਿਲ੍ਹਾ ਬਟਾਲਾ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਫਲੈਗ ਮਾਰਚ ਅਤੇ ਸਰਚ ਆਪਰੇਸ਼ਨ ਇਸੇਤਰ੍ਹਾਂ ਜਾਰੀ ਰਹਿਣਗੇ ਅਤੇ ਨਿਰਵਿਘਨ ਤੇ ਸ਼ਾਤੀਪੂਰਨ ਚੋਣ ਅਮਲ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਮਨ ਅਤੇ ਸੁਰੱਖਿਆ ਨੂੰ ਕਾਇਮ ਰੱਖਿਆਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਜ਼ਿਲ੍ਹੇ ਵਿੱਚ ਮਾਹੋਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਨੂੰ ਕਿਸੇ ਸਮਾਜ ਵਿਰੋਧੀ ਅਨਸਰ ਜਾਂ ਕਿਸੇ ਗੈਰ-ਕਾਨੂੰਨੀ ਕੰਮ ਬਾਰੇ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਜਾਂ ਪੁਲਿਸ ਹੈਲਪ ਲਾਈਨ ਨੰਬਰ 112 ਤੇ ਜਾਣਕਾਰੀ ਦੇਣ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਹਿਚਾਣ ਗੁਪਤ ਰੱਖੀ ਜਾਵੇਗੀ।
ਐਸ.ਐਸ.ਪੀ ਬਟਾਲਾ ਨੇ ਅੱਗੇ ਦੱਸਿਆ ਕਿ ਬੀਤੇ ਕੱਲ੍ਹ ਵੀ ਪੁਲਿਸ ਜ਼ਿਲਾ ਬਟਾਲਾ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਰਾਵਾਈ ਕਰਦਿਆਂ ਵਿਸੇਸ਼ ਸਰਚ ਅਭਿਆਨ ਚਲਾਇਆ ਗਿਆ ਸੀ। ਜਿਸ ਵਿੱਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ 9 ਕੇਸ ਦਰਜ ਕੀਤੇ ਗਏ। ਅੱਠ ਗਿ੍ਰਫਤਾਰੀਆਂ ਕੀਤੀਆਂ ਗਈਆਂ। 18 ਹਜ਼ਾਰ 300 ਕਿਲੋਗਰਾਮ ਲਾਹਣ ਅਤੇ 160 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਸ਼ੱਕੀ 101 ਸ਼ੱਕੀ ਵਹੀਕਲ ਚੈੱਕ ਕੀਤੇ ਗਏ।
ਐਸ.ਐਸ.ਪੀ ਬਟਾਲਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਕਰਨ ਅਤੇ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
—————————-