ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ‘ਚ ਲਿਆ ਕੰਮਾਂ ਦਾ ਜਾਇਜ਼ਾ –

ਖ਼ਬਰ ਸ਼ੇਅਰ ਕਰੋ
035612
Total views : 131859

ਮਾਨਸੂਨ ਸੀਜਨ ਦੇ ਮੱਦੇਨਜਰ ਸੰਬੰਧਤ ਅਧਿਕਾਰੀਆਂ ਨੂੰ ਜਾਰੀ ਕੰਮ ਜਲਦ ਨੇਪਰੇ ਚਾੜਨ ਦੇ ਨਿਰਦੇਸ਼

ਸੁਲਤਾਨਪੁਰ ਲੋਧੀ (ਕਪੂਰਥਲਾ), 8 ਜੂਨ – ਆਗਾਮੀ ਮਾਨਸੂਨ ਸੀਜਨ ਦੇ ਮੱਦੇਨਜਰ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਅਤੇ ਅੰਮ੍ਰਿਤਪੁਰ ਵਿਖੇ ਪਹੁੰਚ ਕੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲੈੰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਾਰੀ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਐਸ.ਡੀ. ਐਮ. ਸੁਲਤਾਨਪੁਰ ਲੋਧੀ ਅਤੇ ਹੋਰਨਾਂ ਅਧਿਕਾਰੀਆ ਸਮੇਤ ਪਿੰਡ ਆਹਲੀ ਕਲਾਂ ਵਿਖੇ ਚੱਲ ਰਹੇ ਕਾਲੀ ਵੇਈਂ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਾਏ ਜਾ ਰਹੇ ਪੱਥਰਾਂ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹੜ੍ਹ ਰੋਕੂ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਆਉਂਦੇ ਬਰਸਾਤੀ ਮੌਸਮ ਵਿੱਚ ਕੋਈ ਵੀ ਅਣਸੁਖਾਵੇਂ ਹਾਲਾਤ ਨਾ ਬਨਣ। ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਪਿਛਲੇ ਸਾਲ ਬਿਆਸ ਦਰਿਆ ਵਿਚ ਪਾਣੀ ਦੇ ਵਧੇ ਪੱਧਰ ਕਾਰਨ ਪਿੰਡ ਆਹਲੀ ਕਲਾਂ ਲਾਗੇ ਕਾਲੀ ਵੇਈਂ ‘ਚ ਪਏ ਪਾੜ ਕਾਰਨ ਖੇਤ ਪਾਣੀ ਨਾਲ ਭਰ ਗਏ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਰੇਨੇਜ ਵਿਭਾਗ ਰਾਹੀਂ ਕਾਲੀ ਵੇਈਂ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕੰਮ ਸ਼ੁਰੂ ਕਰਵਾੲਆ ਗਿਆ ਸੀ ਜਿਸ ਤਹਿਤ ਸਟੱਡ ਅਤੇ ਸਟੋਨ ਪਿਚਿੰਗ ਜਾਰੀ ਹੈ ।ਪੰਚਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਉਂਦਿਆਂ ਇਸ ਨੂੰ ਜਲਦ ਮੁਕੰਮਲ ਕੀਤਾ ਜਾਵੇ।

ਐਸ.ਡੀ. ਐਮ. ਸੁਲਤਾਨਪੁਰ ਲੋਧੀ ਨੂੰ ਇਨ੍ਹਾਂ ਕੰਮਾਂ ਦੀ ਰੈਗੂਲਰ ਨਜਰਸਾਨੀ ਕਰਨ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੰਨ੍ਹ ਦੀ ਮਜ਼ਬੂਤੀ ਦੇ ਕੰਮ ਨੂੰ ਪੂਰੀ ਤਰਜੀਹ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇ ਤਾਂ ਜੋ ਆਗਾਮੀ ਮਾਨਸੂਨ ਸੀਜਨ ਦੌਰਾਨ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਐਸ. ਡੀ. ਐਮ. ਜਸਪ੍ਰੀਤ ਸਿੰਘ, ਡਰੇਨੇਜ ਵਿਭਾਗ ਦੇ ਐਸ. ਡੀ.ਓ ਕਰਨ ਸਿੰਘ ਆਦਿ ਵੀ ਮੌਜੂਦ ਸਨ ।

ਕੈਪਸ਼ਨ : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ।