Total views : 131852
ਪੰਜਾਬ ਸਰਕਾਰ ਸਾਰੇ ਹਾਕੀ ਖਿਡਾਰੀਆਂ ਨੂੰ ਦੇਵੇਗੀ ਇੱਕ-ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ- ਧਾਲੀਵਾਲ
ਸਾਡੇ ਖਿਡਾਰੀਆਂ ਨੇ ਪੰਜਾਬ ਤੋਂ ਨਸ਼ੇ ਦਾ ਕਲੰਕ ਲਾਹਿਆ – ਈਟੀਓ
ਹਾਕੀ ਖਿਡਾਰੀਆਂ ਉੱਤੇ ਸਾਨੂੰ ਸਦਾ ਮਾਣ ਰਹੇਗਾ- ਔਜਲਾ
ਅੰਮ੍ਰਿਤਸਰ, 11 ਅਗਸਤ-( ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਓਲੰਪਿਕ ਖੇਡਾਂ ਵਿੱਚੋਂ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪੰਜਾਬ ਦੇ ਕੈਬਿਨਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਸ ਹਰਭਜਨ ਸਿੰਘ ਈਟੀਓ ਨੇ ਪੰਜਾਬ ਸਰਕਾਰ ਵੱਲੋਂ ਜੀ ਆਇਆ ਕਿਹਾ ਅਤੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਹਾਕੀ ਖਿਡਾਰੀਆਂ ਦੇ ਮਾਤਾ ਪਿਤਾ ਹਾਕੀ ਪ੍ਰੇਮੀ ਅਤੇ ਹਾਕੀ ਪੰਜਾਬ ਦੇ ਸੀਨੀਅਰ ਅਧਿਕਾਰੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸ ਧਾਲੀਵਾਲ ਨੇ ਇਸ ਮੌਕੇ ਹਾਕੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਤੁਹਾਡੀ ਜੇਤੂ ਟੀਮ ਦੇ ਹਰੇਕ ਖਿਡਾਰੀ ਨੂੰ ਇੱਕ ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰ ਚੁੱਕੇ ਹਨ ।ਉਹਨਾਂ ਕਿਹਾ ਕਿ ਸਾਨੂੰ ਤੁਹਾਡੇ ਉੱਤੇ ਮਾਣ ਹੈ, ਜਿਨਾਂ ਨੇ ਲੰਮੇ ਸਮੇਂ ਬਾਅਦ ਹਾਕੀ ਵਿੱਚ ਭਾਰਤ ਦੀ ਵਾਪਸੀ ਕਰਵਾਈ ਹੈ। ਸ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪਿੰਡ ਪੱਧਰ ਉੱਤੇ ਵਿਕਸਿਤ ਕਰਨ ਲਈ ਯਤਨ ਕਰ ਰਹੀ ਹੈ ਅਤੇ ਆਉਣ ਵਾਲਾ ਸਮਾਂ ਸਾਡੇ ਖਿਡਾਰੀਆਂ ਅਤੇ ਖੇਡਾਂ ਲਈ ਬਹੁਤ ਸੁਖਾਵਾਂ ਮਾਹੌਲ ਦੇਵੇਗਾ, ਜਿਸ ਨਾਲ ਪੰਜਾਬ ਵਿੱਚ ਵੱਡੇ ਖਿਡਾਰੀ ਪੈਦਾ ਹੋਣਗੇ। ਇਸ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਲੋਕ ਸਭਾ ਮੈਂਬਰ ਸ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਨੂੰ ਆਪਣੇ ਹਾਕੀ ਖਿਡਾਰੀਆਂ ਉੱਤੇ ਸਦਾ ਮਾਣ ਰਹੇਗਾ ਜਿਨਾਂ ਨੇ ਦੇਸ਼ ਲਈ ਮੈਡਲ ਜਿੱਤ ਕੇ ਲੰਮੇ ਸਮੇਂ ਬਾਅਦ ਹਾਕੀ ਵਿੱਚ ਸਾਡੇ ਦੇਸ਼ ਦਾ ਨਾਂ ਰੋਸ਼ਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਖਿਡਾਰੀਆਂ ਨੇ ਪੰਜਾਬ ਉੱਤੇ ਲੱਗਾ ਨਸ਼ੇ ਦਾ ਕਲੰਕ ਆਪਣੀ ਖੇਡ ਨਾਲ ਦੂਰ ਕੀਤਾ ਹੈ । ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਖੇਡਾਂ ਵਿੱਚ ਦੇਸ਼ ਦੀ ਅਗਵਾਈ ਕਰਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਰੀਤ ਜਾਰੀ ਰਹੇਗੀ, ਜਿਸ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਸਾਡਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੁੰਦਾ ਹੈ ਜਦੋਂ ਸਾਡੇ ਪੰਜਾਬ ਦੇ ਖਿਡਾਰੀ ਓਲੰਪਿਕ ਵਿੱਚ ਦੇਸ਼ ਦੀ ਤਰਜਮਾਨੀ ਕਰ ਰਹੇ ਹੁੰਦੇ ਹਨ। ਉਹਨਾਂ ਕਿਹਾ ਕਿ ਸ ਭਗਵੰਤ ਸਿੰਘ ਮਾਨ ਦੇ ਯਤਨਾਂ ਨਾਲ ਭਵਿੱਖ ਵਿੱਚ ਪੰਜਾਬ ਖੇਡਾਂ ਦੀ ਨਰਸਰੀ ਕਰਕੇ ਜਾਣਿਆ ਜਾਵੇਗਾ।
ਅੱਜ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੇ ਓਲੰਪਿਕ ਖਿਡਾਰੀਆਂ ਵਿੱਚ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ , ਸ਼ਮਸ਼ੇਰ ਸਿੰਘ ,ਮਨਦੀਪ ਸਿੰਘ, ਜਰਮਨ ਪ੍ਰੀਤ ਸਿੰਘ ਬੱਲ, ਸੁਖਜੀਤ ਸਿੰਘ ਅਤੇ ਜੁਗਰਾਜ ਸਿੰਘ ਦੇ ਨਾਮ ਵਰਨਨ ਯੋਗ ਹਨ।
ਇਸ ਮੌਕੇ ਸ੍ਰੀ ਰਜਤ ਉਬਰਾਏ ਪ੍ਰਸ਼ਾਸਕ ਏ ਡੀ ਏ , ਸਾਬਕਾ ਹਾਕੀ ਓਲੰਪੀਅਨ ਸ ਪ੍ਰਗਟ ਸਿੰਘ ਸ ਹਰਪ੍ਰੀਤ ਸਿੰਘ ਮੰਡੇਰ, ਸ੍ਰੀ ਬਲਵਿੰਦਰ ਸਿੰਘ ਸ਼ੰਮੀ, ਸ੍ਰੀ ਸੰਜੀਵ ਕੁਮਾਰ , ਸ੍ਰੀ ਜੁਗਰਾਜ ਸਿੰਘ , ਹਾਕੀ ਪੰਜਾਬ ਦੇ ਪ੍ਰਧਾਨ ਸ੍ਰੀ ਨਿਤਿਨ ਕੋਹਲੀ , ਜਨਰਲ ਸਕੱਤਰ ਸ੍ਰੀ ਅਮਰੀਕ ਸਿੰਘ ਪਵਾਰ, ਚੇਅਰਮੈਨ ਸਲਾਹਕਾਰ ਬੋਰਡ ਸ ਪ੍ਰਗਟ ਸਿੰਘ, ਖਜਾਨਚੀ ਸ੍ਰੀ ਸੰਜੀਵ ਕੁਮਾਰ, ਕਾਰਜਕਾਰੀ ਮੈਂਬਰ ਸ੍ਰੀ ਕੁਲਬੀਰ ਸਿੰਘ, ਮੈਂਬਰ ਗੁਰਮੀਤ ਸਿੰਘ, ਗੁਨਦੀਪ ਸਿੰਘ ਕਪੂਰ, ਚੇਅਰਮੈਨ ਅੰਪਾਇਰਿੰਗ ਕਮੇਟੀ ਗੁਰਿੰਦਰ ਸਿੰਘ ਸੰਘਾ, ਆਫਿਸ ਇੰਚਾਰਜ ਕੰਚਨ ਅਤੇ ਸੀਨੀਅਰ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਜੀ ਆਇਆ ਕਿਹਾ।
ਕੈਪਸ਼ਨ
ਹਵਾਈ ਅੱਡੇ ਉੱਤੇ ਪੁੱਜੇ ਹਾਕੀ ਖਿਡਾਰੀਆਂ ਨੂੰ ਜੀ ਆਇਆ ਕਹਿੰਦੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਸ ਹਰਭਜਨ ਸਿੰਘ ਈਟੀਓ ਅਤੇ ਸ ਗੁਰਜੀਤ ਸਿੰਘ ਔਜਲਾ।