29 ਵਾਂ ਹਿੰਦ–ਪਾਕਿ ਦੋਸਤੀ ਸੰਮੇਲਨ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ-

ਖ਼ਬਰ ਸ਼ੇਅਰ ਕਰੋ
035609
Total views : 131856

ਅਕਾਦਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਵਰ੍ਹੇ ਵਾਰ ‘ਪੰਜ਼–ਪਾਣੀ’ ਮੈਗਜ਼ੀਨ ਕੀਤਾ ਗਿਆ ਰੀਲੀਜ਼ –

ਅੰਮ੍ਰਿਤਸਰ, 14 ਅਗਸਤ (ਡਾ. ਮਨਜੀਤ ਸਿੰਘ, ਸਿਕੰਦਰ ਮਾਨ)–ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ , ਹਿੰਦ–ਪਾਕਿ ਦੋਸਤੀ ਮੰਚ, ਸਾਫ਼ਮਾ, ਪਾਕਿਸਤਾਨ ਇੰਡੀਆ ਪੀਪਲਜ਼ ਫ਼ਾਰ ਪੀਸ ਐਂਡ ਡੈੇਮੋਕੇ੍ਰਸੀ, ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਅੱਜ 29 ਵਾਂ ਹਿੰਦ–ਦੋਸਤੀ ਸੰਮੇਲਨ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ‘ਭਾਰਤ ਪਾਕਿਸਤਾਨ ਸਬੰਧ’ ‘ਅਮਨ ਲਈ ਇਕ ਮੌਕਾ ਦਿਓ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਤੋਂ ਪਹਿਲਾਂ ਖ਼ਾਲਸਾ ਕਾਲਜ ਅਮ੍ਰਿਤਸਰ ਦੇ ਪ੍ਰਿੰ. ਡਾ. ਮਹਿਲ ਸਿੰਘ ਨੇ ਸਭ ਦਾ ਨਿੱਘਾ ਸਵਾਗਤ ਕੀਤਾ। ਡਾ. ਮਹਿਲ ਸਿੰਘ ਨੇ ਕਿਹਾ ਕਿ ਕਿਰਤੀ ਕਿਸਾਨਾਂ, ਮਜ਼ਦੂਰਾਂ ਦਾ ਭਲਾ ਦੋਹਾਂ ਦੇਸ਼ਾਂ ਦੇ ਵਿੱਚ ਚੰਗੇ ਸਬੰਧਾਂ ਨਾਲ ਹੀ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਮਾਨਸ ਕੀ ਜਾਤਿ, ਏਕੋ ਪਹਿਚਾਨਬੋ ਦਾ ਹੋਕਾ ਦਿੱਤਾ। ਵੰਡ ਦਾ ਦੁਖਾਂਤ ਆਮ ਲੋਕਾਂ ਨੇ ਭੋਗਿਆ। ਵੰਡ–ਸਮੇਂ ਉਜੜ ਕੇ ਆਏ ਲੋਕਾਂ ਲਈ ਟੈਂਟ, ਲੰਗਰ ਦਾ ਪ੍ਰਬੰਧ ਖਾਲਸਾ ਕਾਲਜ ਨੇ ਕੀਤਾ ਸੀ। ਉਥਲ ਪੁਥਲ ਕਰਕੇ ਫ਼ੀਸਾਂ ਨਹੀਂ ਆਈਆ ਸਨ, ਪਰ ਫ਼ਿਰ ਵੀ ਲੱਖਾਂ ਰੁਪਏ ਸ਼ਰਨਾਰਥੀਆਂ ਤੇ ਖਰਚ ਕੀਤੇ। ਇਮਤਿਹਾਨ ਨਾ ਹੋ ਸਕੇ ਪਰ ਵਿਦਿਆਰਥੀਆਂ ਨੂੰ ਸੇਵਾ ਦੀਆਂ ਡਿਗਰੀਆਂ ਦੇ ਦਿੱਤੀਆ।
ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਦੋਹਾਂ ਦੇਸ਼ਾਂ ’ਚ ਨਫ਼ਰਤ ਪੈਦਾ ਕਰਨ ਵਾਲੇ ਬਹੁਤ ਲੋਕ ਹਨ ਪਰ ਵੱਡੀ ਗਿਣਤੀ ਅਮਨ ਚਾਹੁੰਦੀ ਹੈ। 1995 ’ਚ ਅਕਾਦਮੀ ਨੇ ਜੱਥਬੰਦੀ ਕਾਇਮ ਕਰਕੇ ਅਮਨ ਸ਼ਾਂਤੀ ਲਈ ਯਤਨ ਸ਼ੁਰੂ ਕਰ ਦਿੱਤੇ। ਇਮਤਿਆਜ਼ ਆਲਮ, ਵਿਨੋਦ ਸ਼ਰਮਾ, ਕੁਲਦੀਪ ਨਈਅਰ, ਰਮੇਸ਼ ਯਾਦਵ ਤੇ ਮੈਂ ਸ਼ੁਰੂ ਤੋਂ ਹੁਣ ਤੱਕ ਦੋਹਾਂ ਦੇਸ਼ਾਂ, ਸਾਰਕ ਦੇਸ਼ਾਂ ਵਿਚਕਾਰ ਅਮਨ–ਸ਼ਾਂਤੀ ਲਈ ਕੰਮ ਕਰਨਾ ਸ਼ੁਰੂ ਕੀਤਾ। ਕਈ ਹਮ ਖਿਆਲੀ ਜੱਥੇਬੰਦੀਆਂ, ਕਲਾਕਾਰਾਂ ਨੇ ਸਾਥ ਦਿੱਤਾ। ਨਵੀਂ ਸਰਕਾਰ ਦੇ ਬਣਦਿਆਂ ਹੀ ਜੰਮੂ ਕਸ਼ਮੀਰ ’ਚ ਹਿੰਸਾ ਸ਼ੁਰੂ ਹੋ ਗਈ। ਪਾਕਿ ’ਚ ਨਵੀਂ ਸਰਕਾਰ ਬਣਨ ’ਤੇ ਆਸ ਸੀ ਕਿ ਹੁਣ ਅਮਨ ਲਈ ਕੰਮ ਸ਼ੁਰੂ ਹੋਵੇਗਾ ਪਰ ਇੰਝ ਨਹੀਂ ਹੋਇਆ। ਓਲਪਿੰਕ ਰਵੱਈਏ ਨਾਲ ਸ਼ੋਸ਼ਲ ਮੀਡੀਆ ਤੇ ਦੁਵਲੇ ਮਧੁਰ ਸਬੰਧਾਂ ਦਾ ਹੜ੍ਹ ਆ ਗਿਆ। ਹਮੇਸ਼ਾ ਇਹ ਯਤਨ ਤੇ ਸਿਲਸਿਲਾ ਸਦਾ ਜਾਰੀ ਰਹੇਗਾ। ਅੱਤਵਾਦ ਵੱਖ ਵਾਦ ਦਾ ਖ਼ਾਤਮਾ ਹੋਵੇ। ਦੋੋਹਾਂ ਦੇਸ਼ਾਂ ਦੀਆਂ ਘੱਟ ਗਿਣਤੀਆਂ ਸੁਰੱਖਿਅਤ ਹੋਣ। ਘੱਟ ਗਿਣਤੀਆਂ ਸੁਰਖਿੱਅਤ ਹੋਣ। ਅਕਾਦਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਵਰ੍ਹੇ ਵਾਰ ‘ਪੰਜ਼–ਪਾਣੀ’ ਮੈਗਜ਼ੀਨ ਰੀਲੀਜ਼ ਕੀਤਾ ਗਿਆ।
ਸੀਨੀਅਰ ਪੱਤਰਕਾਰ ਵਿਨੋਦ ਸ਼ਰਮਾ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕ ਇੱਕਠੇ ਹੋਣਾ ਚਾਹੁੰਦੇ ਹਨ ਪਰ ਸਰਕਾਰਾਂ ’ਤੇ ਕੁਝ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਦੋਹਾਂ ਦੇਸ਼ਾਂ ਦੇ ਲੋਕ ਇੱਕਠੇ ਹੋਣ। ਜਿਹੜੇ ਲੋਕ ਕੋਸ਼ਿਸ਼ ਕਰਦੇ ਸਨ ਕੀ ਸ਼ਾਂਤੀ ਨਾ ਹੋਵੇ ਉਹ ਹਾਵੀ ਹੋ ਗਏ ਤੇ ਜਿਹੜੇ ਚਾਹੁੰਦੇ ਸਨ ਕਿ ਸ਼ਾਂਤੀ ਹੋਵੇ ਉਹ ਥੱਲੇ ਲੱਗ ਗਏ। ਪਿਛਲੇ ਕੁਝ ਸਾਲਾਂ ਤੋਂ ਚੋਣਾਂ ਜਿੱਤਣ ਲਈ ਪਾਕਿਸਤਾਨ ਨੂੰ ਮੁੱਦਾ ਬਣਾ ਲਿਆ ਜਾਂਦਾ ਹੈ। ਸਕੂਲਾਂ, ਕਾਲਜਾਂ, ਖੇੇਡਾਂ ਅਤੇ ਹਰ ਥਾਂ ਅਮਨ ਕਾਇਮ ਕਰਨ ਲਈ ਇਸ ਪੱਧਰ ’ਤੇ ਕੰਮ ਕਰਨਾ ਪਵੇਗਾ–ਆਮ ਰਾਏ ਬਣਾਉਣੀ ਪਵੇਗੀ। ਨਵੀਂ ਪੀੜ੍ਹੀ ਨੂੰ ਪੰਘੂੜੇ ’ਚ ਹੀ ਅਮਨ ਸ਼ਾਂਤੀ ਲਈ ਸਿੱਖਿਆ ਆਰੰਭ ਕਰਨੀ ਪਵੇਗੀ। ਉਨ੍ਹਾਂ ਨੂੰ ਸ਼ਾਂਤੀ ਲਈ ਤਿਆਰ ਕਰਨਾ ਪਵੇਗਾ।
ਹਿੰਦੀ ਸਤਯਾ ਚੈਨਲ ਦੇ ਪੱਤਰਕਾਰ ਆਸ਼ੂਤੋਸ਼ ਨੇ ਕਿਹਾ ਕਿ ਮੈਂ ਕਦੀ ਪਾਕਿਸਤਾਨ ਨਹੀਂ ਪਰ ਪਿਛਲੇ 10 ਸਾਲਾਂ ’ਚ ਮੈਨੂੰ 10 ਹਜ਼ਾਰ ਵਾਰ ਪਾਕਿਸਤਾਨੀ ਸਮਰਥਕ ਕਿਹਾ ਗਿਆ। ਵੰਡਣ ਦੀਆਂ ਗੱਲਾਂ ਕਰੋਗੇ ਤਾਂ ਸ਼ਾਂਤੀ ਕਿਵੇਂ ਹੋਵੇਗੀ। ਦੇਸ਼ ਬਹੁਤ ਵੱਡੇ ਖ਼ਤਰੇ ’ਚ ਹੈ। ਹਿੰਦੂ–ਮੁਸਲਿਮ ਕਰੋਗੇ ਤਾਂ ਦੇਸ਼ ਖ਼ਤਰੇ ’ਚ ਹੀ ਰਹੇਗਾ। ਦੋ ਅਲਗ ਅਲਗ ਕੌਮਾਂ ਦਾ ਢਿੰਡੋਰਾ, ਨਫ਼ਰਤ ਦਾ ਪ੍ਰਗਟਾਵਾ, ਨਫ਼ਰਤ ਦੀ ਫੈਕਟਰੀ ਬੰਦ ਹੋਵੇਗੀ–ਐਮਰਜੈਂਸੀ ਦੀ ਗੱਲ ਕਰਦੇ ਹਨ ਪਰ ਉਸ ਵੇਲੇ ਇਹੋ ਲੋਕ ਇੰਦਰਾ ਗਾਂਧੀ ਨੂੰ ਸਪੋਰਟ ਕਰਨ ਦੀ ਪੇਸ਼ਕਸ਼ ਕਰਦੇ ਸਨ। ਅੰਗ੍ਰੇਜ਼ ਸਰਕਾਰ ਕੋਲੋ ਵੀ ਮਾਫ਼ੀ ਮਗਣ ਵਾਲੇ ਅੱਜ ਦੇਸ਼ ਭਗਤੀ ਦੀਆਂ ਗੱਲਾਂ ਕਰਦੇ ਹਨ। ਨਫ਼ਰਤ ਫ਼ੈਲਾਉਣ ਵਾਲਿਆਂ ਦਾ ਮੁਕਾਬਲਾ ਤਕੜੇ ਹੋ ਕੇ ਕਰਨਾ ਪਵੇਗਾ। ਵੰਡ–ਪਾਊ ਸੋਚ ਨੂੰ ਕਰੜੀ ਟੱਕਰ ਦੇਣੀ ਪਵੇਗੀ। ਉਨ੍ਹਾਂ ਦੀ ਖ਼ਤਰਨਾਕ ਕੱਟੜ ਸੋਚ ਨੂੰ ਟੱਕਰ ਦੇਣੀ ਪਵੇਗੀ।
ਇੰਡੀਆ ਟੂਡੇ ਦੇ ਪੱਤਰਕਾਰ ਜਾਵੇਦ ਅਨਸਾਰੀ ਨੇ ਕਿਹਾ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਜੇਕਰ 1947 ਵਿੱਚ ਨਹੀਂ ਗਏ ਤਾਂ ਅੱਜ ਟਰੇਨ ’ਚ ਬੈਠ ਕੇ ਚੱਲੇ ਜਾਓ ਜੇੇ ਤੁਹਾਡੇ ਕੋਲ ਕਿਰਾਇਆ ਨਹੀਂ ਤਾਂ ਅਸੀਂ ਦੇ ਦੇਂਦੇ ਹਾਂ। ਦੋਹਾਂ ਦੇਸ਼ਾਂ ਦੇ ਲੋਕ ਆਪਸ ’ਚ ਮਿਲਣਗੇ ਤਾਂ ਹੀ ਆਪਸੀ ਗ਼ਲਤ ਫ਼ਹਿਮੀਆਂ ਦੂਰ ਹੋਣਗੀਆਂ। ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਵੇ–ਮੇਲ ਮਿਲਾਪ ਹੋਵੇ–ਤਾਂ ਹੀ ਇਸ ਖਿੱਤੇ ’ਚ ਸ਼ਾਂਤੀ ਹੋਵੇਗੀ। ਅੱਜ ਹੋਣ ਵਾਲੇ ਸੈਮੀਨਾਰਾਂ ਦੀ ਬਹੁਤ ਅਹਿਮੀਅਤ ਹੈ।

ਉਲਪਿੰਕ ਖੇਡਾਂ ’ਚ ਜੇਤੂ ਨੀਰਜ ਚੋਪੜਾ ਤੇ ਅਰਸ਼ਦ ਨਦੀਮ ਨੇ ਆਪਣੇ ਆਪਣੇ ਮੌਢੇ ਤੇ ਆਪਣਾ ਝੰਡਾ ਰੱਖ ਕੇ ਪਿਆਰ ਨਾਲ ਹੱਥ ਮਿਲਾਏ।

ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਵੰਡ ਦੇ ਦਰਦ ਨੂੰ ਸਿੱਖ, ਹਿੰਦੂ, ਮੁਸਲਮਾਨ ਅੱਜ ਵੀ ਨਹੀਂ ਭੁੱਲੇ।

ਆਗਾਜ਼–ਏ–ਦੋਸਤੀ ਦੇ ਆਗੂ ਰਾਮ ਮੋਹਨ ਰਾਏ ਨੇ ਕਿਹਾ ਕਿ ਅਸੀਂ 12 ਪ੍ਰਦੇਸ਼ਾਂ ਤੋਂ ਹੁੰਦੇ ਹੋਏ ਆਗਾਜ਼–ਏ–ਦੋਸਤੀ ਦਾ ਕਾਫ਼ਲਾ ਲੈ ਕੇ ਚੱਲ ਰਹੇ ਹਾਂ। ਹਰ ਪ੍ਰਦੇਸ਼ ਵਿੱਚ ਲੋਕਾਂ ਨੇ ਭਰਪੂਰ ਸਵਾਗਤ ਕੀਤਾ ਹੈ।
ਅੰਤ ਸਮਾਗਮ ਵਿੱਚ ਪਹੁੰਚੇ ਸਮੂਹ ਜੱਥੇਬੰਦੀਆਂ ਦਾ ਧੰਨਵਾਦ ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕੀਤਾ ਅਤੇ ਅਕਾਦਮੀ ਦੇ ਹਰ ਸਾਲ ਕਰਵਾਏ ਗਏ ਸਮਾਗਮਾਂ ਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ।
ਸਮਾਗਮ ਦਾ ਐਲਾਨਨਾਮਾ ਫ਼ੋਕਲੋਰ ਰਿਸਰਚ ਅਕਾਦਮੀ ਦੀ ਸਕੱਤਰ ਕਮਲ ਗਿੱਲ ਨੇ ਪੜ੍ਹ ਕੇ ਸੁਣਾਇਆ। ਮੰਚ–ਸੰਚਾਲਕ ਦੀ ਭੂਮਿਕਾ ਸ਼ਾਇਰ ਸੁਰਜੀਤ ਜੱਜ ਨੇ ਬਾਖੂਬੀ ਨਿਭਾਈ। ਸੈਮੀਨਾਰ ਤੋਂ ਬਾਅਦ ਪੰਜਾਬ ਨਾਟਸ਼ਾਲਾ ਵਿਖੇ ਸੰਸਾਰ ਪ੍ਰਸਿੱਧ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਅਤੇ ਹਿੰਦ–ਪਾਕਿ ਦੋਸਤੀ ਦਾ ਪੈਗਾਮ ਦੇਣ ਲਈ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਯਾਕੂਬ ਗਿੱਲ ਅਤੇ ਮਨਰਾਜ ਪਾਤਰ ਨੇ ਆਪਣੇ ਆਪਣੇ ਗੀਤ ਪੇਸ਼ ਕੀਤੇ।
ਇਸ ਮੌਕੇ ਦਿਲਬਾਗ ਸਿੰਘ ਸਰਕਾਰੀਆ, ਕਰਮਜੀਤ ਕੌਰ ਜੱਸਲ, ਜਸਵੰਤ ਰੰਧਾਵਾ, ਹਰਜੀਤ ਸਿੰਘ ਸਰਕਾਰੀਆ, ਹਰੀਸ਼ ਸਾਬਰੀ, ਧਰਵਿੰਦਰ ਔਲਖ, ਭੂਪਿੰਦਰ ਸਿੰਘ ਸੰਧੂ, ਐਸ ਪ੍ਰਸ਼ੋਤਮ, ਪੀ. ਐਲ. ਉਨਆਲ, ਅਸ਼ੋਕ ਜੋਸ਼ੀ, ਓਂਕਾਰ ਸਿੰਘ ਰਾਜਾਤਾਲ, ਜਗਰੂਪ ਸਿੰਘ ਐਮਾ, ਗੁਰਜਿੰਦਰ ਬਘਿਆੜੀ, ਗੋਬਿੰਦ ਕੁਮਾਰ, ਡਾ. ਹੀਰਾ ਸਿੰਘ, ਮਨਜੀਤ ਸਿੰਘ ਧਾਲੀਵਾਲ, ਦਸਵਿੰਦਰ ਕੌਰ, ਅਮਰਜੀਤ ਸਿੰਘ ਆਸਲ, ਕਿਰਤੀ ਕਿਸਾਨ ਯੂਨੀਅਨ ਰਮਿੰਦਰ ਸਿੰਘ ਪਟਿਆਲਾ ਅਤੇ ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਧਨਵੰਤ ਸਿੰਘ ਖ਼ਤਰਾਏ ਕਲਾ, ਜਮਹੂਰੀ ਕਿਸਾਨ ਸਭਾ ਸਤਨਾਮ ਸਿੰਘ ਅਜਨਾਲਾ, ਪੰਜਾਬ ਕਿਸਾਨ ਯੂਨੀਅਨ ਬਲਬੀਰ ਮੂਧਲ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਉਮਰਾਜ ਸਿੰਘ ਧਰਦਿਊ ਆਦਿ ਵੱਡੀ ਗਿਣਤੀ ਵਿੱਚ ਅਮਨ ਪਸੰਦ ਲੋਕਾਂ ਨੇ ਸ਼ਿਰਕਤ ਕੀਤੀ।