




Total views : 152048







20 ਅਗਸਤ ਨੂੰ ਜਲੰਧਰ ਵਿੱਚ ਮਹਾਂਰੈਲੀ-
ਅੰਮ੍ਰਿਤਸਰ, 11 ਅਗਸਤ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲੈਂਡ ਪੂਲਿੰਗ ਨੀਤੀ ਖਿਲਾਫ ਲਾਮਬੰਦੀ ਦੀ ਕਵਾਇਦ ਤਹਿਤ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਹੇਠ ਮੋਟਸਾਈਕਲ ਮਾਰਚ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਖ ਵੱਖ ਜਿਲ੍ਹਿਆਂ ਵਿੱਚ ਹਜ਼ਾਰਾਂ ਮੋਟਸਾਈਕਲ ਸੜਕਾਂ ਤੇ ਉਤਰੇ, ਇਸ ਗੱਲ ਦੀ ਜਾਣਕਾਰੀ ਜਥੇਬੰਦੀ ਦੇ ਸੂਬਾ ਆਗੂ ਵੱਲੋਂ ਸਰਵਣ ਸਿੰਘ ਪੰਧੇਰ ਅਤੇ ਸਤਨਾਮ ਸਿੰਘ ਪੰਨੂ ਨੇ ਮੀਡੀਆ ਨਾਲ ਗੱਲ ਕਰਦੇ ਦਿੱਤੀ। ਉਹਨਾਂ ਕਿਹਾ ਕਿ ਇਸ ਨੀਤੀ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਲਗਾਤਾਰ ਬਜ਼ਿਦ ਬਣੀ ਹੋਈ ਹੈ ਪਰ ਅੱਜ ਦੇ ਲੱਖਾਂ ਲੋਕਾਂ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਵਿੱਚ ਇਸ ਨੀਤੀ ਸਬੰਧੀ ਕਿੰਨੀ ਵਿਰੋਧਤਾ ਹੈ, ਸੋ ਭਗਵੰਤ ਮਾਨ ਸਰਕਾਰ ਜਿੰਨੀ ਜਲਦੀ ਇਸ ਨੀਤੀ ਨੂੰ ਰੱਦ ਕਰਕੇ ਇਸ ਮਸਲੇ ਨੂੰ ਹੱਲ ਕਰੇਗੀ ਓਨਾਂ ਚੰਗਾ ਰਹੇਗਾ। ਉਹਨਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਦੀਆਂ ਜੱਥੇਬੰਦੀਆਂ ਵੱਲੋਂ ਪਿੰਡ ਪਿੰਡ ਤੇ ਗਲੀ ਗਲੀ ਵਿਚ ਜਾ ਕੇ ਲੋਕਾਂ ਨੂੰ ਇਹ ਵਿਸ਼ਵਾਸ ਦੁਆਇਆ ਕਿ ਸਰਕਾਰ ਵੱਲੋਂ ਆਉਣ ਵਾਲੇ ਕਿਸੇ ਵੀ ਦਬਾਅ ਜਾਂ ਲਾਲਚ ਵਿੱਚ ਆ ਕੇ ਇਸ ਜਮੀਨ ਉਜਾੜੂ, ਪਿੰਡ ਉਜਾੜੂ, ਪੰਜਾਬ ਉਜਾੜੂ ਨੀਤੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ। ਉਹਨਾਂ ਕਿਹਾ ਕਿ 20 ਅਗਸਤ ਨੂੰ ਜਲੰਧਰ ਦੇ ਕੁੱਕੜ ਪਿੰਡ ਵਿੱਚ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇਸ ਨੀਤੀ ਖਿਲਾਫ ਮਹਾਂਰੈਲੀ ਕੀਤੀ ਜਾਵੇਗੀ ਜਿਸ ਵਿੱਚ ਉਹਨਾਂ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਭਵਿੱਖ ਦੀ ਲੜਾਈ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਦੇ ਲਗਭਗ 15 ਜਿਲ੍ਹਿਆਂ ਵਿੱਚ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਐਕਸ਼ਨ ਲਾਗੂ ਕੀਤੇ ਗਏ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਅਗਰ ਸਰਕਾਰ ਇਹ ਨੀਤੀ ਵਾਪਸ ਨਹੀਂ ਲੈਂਦੀ ਤਾਂ ਵੱਡੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਜਿਲ੍ਹਿਆਂ ਵਿੱਚ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਰਣਜੀਤ ਸਿੰਘ ਕਲੇਰ ਬਾਲਾ, ਹਰਵਿੰਦਰ ਸਿੰਘ ਮਸਾਣੀਆਂ, ਸਤਨਾਮ ਸਿੰਘ ਮਾਨੋਚਾਹਲ, ਜਰਮਨਜੀਤ ਸਿੰਘ ਬੰਡਾਲਾ, ਗੁਰਬਚਨ ਸਿੰਘ ਚੱਬਾ, ਹਰਜਿੰਦਰ ਸਿੰਘ ਸ਼ਕਰੀ, ਪਰਮਜੀਤ ਸਿੰਘ ਭੁੱਲਾ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਸਲਵਿੰਦਰ ਸਿੰਘ ਜਾਣੀਆਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਹਾਜ਼ਿਰ ਰਹੇ।






